ਯੇਤੀ ਏਅਰਲਾਈਨਜ਼ ਦਾ ਜਹਾਜ਼ ATR-72 (Yeti Airlines Plane Crash) ਨੇਪਾਲ ਦੇ ਪੋਖਰਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਨ ਤੋਂ 10 ਸਕਿੰਟ ਪਹਿਲਾਂ ਹਾਦਸਾਗ੍ਰਸਤ ਹੋ ਗਿਆ। ਕਾਠਮੰਡੂ ਤੋਂ ਪੋਖਰਾ ਜਾ ਰਹੀ ਇਸ ਫਲਾਈਟ 'ਚ ਚਾਲਕ ਦਲ ਦੇ 4 ਮੈਂਬਰਾਂ ਅਤੇ 5 ਭਾਰਤੀਆਂ ਸਮੇਤ ਕੁੱਲ 72 ਯਾਤਰੀ ਸਵਾਰ ਸਨ।
ਇਸ ਜਹਾਜ਼ ਹਾਦਸੇ ਵਿੱਚ ਸਾਰੇ ਯਾਤਰੀਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ, ਹੁਣ ਤੱਕ 68 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਮੁੱਖ ਪਾਇਲਟ ਕਮਲ ਕੇਸੀ (Kamal KC) ਅਤੇ ਉਨ੍ਹਾਂ ਦੀ ਕੋ-ਪਾਇਲਟ ਅੰਜੂ ਖਤੀਵਡਾ (Anju Khativada) ਇਸ ਜਹਾਜ਼ ਨੂੰ ਉਡਾ ਰਹੇ ਸਨ।
ਕਮਲ ਕੇਸੀ ਕੋਲ ਏਅਰਕ੍ਰਾਫਟ ਪਾਇਲਟਿੰਗ ਦਾ 35 ਸਾਲ ਦਾ ਤਜਰਬਾ ਸੀ। ਕਮਲ ਕੇਸੀ ਨੇ ਹਵਾਬਾਜ਼ੀ ਖੇਤਰ ਵਿੱਚ ਆਪਣੇ ਕਰੀਅਰ ਦੌਰਾਨ ਕਈ ਪਾਇਲਟਾਂ ਨੂੰ ਸਿਖਲਾਈ ਦਿੱਤੀ ਸੀ।
ਯੇਤੀ ਏਅਰਲਾਈਨਜ਼ ਦੇ ਏਟੀਆਰ-72 ਜਹਾਜ਼ ਦੀ ਕੋ-ਪਾਇਲਟ ਅੰਜੂ ਦੀ ਕਹਾਣੀ ਬਹੁਤ ਭਾਵੁਕ ਕਰਨ ਵਾਲੀ ਹੈ। ਕੋ-ਪਾਇਲਟ ਵਜੋਂ ਅੰਜੂ ਦੀ ਇਹ ਆਖਰੀ ਉਡਾਣ ਸੀ। ਇਸ ਜਹਾਜ਼ ਦੀ ਸਫਲ ਲੈਂਡਿੰਗ ਤੋਂ ਬਾਅਦ ਉਸ ਨੂੰ ਪ੍ਰਮੋਟ ਕੀਤਾ ਜਾਣਾ ਸੀ।
ਉਹ ਕੋ-ਪਾਇਲਟ ਤੋਂ ਕੈਪਟਨ ਬਣਨ ਵਾਲੀ ਸੀ। ਮਤਲਬ ਚੀਫ਼ ਪਾਇਲਟ, ਜਿਸ ਲਈ ਘੱਟੋ-ਘੱਟ 100 ਘੰਟੇ ਦੀ ਉਡਾਣ ਦਾ ਤਜ਼ਰਬਾ ਜ਼ਰੂਰੀ ਹੈ।ਅੰਜੂ ਨੇ ਇਸ ਤੋਂ ਪਹਿਲਾਂ ਨੇਪਾਲ ਦੇ ਲਗਭਗ ਸਾਰੇ ਹਵਾਈ ਅੱਡਿਆਂ 'ਤੇ ਜਹਾਜ਼ ਨੂੰ ਸਫਲਤਾਪੂਰਵਕ ਉਤਾਰਿਆ ਸੀ। ਨੇਪਾਲੀ ਮੀਡੀਆ ਮੁਤਾਬਕ ਕਾਠਮੰਡੂ ਦੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਪੋਖਰਾ ਲਈ ਉਡਾਣ ਭਰਦੇ ਸਮੇਂ ਏਟੀਆਰ-72 ਜਹਾਜ਼ ਦੇ ਕੈਪਟਨ ਕਮਲ ਕੇਸੀ ਨੇ ਮੁੱਖ ਪਾਇਲਟ ਦੀ ਸੀਟ ਅੰਜੂ ਨੂੰ ਸੌਂਪ ਦਿੱਤੀ। ਪਰ ਉਸ ਦੇ ਸੁਪਨੇ ਅਤੇ ਇੱਛਾਵਾਂ ਧੂੰਏਂ ਵਿੱਚ ਉੱਡ ਗਈਆਂ। ਦੱਸਿਆ ਜਾ ਰਿਹਾ ਹੈ ਕਿ ਅੰਜੂ ਦੇ ਪਤੀ ਦੀ ਵੀ ਹਵਾਈ ਹਾਦਸੇ ਵਿਚ ਮੌਤ ਹੋ ਚੁੱਕੀ ਹੈ।
ਏਅਰਪੋਰਟ ਅਥਾਰਟੀ ਵੱਲੋਂ ਕਿਹਾ ਗਿਆ ਹੈ ਕਿ ਇਹ ਹਾਦਸਾ ਤਕਨੀਕੀ ਨੁਕਸ ਕਾਰਨ ਵਾਪਰਿਆ ਹੈ। ਇਹ ਜਹਾਜ਼ ਫਰਾਂਸੀਸੀ-ਇਟਾਲੀਅਨ ਕੰਪਨੀ ATR ਦਾ ਸੀ। ਇਹ ਕੰਪਨੀ ਖੇਤਰੀ ਜਹਾਜ਼ ਬਣਾਉਣ ਲਈ ਮਸ਼ਹੂਰ ਹੈ ਅਤੇ ਇਸ ਦਾ ਟਰੈਕ ਰਿਕਾਰਡ ਬਹੁਤ ਵਧੀਆ ਰਿਹਾ ਹੈ। ਏਟੀਆਰ ਕੰਪਨੀ ਨੇ ਇਕ ਬਿਆਨ 'ਚ ਕਿਹਾ ਹੈ ਕਿ ਉਹ ਆਪਣੇ ਪੱਧਰ 'ਤੇ ਇਸ ਘਟਨਾ ਦੀ ਜਾਂਚ ਕਰੇਗੀ ਅਤੇ ਪਤਾ ਲਗਾਵੇਗੀ ਕਿ ਜਹਾਜ਼ ਤਕਨੀਕੀ ਖਰਾਬੀ ਕਾਰਨ ਹਾਦਸਾਗ੍ਰਸਤ ਹੋਇਆ ਜਾਂ ਨਹੀਂ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Nepal plane crash, Plane Crash