ਭਾਰਤੀ ਮੂਲ ਦੀ ਮਿੱਲਰ ਨੇ ਮੈਰੀਲੈਂਡ ਤੋਂ ਪਰਚਾ ਭਰਿਆ
ਵਾਸ਼ਿੰਗਟਨ: ਸੈਨੇਟਰ ਕਮਲਾ ਹੈਰਿਸ ਤੋਂ ਬਾਅਦ ਅਮਰੀਕਾ ਦੀ ਸਿਆਸਤ ਦੇ ਮੈਦਾਨ ਵਿੱਚ ਭਾਰਤੀ ਮੂਲ ਦੀ ਇੱਕ ਹੋਰ ਸਿਆਸਤਦਾਨ ਆਪਣੀ ਕਿਸਮਤ ਅਜ਼ਮਾਉਣ ਲਈ ਤਿਆਰ ਹੈ। ਭਾਰਤੀ ਮੂਲ ਦੀ ਅਮਰੀਕੀ ਸਿਆਸਤਦਾਨ ਅਰੁਣਾ ਮਿੱਲਰ ਨੇ ਮੈਰੀਲੈਂਡ ਤੋਂ ਅਮਰੀਕੀ ਕਾਂਗਰਸ ਦੀ ਮੈਂਬਰਸ਼ਿਪ ਲਈ ਉਮੀਦਵਾਰ ਵਜੋਂ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ ਹਨ। ਅਰੁਣਾ ਨੇ ਮੈਰੀਲੈਂਡ ਦੇ 6ਵੇਂ ਕਾਂਗਰੈਸ਼ਨਲ ਡਿਸਟ੍ਰਿਕਟ ਲਈ ਕਾਂਗਰਸ ਮੈਂਬਰਸ਼ਿਪ ਨੂੰ ਲੈ ਕੇ ਰਸਮੀ ਤੌਰ 'ਤੇ ਆਪਣੀ ਉਮੀਦਵਾਰੀ ਦਾ ਪ੍ਰਮਾਣ ਪੱਤਰ ਦਾਇਰ ਕੀਤਾ ਜਿਸ ਲਈ ਚੋਣਾਂ 26 ਜੂਨ ਨੂੰ ਹੋਣੀਆਂ ਹਨ।
53 ਸਾਲ ਦੀ ਅਰੁਣਾ ਮਿੱਲਰ ਮੌਜੂਦਾ ਸਮੇਂ ਵਿੱਚ ਮੈਰੀਲੈਂਡ ਹਾਊਸ ਆਫ਼ ਡੈਲੀਗੇਟਸ ਦੀ ਮੈਂਬਰ ਹੈ। ਸਾਲ 2010 ਵਿੱਚ ਉਹ ਪਹਿਲੀ ਵਾਰ ਇਸ ਲਈ ਚੁਣੀ ਗਈ ਸੀ। ਮੈਰੀਲੈਂਡ ਤੋਂ ਕਾਗਜ਼ ਦਾਖ਼ਲ ਕਰਨ ਮਗਰੋਂ ਮਿੱਲਰ ਨੇ ਕਿਹਾ ਕਿ ਇੱਕ ਪ੍ਰਵਾਸੀ ਭਾਰਤੀ ਵਜੋਂ ਮੈਨੂੰ ਅਮਰੀਕਾ ਵਿੱਚ ਤਰੱਕੀ ਲਈ ਸ਼ਾਨਦਾਰ ਮੌਕੇ ਮਿਲੇ। ਮਿੱਲਰ ਨੇ ਕਿਹਾ ਕਿ ਇਹ ਮੇਰੀ ਜ਼ਿੰਦਗੀ ਦੇ ਮਾਣ ਅਤੇ ਖੁਸ਼ੀ ਭਰੇ ਪਲ ਹਨ। ਕਾਗਜ਼ ਦਾਖ਼ਲ ਕਰਨ ਵੇਲੇ ਅਰੁਣਾ ਮਿੱਲਰ ਦਾ ਪਰਿਵਾਰ ਵੀ ਉਸ ਨਾਲ ਮੌਜੂਦ ਸੀ। ਅਰੁਣਾ ਮਿੱਲਰ ਨੇ ਕਿਹਾ ਕਿ ਜੇ ਮੈਂ ਜਿੱਤ ਜਾਂਦੀ ਹਾਂ ਤਾਂ ਮੈਂ ਅਮਰੀਕਾ ਵਾਸੀਆਂ ਅਤੇ ਦੇਸ਼ ਦੀਆਂ ਉਮੀਦਾਂ 'ਤੇ ਖ਼ਰਾ ਉਤਰਾਂਗੀ। ਮਹਿਜ਼ 7 ਸਾਲ ਦੀ ਉਮਰ ਵਿੱਚ ਅਰੁਣਾ ਮਿੱਲਰ ਆਪਣੇ ਮਾਂ-ਪਿਉ ਨਾਲ ਅਮਰੀਕਾ ਆਈ ਸੀ। ਅਮਰੀਕਾ ਦੀ ਸਿਆਸਤ ਵਿੱਚ ਮਿੱਲਰ ਦੀ ਰੁਚੀ ਸਾਲ 2000 ਵਿੱਚ ਜਾਰਜ ਡਬਲਿਊ ਬੁਸ਼ ਦੀ ਚੋਣ ਦੌਰਾਨ ਹੋਈ ਸੀ। ਜਦੋਂ ਦੇਸ਼ ਦੀ ਕਿਸਮਤ ਨੂੰ ਵੋਟਰਾਂ ਨੇ ਨਹੀਂ, ਸਗੋਂ ਸੁਪਰੀਮ ਕੋਰਟ ਨੇ ਤੈਅ ਕੀਤਾ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Congress, US, Washington