ਪਾਕਿਸਤਾਨ `ਚ ਇੰਨੀਂ ਦਿਨੀ ਸਿਆਸੀ ਭੂਚਾਲ ਆਇਆ ਹੋਇਆ ਹੈ। ਇਸ ਭੂਚਾਲ ਵਿੱਚ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਕੁਰਸੀ ਹਿੱਲਦੀ ਹੋਈ ਨਹੀਂ, ਬਲਕਿ ਡਿੱਗਦੀ ਹੋਈ ਨਜ਼ਰ ਆ ਰਹੀ ਹੈ। ਪਿਛਲੇ ਲੰਮੇ ਸਮੇਂ ਤੋਂ ਖ਼ਬਰਾਂ ਆ ਰਹੀਆਂ ਸਨ ਕਿ ਪਾਕਿਸਤਾਨ ਸਰਕਾਰ ਦਾ ਫ਼ੌਜ ਨਾਲ ਟਕਰਾਅ ਚੱਲ ਰਿਹਾ ਹੈ, ਅਤੇ ਫ਼ੌਜ ਕਿਸੇ ਵੀ ਸਮੇਂ ਪਾਕਿਸਤਾਨ ਵਿੱਚ ਤਖ਼ਤਾ ਪਲਟ ਕਰ ਸਕਦੀ ਹੈ।
ਇਸ ਮੁਸ਼ਕਿਲ ਦੀ ਘੜੀ ਵਿੱਚ ਜਿੱਥੇ ਇਮਰਾਨ ਨੂੰ ਆਪਣਿਆਂ ਦੇ ਸਹਿਯੋਗ ਦੀ ਸਭ ਤੋਂ ਵੱਧ ਲੋੜ ਸੀ, ਉੱਥੇ ਸਭ ਉਨ੍ਹਾਂ ਦਾ ਸਾਥ ਛੱਡਦੇ ਹੋਏ ਨਜ਼ਰ ਆ ਰਹੇ ਹਨ। ਪਾਕਿ ਪੀਐਮ ਇਮਰਾਨ ਖ਼ਾਨ ਦੇ ਖ਼ਿਲਾਫ਼ ਸੰਸਦ ਵਿੱਚ ਬੇਭਰੋਸਗੀ ਮਤਾ ਯਾਨਿ ਨੋ ਕਾਨਫ਼ਿਡੈਂਸ ਮੋਸ਼ਨ (No Confidence Motion) ਪੇਸ਼ ਕੀਤਾ ਜਾ ਚੁੱਕਿਆ ਹੈ। ਜਿਸ ਤੋਂ ਬਾਅਦ ਇਸ ਮਤੇ `ਤੇ ਵਿਚਾਰ ਵਟਾਂਦਰੇ ਲਈ ਸਦਨ ਦੀ ਕਾਰਵਾਈ ਨੂੰ 28 ਮਾਰਚ ਤੱਕ ਰੱਦ ਕਰ ਦਿਤਾ ਗਿਆ ਹੈ।
ਪੀਟੀਆਈ ਨਿਊਜ਼ ਏਜੰਸੀ ਦੇ ਮੁਤਾਬਕ ਇਮਰਾਨ ਖ਼ਾਨ ਨੇ ਆਪਣੀ ਸਰਕਾਰ ਨੂੰ ਬਚਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਹੈ। ਉਹ ਆਪਣੇ ਸਹਿਯੋਗੀ ਦਲਾਂ ਤੋਂ ਸਹਿਯੋਗ ਵੀ ਚਾਹੁੰਦੇ ਹਨ, ਪਰ ਇੰਜ ਲਗਦਾ ਹੈ ਕਿ ਇਮਰਾਨ ਸਰਕਾਰ ਦੇ ਆਪਣੇ ਹੀ ਮੰਤਰੀ ਉਨ੍ਹਾਂ ਦੀ ਇਸ ਸੋਚ ਨਾਲ ਇੱਤਫ਼ਾਕ ਨਹੀਂ ਰੱਖਦੇ।
ਖ਼ਬਰਾਂ ਆ ਰਹੀਆਂ ਹਨ ਕਿ ਪਾਕਿਸਤਾਨ `ਚ ਸੱਤਾਧਾਰੀ ਪਾਰਟੀ ਨਾਲ ਜੁੜੇ 50 ਮੰਤਰੀ ਹੁਣ ਸਿਆਸੀ ਮੋਰਚੇ ਤੋਂ ਲਾਪਤਾ ਹੋ ਗਏ ਹਨ। ਇਹ ਸਾਰੇ ਮੰਤਰੀ ਇਮਰਾਨ ਖ਼ਾਨ ਦੀ ਕੈਬਨਿਟ ਤੇ ਪੀਟੀਆਈ ਦੀ ਸੂਬਾਈ ਸਰਕਾਰਾਂ ਨਾਲ ਜੁੜੇ ਹੋਏ ਹਨ।
ਪਾਕਿਸਤਾਨੀ ਅਖ਼ਬਾਰ ਐਕਸਪ੍ਰੈੱਸ ਟ੍ਰਿਬਿਊਨ ਦੇ ਮੁਤਾਬਕ 50 ਕੌਮੀ ਤੇ ਸੂਬਾਈ ਮੰਤਰੀ ਵਿਰੋਧੀ ਧਿਰ ਵੱਲੋਂ ਬੇਭਰੋਸਗੀ ਮਤਾ ਲਿਆਉਣ ਤੋਂ ਬਾਅਦ ਤੋਂ ਹੀ ਗ਼ਾਇਬ ਹਨ। ਇਨ੍ਹਾਂ ਵਿਚੋਂ 25 ਕੌਮੀ, ਸੂਬਾਈ ਸਰਕਾਰਾਂ ਦੇ ਸਲਾਹਕਾਰ ਤੇ ਵਿਸ਼ੇਸ਼ ਸਹਾਇਕ ਹਨ। ਇਸ ਤੋਂ ਇਲਾਵਾ 4 ਰਾਜ ਮੰਤਰੀ ਅਤੇ 4 ਸਲਾਹਕਾਰ ਹਨ। ਇਹ ਤਾਜ਼ਾ ਘਟਨਾਕ੍ਰਮ ਅਜਿਹੇ ਸਮੇਂ `ਤੇ ਹੋਇਆ, ਜਦੋਂ ਸੱਤਾਧਾਰੀ ਪਾਰਟੀ ਦੇ ਕਈ ਮੰਤਰੀ ਨੇ ਚੁੱਪੀ ਧਾਰ ਲਈ ਹੈ, ਜਿਸ ਤੋਂ ਬਾਅਦ ਅਫ਼ਵਾਹਾਂ ਦਾ ਦੌਰ ਸ਼ੁਰੂ ਹੋ ਗਿਆ ਹੈ।
ਮੰਨਿਆ ਜਾ ਰਿਹਾ ਹੈ ਕਿ ਇਹ ਪਾਕਿਸਤਾਨੀ ਮੰਤਰੀ ਆਪਣੇ ਪੱਤੇ ਖੋਲਣ ਲਈ ਸਹੀ ਸਮੇਂ ਦਾ ਇੰਤਜ਼ਾਰ ਕਰ ਰਹੇ ਹਨ। ਹਾਲਾਂਕਿ ਕਈ ਮੰਤਰੀ ਅਜਿਹੇ ਹਨ ਜੋ ਖੁੱਲ ਕੇ ਇਮਰਾਨ ਖ਼ਾਨ ਦਾ ਸਮਰਥਨ ਕਰ ਰਹੇ ਹਨ। ਇਸ ਦੇ ਨਾਲ ਹੀ ਇਹ ਮੰਤਰੀ ਖੁੱਲ ਕੇ ਆਪਣਾ ਪੱਖ ਪੇਸ਼ ਕਰਦੇ ਹੋਏ ਵੀ ਨਜ਼ਰ ਆ ਰਹੇ ਹਨ। ਇਨ੍ਹਾਂ ਵਿੱਚ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ, ਸੂਚਨਾ ਮੰਤਰੀ ਫ਼ਵਾਦ ਚੌਧਰੀ, ਰੱਖਿਆ ਮੰਤਰੀ ਪਰਵੇਜ਼ ਖਟਕ ਅਤੇ ਗ੍ਰਹਿ ਮੰਤਰੀ ਸ਼ੇਖ਼ ਰਾਸ਼ਿਦ ਦੇ ਨਾਂ ਸ਼ਾਮਲ ਹਨ। ਇਸ ਦੌਰਾਨ ਇਮਰਾਨ ਖ਼ਾਨ ਖ਼ਿਲਾਫ਼ ਸਾਂਝੀ ਵਿਰੋਧੀ ਧਿਰ ਵਲੋਂ ਪੇਸ਼ ਕੀਤੇ ਗਏ ਬੇਭਰੋਸਗੀ ਮਤੇ `ਤੇ ਚਰਚਾ ਲਈ ਪਾਕਿਸਤਾਨ ਨੈਸ਼ਨਲ ਅਸੈਂਬਲੀ ਦਾ ਸੈਸ਼ਨ 28 ਮਾਰਚ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।