ਕੋਰੋਨਾ ਵਾਇਰਸ ਸੰਕ੍ਰਮਣ ਨੂੰ ਫੈਲਣ ਤੋਂ ਰੋਕਣ ਦੇ ਲਈ ਜਿੱਥੇ ਸਰਕਾਰ ਵੱਲੋਂ ਕਈ ਪਾਬੰਦੀਆਂ ਲਗਾਈਆਂ ਗਈਆਂ ਸਨ ਉੱਥੇ ਹੀ ਕਈ ਕੰਪਨੀਆਂ ਵੱਲੋਂ ਆਪਣੇ ਕਰਮਚਾਰੀਆਂ ਨੂੰ ਵਰਕ ਫਰੋਮ ਹੋਮ ਦੀ ਇਜਾਜ਼ਤ ਦਿੱਤੀ ਹੈ । ਪਰ ਇਸ ਦੇ ਨਾਲ ਘਰ ਤੋਂ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਪਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ।ਕੋਰੋਨਾ ਮਹਾਮਾਰੀ ਲਗਭਗ ਤਿੰਨ ਸਾਲ ਪਹਿਲਾਂ ਸ਼ੁਰੂ ਹੋਈ ਸੀ ਪਰ ਹੁਣ ਸਥਿਤੀ ਆਮ ਵਾਂਗ ਹੋ ਗਈ ਹੈ। ਕੋਰੋਨਾ ਮਹਾਮਾਰੀ ਨੇ ਦਫਤਰੀ ਕੰਮਕਾਜ 'ਤੇ ਵੀ ਵੱਡਾ ਪ੍ਰਭਾਵ ਪਾਇਆ ਹੈ। ਮਹਾਮਾਰੀ ਤੋਂ ਬਾਅਦ ਬਾਜ਼ਾਰ ਖੁੱਲ੍ਹਣੇ ਸ਼ੁਰੂ ਹੋ ਗਏ ਹਨ ਪਰ ਕਈ ਵੱਡੇ ਦੇਸ਼ ਕਰਮਚਾਰੀਆਂ ਦੀ ਕਮੀ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਅਮਰੀਕਾ ਅਤੇ ਯੂਰਪ ਦੇ ਕਈ ਦੇਸ਼ਾਂ ਵਿੱਚ ਕਰਮਚਾਰੀ ਬਦਲੇ ਹੋਏ ਕੰਮ ਦੇ ਪੈਟਰਨ ਕਾਰਨ ਆਪਣੀਆਂ ਨੌਕਰੀਆਂ ਛੱਡ ਰਹੇ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਘਰ ਤੋਂ ਕੰਮ ਚੱਲ ਰਿਹਾ ਹੈ ਅਤੇ ਇਸ ਕਾਰਨ ਕਰਮਚਾਰੀਆਂ ਦੀ ਗਰਦਨ ਅਤੇ ਪਿੱਠ ਵਿੱਚ ਤੇਜ਼ ਦਰਦ ਦਾ ਹੋਣਾ ਹੈ।
ਦਿ ਗਾਰਡੀਅਨ ਦੀ ਖਬਰ ਦੇ ਮੁਤਾਬਕ ਘਰ ਤੋਂ ਕੰਮ ਕਰਨ ਦੌਰਾਨ ਲਗਾਤਾਰ ਗਲਤ ਤਰੀਕੇ ਨਾਲ ਬੈਠਣ ਕਾਰਨ ਹਜ਼ਾਰਾਂ ਕਰਮਚਾਰੀਆਂ ਨੂੰ ਗਰਦਨ ਅਤੇ ਪਿੱਠ ਵਿੱਚ ਦਰਦ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਕਾਰਨ ਕਈ ਕਰਮਚਾਰੀਆਂ ਨੇ ਨੌਕਰੀ ਛੱਡ ਦਿੱਤੀ ਹੈ। ਬ੍ਰਿਟੇਨ ਦੇ ਆਫਿਸ ਆਫ ਨੈਸ਼ਨਲ ਸਟੈਟਿਸਟਿਕਸ ਦੀ ਰਿਪੋਰਟ 'ਚ ਇਸ ਦੇ ਬਾਰੇ ਇੱਕ ਵੱਡਾ ਖੁਲਾਸਾ ਕੀਤਾ ਗਿਆ ਹੈ।ਇਸ ਰਿਪੋਰਟ ਦੇ ਮੁਤਾਬਕ 3 ਸਾਲ ਪਹਿਲਾਂ 2019 ਵਿੱਚ ਬੀਮਾਰੀ ਕਾਰਨ ਦੇਸ਼ ਵਿੱਚ ਕੰਮ ਨਾ ਕਰਨ ਵਾਲੇ ਲੋਕਾਂ ਦੀ ਗਿਣਤੀ 20 ਲੱਖ ਦੇ ਕਰੀਬ ਸੀ, ਜਦਕਿ ਹੁਣ ਇਹ ਗਿਣਤੀ 25 ਲੱਖ ਨੂੰ ਵੀ ਪਾਰ ਕਰ ਗਈ ਹੈ।
ਤਕਰੀਬਨ 62 ਹਜ਼ਾਰ ਲੋਕਾਂ ਨੇ ਛੱਡੀ ਨੌਕਰੀ
ਰਿਪੋਰਟ ਵਿੱਚ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਵਿੱਚੋਂ ਕਰੀਬ 62,000 ਲੋਕ ਅਜਿਹੇ ਹਨ, ਜਿਨ੍ਹਾਂ ਨੇ ਘਰ ਤੋਂ ਕੰਮ ਕਰਦੇ ਸਮੇਂ ਗਰਦਨ ਅਤੇ ਪਿੱਠ ਵਿੱਚ ਦਰਦ ਦੀ ਸ਼ਿਕਾਇਤ ਦਰਜ ਕਰਵਾਈ ਅਤੇ ਇਸ ਕਾਰਨ ਉਨ੍ਹਾਂ ਨੇ ਨੌਕਰੀ ਛੱਡ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਬ੍ਰਿਟੇਨ ਵਿੱਚ ਨੌਕਰੀ ਛੱਡਣ ਦਾ ਸਭ ਤੋਂ ਵੱਡਾ ਕਾਰਨ ਮਾਨਸਿਕ ਬੀਮਾਰੀ ਹੈ ਅਤੇ ਹੁਣ ਘਰ ਤੋਂ ਕੰਮ ਕਰਨ ਕਾਰਨ ਦੂਜੇ ਨੰਬਰ 'ਤੇ ਗਰਦਨ ਅਤੇ ਪਿੱਠ ਵਿੱਚ ਦਰਦ ਦੱਸਿਆ ਜਾ ਰਿਹਾ ਹੈ।
ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ ਇਸ ਉਮਰ ਦੇ ਲੋਕ
ਤੁਹਾਨੂੰ ਦਸ ਦਈਏ ਕਿ ਲੰਡਨ ਦੇ ਇੱਕ ਸਿਹਤ ਮਾਹਿਰ ਅਨੁਸਾਰ ਪਿਛਲੇ ਇੱਕ-ਦੋ ਸਾਲਾਂ ਵਿੱਚ ਗਰਦਨ ਅਤੇ ਪਿੱਠ ਦੇ ਦਰਦ ਦੇ ਕੇਸਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਹ ਸਮੱਸਿਆ ਜ਼ਿਆਦਾਤਰ 25 ਤੋਂ 45 ਸਾਲ ਦੀ ਉਮਰ ਦੇ ਲੋਕਾਂ ਵਿੱਚ ਦੇਖਣ ਨੂੰ ਮਿਲ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸਮੱਸਿਆ ਦਾ ਸਭ ਤੋਂ ਵੱਡਾ ਕਾਰਨ ਲੈਪਟਾਪ 'ਤੇ ਘੰਟਿਆਂ ਤੱਕ ਕੰਮ ਕਰਨਾ, ਗਰਦਨ ਨੂੰ ਲਗਾਤਾਰ ਝੁਕਣਾ ਅਤੇ ਬੈਠਣ ਦੇ ਗਲਤ ਤਰੀਕੇ ਦੱਸੇ ਜਾ ਰਹੇ ਹਨ।ਸਿਹਤ ਮਾਹਿਰਾਂ ਨੇ ਦੱਸਿਆ ਕਿ ਬਹੁਤ ਸਾਰੇ ਲੋਕ ਇਸ ਦਰਦ ਤੋਂ ਇੰਨੇ ਤੜਫਦੇ ਪਾਏ ਗਏ ਹਨ ਕਿ ਉਹ ਹੁਣ ਬੈਠਣ ਅਤੇ ਕੰਮ ਕਰਨ ਦੀ ਸਥਿਤੀ ਵਿੱਚ ਹੀ ਨਹੀਂ ਹਨ।
ਘੰਟਿਆਂ ਤੱਕ ਅਜਿਹੀ ਸਥਿਤੀ ਵਿੱਚ ਬੈਠਣ ਨਾਲ ਨੁਕਸਾਨ
ਸਿਹਤ ਮਾਹਿਰਾਂ ਦੇ ਮੁਤਾਬਕ ਦਫ਼ਤਰ ਵਿੱਚ ਕੰਮ ਕਰਨ ਲਈ ਇੱਕ ਖਾਸ ਕਿਸਮ ਦਾ ਮਾਹੌਲ ਅਤੇ ਡਿਜ਼ਾਈਨ ਕੀਤਾ ਗਿਆ ਹੁੰਦਾ ਹੈ, ਪਰ ਘਰ ਦੇ ਲੋਕ ਉਸ ਤਰੀਕੇ ਨਾਲ ਕੰਮ ਨਹੀਂ ਕਰ ਪਾਉਂਦੇ। ਲੋਕ ਘੰਟਿਆਂ ਬੱਧੀ ਇਕ ਹੀ ਸਥਿਤੀ ਵਿੱਚ ਬੈਠੇ ਰਹਿੰਦੇ ਹਨ ਜਿਸ ਦਾ ਸਰੀਰ ਦੇ ਉੱਪਰ ਬੁਰਾ ਪ੍ਰਭਾਵ ਪੈਂਦਾ ਹੈ। ਘੰਟਿਆਂ ਤੱਕ ਬਿਸਤਰੇ ਜਾਂ ਸੋਫੇ 'ਤੇ ਕੰਮ ਕਰਨ ਨਾਲ ਗਰਦਨ ਅਤੇ ਪਿੱਠ ਦੇ ਦਰਦ ਦੀ ਸੰਭਾਵਨਾ ਵੱਧ ਜਾਂਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Employees, Foreign, India, Job, Work from home