HOME » NEWS » World

ਪੁਲਵਾਮਾ ਹਮਲਾ: ਭਾਰਤ ਵੱਲੋਂ ਲਾਏ ਦੋਸ਼ਾਂ ਦਾ ਪਾਕਿਸਤਾਨ ਨੇ ਦਿੱਤਾ ਇਹ ਜਵਾਬ...

News18 Punjab
Updated: February 16, 2019, 11:47 AM IST
ਪੁਲਵਾਮਾ ਹਮਲਾ: ਭਾਰਤ ਵੱਲੋਂ ਲਾਏ ਦੋਸ਼ਾਂ ਦਾ ਪਾਕਿਸਤਾਨ ਨੇ ਦਿੱਤਾ ਇਹ ਜਵਾਬ...

  • Share this:
ਪਾਕਿਸਤਾਨ ਨੇ ਪੁਲਵਾਮਾ ਜ਼ਿਲ੍ਹੇ ’ਚ ਸੀ.ਆਰ.ਪੀ.ਐਫ. ਦੇ ਕਾਫਲੇ ’ਤੇ ਹੋਏ ਅਤਿਵਾਦੀ ਹਮਲੇ ਦੀ ਆਲੋਚਨਾ ਕਰਦਿਆਂ ਕਿਹਾ ਕਿ ਭਾਰਤ ਬਿਨਾਂ ਕਿਸੇ ਜਾਂਚ ਦੇ ਪਾਕਿਸਤਾਨ ਦਾ ਸਬੰਧ ਇਸ ਘਟਨਾ ਨਾਲ ਜੋੜ ਰਿਹਾ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਜੰਮੂ ਕਸ਼ਮੀਰ ’ਚ ਹੋਇਆ ਅਤਿਵਾਦੀ ਹਮਲਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਧਰ, ਭਾਰਤ ਨੇ ਪਾਕਿਸਤਾਨ ਖਿਲਾਫ ਸਖਤੀ ਦਾ ਮਨ ਬਣਾ ਲਿਆ ਹੈ। ਭਾਰਤ ਨੇ ਅੱਜ ਪਾਕਿਸਤਾਨ ਤੋਂ ‘ਸਭ ਤੋਂ ਵੱਧ ਤਰਜੀਹੀ ਮੁਲਕ’ (ਐਮਐਫਐਨ) ਦਾ ਦਰਜਾ ਵਾਪਸ ਲੈ ਲਿਆ ਹੈ। ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਹੈ ਕਿ ਹਮਲੇ ਦੇ ਸਾਜ਼ਿਸ਼ਕਾਰਾਂ ਨੂੰ ਹਰ ਸੰਭਵ ਸਜ਼ਾ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਮਿਲਿਆ ਸਭ ਤੋਂ ਵੱਧ ਤਰਜੀਹੀ ਮੁਲਕ ਦਾ ਦਰਜਾ ਰੱਦ ਕਰ ਦਿੱਤਾ ਗਿਆ ਹੈ।

ਸਭ ਤੋਂ ਵੱਧ ਤਰਜੀਹੀ ਮੁਲਕ ਦਾ ਦਰਜਾ ਕਾਰੋਬਾਰੀ ਭਾਈਵਾਲ ਨੂੰ ਦਿੱਤਾ ਜਾਂਦਾ ਹੈ ਤਾਂ ਜੋ ਦੋਵੇਂ ਮੁਲਕਾਂ ਵਿਚਕਾਰ ਬਿਨਾਂ ਕਿਸੇ ਵਿਤਕਰੇ ਦੇ ਕਾਰੋਬਾਰ ਨੂੰ ਯਕੀਨੀ ਬਣਾਇਆ ਜਾ ਸਕੇ। ਭਾਰਤ ਨੇ 1996 ’ਚ ਪਾਕਿਸਤਾਨ ਨੂੰ ਐਮਐਫਐਨ ਦਾ ਦਰਜਾ ਦਿੱਤਾ ਸੀ। ਉਧਰ, ਪਾਕਿਸਤਾਨ ਨੇ ਕਿਹਾ ਕਿ ਭਾਰਤ ਵੱਲੋਂ ਉਸ ਨੂੰ ਤਰਜੀਹੀ ਮੁਲਕਾਂ ਦੀ ਸੂਚੀ ’ਚੋਂ ਬਾਹਰ ਕੱਢਣ ਦੀ ਤਰ੍ਹਾਂ ਉਹ ਕੋਈ ਵੀ ਜਜ਼ਬਾਤੀ ਫ਼ੈਸਲਾ ਨਹੀਂ ਲਵੇਗਾ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਸਲਾਹਕਾਰ ਅਬਦੁਲ ਰੱਜ਼ਾਕ ਦਾਊਦ ਨੇ ਕਿਹਾ ਕਿ ਭਾਰਤ ਵੱਲੋਂ ਜਿਸ ਤਰ੍ਹਾਂ ਪਾਕਿਸਤਾਨ ਨੂੰ ਤਰਜੀਹੀ ਮੁਲਕਾਂ ਦੀ ਸੂਚੀ ’ਚੋਂ ਬਾਹਰ ਕੀਤਾ ਗਿਆ ਹੈ, ਪਾਕਿਸਤਾਨ ਇਸ ਤਰ੍ਹਾਂ ਦਾ ਕੋਈ ਵੀ ਜਜ਼ਬਾਤੀ ਫ਼ੈਸਲਾ ਨਹੀਂ ਲਵੇਗਾ ਤੇ ਸੋਚ ਵਿਚਾਰ ਕਰਕੇ ਹੀ ਜਵਾਬ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਭਾਰਤ ਨੇ ਪਾਕਿਸਤਾਨੀ ਹਾਈ ਕਮਿਸ਼ਨਰ ਸੋਹੇਲ ਮਹਿਮੂਦ ਨੂੰ ਤਲਬ ਕਰਕੇ ਪੁਲਵਾਮਾ ਦਹਿਸ਼ਤੀ ਹਮਲੇ ’ਤੇ ਆਪਣਾ ਤਿੱਖਾ ਰੋਸ ਜਤਾਇਆ ਹੈ। ਇਸ ਦੌਰਾਨ ਭਾਰਤ ਨੇ ਪਾਕਿਸਤਾਨ ’ਚ ਆਪਣੇ ਹਾਈ ਕਮਿਸ਼ਨਰ ਅਜੈ ਬਿਸਾੜੀਆ ਨੂੰ ਦਿੱਲੀ ਸੱਦ ਲਿਆ ਹੈ। ਪੁਲਵਾਮਾ ਹਮਲੇ ਮਗਰੋਂ ਸ੍ਰੀ ਬਿਸਾੜੀਆ ਨਾਲ ਅਗਲੀ ਰਣਨੀਤੀ ਬਣਾਉਣ ਲਈ ਉਨ੍ਹਾਂ ਨੂੰ ਮੁਲਕ ਸੱਦਿਆ ਗਿਆ ਹੈ।

 
First published: February 16, 2019
ਹੋਰ ਪੜ੍ਹੋ
ਅਗਲੀ ਖ਼ਬਰ