
ਡੋਨਾਲਡ ਟਰੰਪ ਲਾਂਚ ਕਰਨ ਜਾ ਰਹੇ ਹਨ ਆਪਣੀ ਸੋਸ਼ਲ ਮੀਡੀਆ ਐਪ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਜਲਦ ਹੀ ਆਪਣਾ ਸੋਸ਼ਲ ਮੀਡੀਆ ਪਲੇਟਫ਼ਾਰਮ ਟਰੂਥ ਸੋਸ਼ਲ ਲੈ ਕੇ ਆ ਰਹੇ ਹਨ। ਬੁੱਧਵਾਰ ਨੂੰ ਹੀ ਉਨ੍ਹਾਂ ਨੇ ਆਪਣੀ ਨਵੀਂ ਕੰਪਨੀ ਬਾਰੇ ਐਲਾਨ ਕੀਤਾ ਹੈ। ਖ਼ਬਰ ਹੈ ਕਿ ਪਲੇਟਫ਼ਾਰਮ ਦੀ ਲਾਂਚਿੰਗ ਅਗਲੇ ਮਹੀਨੇ ਤੱਕ ਹੋ ਸਕਦੀ ਹੈ ਅਤੇ ਕੌਮਾਂਤਰੀ ਪੱਧਰ ‘ਤੇ ਇਸ ਦੇ ਇਸਤੇਮਾਲ ਲਈ ਇਹ ਅਗਲੇ ਸਾਲ ਤੋਂ ਉਪਲਬਧ ਹੋਵੇਗਾ। ਦੱਸ ਦਈਏ ਕਿ ਟਰੰਪ ਨੇ ਫ਼ੈਸਲਾ ਫ਼ੇਸਬੁੱਕ ਅਤੇ ਟਵਿੱਟਰ ‘ਤੇ ਬੈਨ ਹੋਣ ਤੋਂ ਬਾਅਦ ਲਿਆ ਹੈ।
ਦਰਅਸਲ ਡੋਨਾਲਡ ਟਰੰਪ ਇੱਕ ਨਵੀਂ ਮੀਡੀਆ ਕੰਪਨੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ, ਜਿਸ ਦਾ ਆਪਣਾ ਸੋਸ਼ਲ ਮੀਡੀਆ ਪਲੇਟਫ਼ਾਰਮ ਵੀ ਹੋਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਟਰੰਪ ਮੀਡੀਆ ਤੇ ਤਕਨੀਕ ਗਰੁੱਪ ਤੇ ਇਸ ਦਾ ‘ਟਰੂਥ ਸੋਸ਼ਲ’ ਐਪ ਦਾ ਮੁੱਖ ਮਕਸਦ ਵੱਡੀਆਂ ਟੈੱਕ ਕੰਪਨੀਆਂ ਦਾ ਵਿਰੋਧੀ ਖੜਾ ਕਰਨਾ ਹੈ, ਜਿਨ੍ਹਾਂ ਨੇ ਟਰੰਪ ‘ਤੇ ਰੋਕ ਲਾਈ ਹੋਈ ਹੈ। ਇਸ ਦੌਰਾਨ ਉਨ੍ਹਾਂ ਨੇ ਰਾਸ਼ਟਰਪਤੀ ਜੋ ਬਾਈਡਨ ‘ਤੇ ਵੀ ਨਿਸ਼ਾਨਾ ਸਾਧਿਆ। ਟਰੰਪ ਨੇ ਕਿਹਾ, “ਅਸੀਂ ਅਜਿਹੀ ਦੁਨੀਆ ਵਿੱਚ ਰਹਿ ਰਹੇ ਹਾਂ, ਜਿੱਥੇ ਟਵਿੱਟਰ ‘ਤੇ ਤਾਲਿਬਾਨ ਦੀ ਵੱਡੇ ਪੱਧਰ ‘ਤੇ ਮੌਜੂਦਗੀ ਹੈ। ਇਸ ਤੋਂ ਬਾਅਦ ਤੁਹਾਡੇ ਮਨਪਸੰਦ ਰਾਸ਼ਟਰਪਤੀ ਚੁੱਪ ਹਨ।”
ਉਨ੍ਹਾਂ ਨੇ ਬਿਆਨ ਦਿੱਤਾ ਕਿ, ਇਹ ਮੈਨੂੰ ਕਿਸੇ ਵੀ ਹਾਲਤ ‘ਚ ਮਨਜ਼ੂਰ ਨਹੀਂ ਹੈ। ਟਰੰਪ ਵੱਲੋਂ ਜਾਰੀ ਕੀਤੇ ਪ੍ਰੈੱਸ ਨੋਟ ਦੇ ਮੁਤਾਬਕ ਨਵੀਂ ਕੰਪਨੀ ਦੀ ਸ਼ੁਰੂਆਤ ਡਿਜੀਟਲ ਵਰਲਡ ਐਕੁਇਜ਼ਿਸ਼ਨ ਕਾਰਪੋਰੇਸ਼ਨ ਨਾਲ ਮਿਲ ਕੇ ਕੀਤੀ ਜਾਵੇਗੀ। ਟਵਿੱਟਰ ਅਤੇ ਫ਼ੇਸਬੁੱਕ ‘ਤੇ ਰੋਕ ਲੱਗਣ ਤੋਂ ਬਾਅਦ ਟਰੰਪ ਲਗਾਤਾਰ ਆਪਣੀ ਸੋਸ਼ਲ ਮੀਡੀਆ ਸਾਈਟ ਲਾਂਚ ਕਰਨ ਬਾਰੇ ਗੱਲ ਕਰ ਰਹੇ ਹਨ।
ਕਰੀਬ 9 ਮਹੀਨੇ ਪਹਿਲਾਂ ਸਾਬਕਾ ਰਾਸ਼ਟਰਪਤੀ ਨੂੰ ਸੋਸ਼ਲ ਮੀਡੀਆ ਪਲੇਟਫ਼ਾਰਮਜ਼ ‘ਤੇ ਬੈਨ ਕੀਤਾ ਗਿਆ ਸੀ। ਕੰਪਨੀਆਂ ਨੇ 6 ਜਨਵਰੀ ਨੂੰ ਵਾਸ਼ਿੰਗਟਨ ਡੀਸੀ ਕੋਲ ਕੈਪਿਟਲ ਹਿੱਲ ਹਿੰਸਾ ਮਾਮਲੇ ‘ਚ ਉਨ੍ਹਾਂ ਦੀ ਭੂਮਿਕਾ ਦੇ ਚੱਲਦੇ ਇਹ ਕਦਮ ਚੁੱਕਿਆ ਸੀ। ਨਵੰਬਰ ‘ਚ ਹੋਈ ਰਾਸ਼ਟਰਪਤੀ ਚੋਣਾਂ ‘ਚ ਰੀਪਬਲਿਕਨ ਪਾਰਟੀ ਦੇ ਦੂਜੀ ਵਾਰ ਉਮੀਦਵਾਰ ਰਹੇ ਟਰੰਪ ਨੂੰ ਡੈਮੋਕ੍ਰੇਟ ਅਤੇ ਮੌਜੂਦਾ ਰਾਸ਼ਟਰਪਤੀ ਜੋ ਬਾਈਡਨ ਨੇ ਕਰਾਰੀ ਮਾਤ ਦਿੱਤੀ ਸੀ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।