HOME » NEWS » World

ਭਾਰਤ –ਪਾਕਿਸਤਾਨ ਬਾਸਮਤੀ ਚੌਲਾਂ ਦੇ ਮਾਲਕਾਨਾ ਹੱਕ ਨੂੰ ਸਾਂਝਾ ਕਰਨ ਲਈ ਹੋਏ ਸਹਿਮਤ

News18 Punjabi | Trending Desk
Updated: June 21, 2021, 1:24 PM IST
share image
ਭਾਰਤ –ਪਾਕਿਸਤਾਨ ਬਾਸਮਤੀ ਚੌਲਾਂ ਦੇ ਮਾਲਕਾਨਾ ਹੱਕ ਨੂੰ ਸਾਂਝਾ ਕਰਨ ਲਈ ਹੋਏ ਸਹਿਮਤ
ਭਾਰਤ –ਪਾਕਿਸਤਾਨ ਬਾਸਮਤੀ ਚੌਲਾਂ ਦੇ ਮਾਲਕਾਨਾ ਹੱਕ ਨੂੰ ਸਾਂਝਾ ਕਰਨ ਲਈ ਹੋਏ ਸਹਿਮਤ

ਸਰਹੱਦ ਦੇ ਦੋਵੇ ਪਾਸੇ ਉਗਾਏ ਜਾਣ ਕਰਕੇ ਇਸਦੇ ਮਾਲਕਾਨਾ ਹੱਕ ਨੂੰ ਸਾਂਝਾ ਕਰਨਾ ਹੀ ਫਾਇਦੇ ਦਾ ਸੌਦਾ ਹੋਵੇਗਾ।

  • Share this:
  • Facebook share img
  • Twitter share img
  • Linkedin share img
ਭਾਰਤ ਤੇ ਪਾਕਿਸਤਾਨ ਵਿਚਾਲੇ ਹਮੇਸ਼ਾਂ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਬਹਿਸ ਚਲਦੀ ਰਹਿੰਦੀ ਹੈ । ਇਸ ਵਾਰ ਇਹ ਬਹਿਸ ਬਾਸਮਤੀ ਚੌਲਾਂ ਨੂੰ ਲੈ ਕੇ ਹੈ। ਬਾਸਮਤੀ ਚੌਲਾਂ ਨੂੰ ਲੈ ਕੇ ਅਕਸਰ ਭਾਰਤ ਤੇ ਪਾਕਿਸਤਾਨ ਨੂੰ ਆਪਸ ਵਿੱਚ ਉਲਝਦੇ ਹੋਇਆ ਦੇਖਿਆ ਜਾ ਸਕਦਾ ਹੈ। ਇਸਨੂੰ ਲੈ ਕੇ ਦੋਵਾਂ ਦੇਸ਼ਾਂ ਦੀ ਲੜਾਈ ਦਾ ਇਤਿਹਾਸ ਬਹੁਤ ਲੰਬਾ ਰਿਹਾ ਹੈ ਕਿਉਕਿ ਚੌਲਾਂ ਦੀ ਇਹ ਕਿਸਮ ਬਾਰਡਰ ਦੇ ਦੋਵੇ ਪਾਸੇ ਤੇ ਪਾਈ ਜਾਂਦੀ ਹੈ। ਦੋਵੇ ਦੇਸ਼ ਚੌਲਾਂ ਦੀ ਇਸ ਕਿਸਮ ਦਾ ਇਤਿਹਾਸ ਆਪਣੇ ਦੇਸ਼ ਨਾਲ਼ ਜੁੜਿਆ ਹੋਣ ਦਾ ਦਾਅਵਾ ਕਰਦੇ ਹਨ।

ਇਸੇ ਮੁੱਦੇ ਨੂੰ ਲੈ ਕੇ ਪਿਛਲੇ ਦਿਨੀਂ ਭਾਰਤ ਨੇ ਯੂਰਪੀਅਨ ਯੂਨੀਅਨ ਤੋਂ ਜੀਆਈ ਟੈਗ ਦੀ ਮੰਗ ਕੀਤੀ ਸੀ ਪਰ ਇਸ ਗੱਲ ਦਾ ਵਿਰੋਧ ਕਰਦਿਆਂ ਪਾਕਿਸਤਾਨ ਨੇ ਵੀ ਯੂਰੀਪਅਨ ਯੂਨੀਅਨ ਵਿੱਚ ਬਾਸਮਤੀ ਚੌਲਾਂ ਦੇ ਮਾਲਕਾਨਾ ਹੱਕ ਨੂੰ ਲੈ ਕੇ ਅਰਜੀ ਦਾਇਰ ਕੀਤੀ ਸੀ। ਹਾਲਾਂਕਿ ਦੋਵਾਂ ਦੇਸ਼ਾਂ ਕੋਲ਼ ਇਸ ਦੇ ਮਾਲਕਾਨਾ ਹੱਕ ਨੂੰ ਲੈ ਕੇ ਕੌਈ ਪੁਖਤਾ ਤਰਕ ਨਹੀਂ ਹੈ। ਪਰ ਹੁਣ ਦੋਵਾਂ ਦੇਸ਼ਾਂ ਦੇ ਬਰਾਮਦਕਰਤਾਵਾਂ ਦਾ ਕਹਿਣਾ ਹੈ ਕਿ ਸਰਹੱਦ ਦੇ ਦੋਵੇ ਪਾਸੇ ਉਗਾਏ ਜਾਣ ਕਰਕੇ ਇਸਦੇ ਮਾਲਕਾਨਾ ਹੱਕ ਨੂੰ ਸਾਂਝਾ ਕਰਨਾ ਹੀ ਫਾਇਦੇ ਦਾ ਸੌਦਾ ਹੋਵੇਗਾ।

ਯੂਰਪੀਅਨ ਯੂਨੀਅਨ ਨੇ ਵੀ ਦੋਵਾਂ ਦੇਸ਼ਾਂ ਨੂੰ ਚੌਲਾਂ ਦੇ ਮਾਲਕਾਨਾ ਹੱਕ ਨੂੰ ਸਾਂਝਾ ਕਰਨ ਨੂੰ ਤਰਜੀਹ ਦਿੱਤੀ ਹੈ । ਭਾਰਤ ਵਿਚ ਪੰਜਾਬ ਰਾਈਸ ਮਿੱਲਰਜ਼ ਐਕਸਪੋਰਟ ਐਸੋਸੀਏਸ਼ਨ ਦੇ ਡਾਇਰੈਕਟਰ ਅਸ਼ੋਕ ਸੇਠੀ ਨੇ ਇਸ ਗੱਲ ਦੀ ਹਮਾਇਤ ਕੀਤੀ ਹੈ ਤੇ ਉਨ੍ਹਾਂ ਨੇ ਇਹ ਵੀ ਸੁਝਾਅ ਦਿੱਤਾ ਹੈ ਕਿ ਦੋਵੇਂ ਦੇਸ਼ਾਂ ਨੂੰ ਸਾਂਝੇ ਤੌਰ 'ਤੇ ਬਾਸਮਤੀ ਚੌਲਾਂ ਦੀ ਵਿਰਾਸਤ ਦੀ ਰੱਖਿਆ ਕਰਨੀ ਚਾਹੀਦੀ ਹੈ।
ਸੇਠੀ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਦੋ ਅਜਿਹੇ ਦੇਸ਼ ਹਨ ਜੋ ਬਾਸਮਤੀ ਚੌਲਾਂ ਦਾ ਉਤਪਾਦਨ ਕਰਦੇ ਹਨ ਤੇ ਦੋਵਾਂ ਦੇਸ਼ਾਂ ਨੂੰ ਮਿਲ ਕੇ ਇਸਦਾ ਵਪਾਰ ਕਰਨਾ ਚਾਹੀਦਾ ਹੈ । ਇੱਥੇ ਇਹ ਜਿਕਰਯੋਗ ਹੈ ਕਿ ਈਯੂ ਨੇ 2006 ਵਿੱਚ ਬਾਸਮਤੀ ਨੂੰ ਭਾਰਤ ਅਤੇ ਪਾਕਿਸਤਾਨ ਦੇ ਸਾਂਝੇ ਉਤਪਾਦ ਵਜੋਂ ਮਾਨਤਾ ਦਿੱਤੀ ਸੀ।

ਜੇਕਰ ਵਪਾਰ ਦੀ ਗੱਲ਼ ਕਰੀਏ ਤਾਂ ਭਾਰਤ ਤੇ ਪਾਕਿਸਤਾਨ ਦੋਵੇਂ ਬਾਸਮਤੀ ਚੌਲਾਂ ਦੇ ਨਿਰਯਾਤ ਤੋਂ ਚੰਗੀ ਕਮਾਈ ਕਰ ਰਹੇ ਹਨ । ਬਾਸਮਤੀ ਚੌਲਾਂ ਤੋਂ ਪਾਕਿਸਤਾਨ 2.2 ਮਿਲੀਅਨ ਡਾਲਰ ਦੀ ਕਮਾਈ ਕਰਦਾ ਹੈ ਤੇ ਭਾਰਤ ਬਾਸਮਤੀ ਚਾਵਲ ਤੋਂ ਲਗਭਗ 6.8 ਡਾਲਰ ਦੀ ਕਮਾਈ ਕਰਦਾ ਹੈ ।

ਭਾਰਤ ਤੇ ਪਾਕਿਸਤਾਨ ਜਿਸ ਬਾਸਮਤੀ ਚੌਲਾਂ ਦੇ ਮਾਲਕਾਨਾ ਹੱਕ ਦਾ ਦਾਅਵਾ ਕਰਦੇ ਹਨ ਅਸਲ ਵਿੱਚ ਉਸਦਾ ਮੂਲ ਸਥਾਨ ਪੂਰਬੀ ਤੇ ਪੱਛਮੀ ਪੰਜਾਬ ਹੈ ਜੋ 1947 ਦੀ ਵੰਡ ਵੇਲ਼ੇ ਭਾਰਤ-ਪਾਕਿਸਤਾਨ ਵਿੱਚ ਵੰਡਿਆ ਗਿਆ ਸੀ । ਪਾਕਿਸਤਾਨੀ ਬਰਾਮਦਕਾਰ ਗੌਰੀ ਨੇ ਇਸ ਬਾਰੇ ਬੋਲਦਿਆਂ ਕਿਹਾ ਕਿ ਬਾਸਮਤੀ ਦਾ ਦਰਜਾ ਪਹਿਲੀ ਵਾਰ 1933 ਵਿਚ ਬ੍ਰਿਟਿਸ਼ ਬਸਤੀਵਾਦੀ ਰਾਜ ਦੌਰਾਨ ਰਜਿਸਟਰ ਹੋਇਆ ਸੀ, ਜਿਸਨੇ ਪਾਕਿਸਤਾਨ ਦੇ ਪੰਜਾਬ ਦੇ ਕਸਬੇ ਕਾਲਾ ਸ਼ਾਹ ਕਾਕੂ ਨੂੰ ਆਪਣਾ ਮੂਲ ਮੰਨਿਆ ਸੀ।

ਹਾਲਾਂਕਿ ਕੁਝ ਲੋਕ ਬਾਸਮਤੀ ਚੌਲਾਂ ਦੇ ਇਤਿਹਾਸ ਨੂੰ ਪੰਜਾਬ ਦੇ ਪ੍ਰਸਿੱਧ ਸੂਫੀ ਕਵੀ ਵਾਰਿਸ਼ ਸ਼ਾਹ ਦੀ ਰਚਨਾ ਹੀਰ-ਰਾਂਝਾ ਨਾਲ਼ ਜੋੜਦੇ ਹਨ ਕਿਉਕਿ ਉਹਨਾਂ ਦਾ ਮੰਨਣਾ ਹੈ ਕਿ ਵਾਰਿਸ਼ ਸ਼ਾਹ ਦੀ ਰਚਨਾ ਵਿੱਚ ਪਹਿਲੀ ਬਾਰ ਲਿਖਤੀ ਤੌਰ ਤੇ ਬਾਸਮਤੀ ਚੌਲਾਂ ਦਾ ਜਿਕਰ ਮਿਲਦਾ ਹੈ।

ਬਾਸਮਤੀ ਦੇ ਇਤਿਹਾਸ ਨੂੰ ਲੈ ਕੇ ਦੋਵਾਂ ਦੇਸ਼ਾਂ ਦੇ ਆਪਣੇ-ਆਪਣੇ ਤਰਕ ਹਨ ਪਰ ਦੋਵੇਂ ਦੇਸ਼ਾਂ ਦੇ ਬਰਾਮਦਕਾਰਾਂ ਦਾ ਕਹਿਣਾ ਹੈ ਕਿ ਇਸਦਾ ਸਾਂਝਾ ਮਾਲਕਾਨਾ ਹੱਕ ਹੀ ਇਸ ਵੇਲ਼ੇ ਦੋਵਾਂ ਦੇਸ਼ਾਂ ਲਈ ਫਾਇਦੇ ਦਾ ਸੌਦਾ ਹੈ।
Published by: Anuradha Shukla
First published: June 15, 2021, 1:18 PM IST
ਹੋਰ ਪੜ੍ਹੋ
ਅਗਲੀ ਖ਼ਬਰ