Home /News /international /

ਗੁਰਦੁਆਰਾ ਨਨਕਾਣਾ ਸਾਹਿਬ 'ਤੇ ਪਥਰਾਅ ਤੋਂ ਬਾਅਦ ਤਣਾਅ ਵਧਿਆ, ਸਿੱਖਾਂ ਵਿਚ ਸਹਿਮ...

ਗੁਰਦੁਆਰਾ ਨਨਕਾਣਾ ਸਾਹਿਬ 'ਤੇ ਪਥਰਾਅ ਤੋਂ ਬਾਅਦ ਤਣਾਅ ਵਧਿਆ, ਸਿੱਖਾਂ ਵਿਚ ਸਹਿਮ...

  • Share this:

ਪਾਕਿਸਤਾਨ ਸਥਿਤ ਗੁਰਦੁਆਰਾ ਨਨਕਾਣਾ ਸਾਹਿਬ ਦੇ ਬਾਹਰ ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਕੀਤੇ ਪਥਰਾਅ ਤੋਂ ਬਾਅਦ ਸਥਿਤੀ ਤਣਾਅਪੂਰਨ ਬਣ ਗਈ ਹੈ। ਪ੍ਰਦਰਸ਼ਨਕਾਰੀ ਆਖ ਰਹੇ ਹਨ ਕਿ ਉਹ ਇਥੇ ਸਿੱਖਾਂ ਨੂੰ ਨਹੀਂ ਰਹਿਣ ਦੇਣਗੇ ਅਤੇ ਸ਼ਹਿਰ ਨਨਕਾਣਾ ਦਾ ਨਾਂ ਵੀ ਬਦਲ ਦੇਣਗੇ। ਮਿਲੀ ਜਾਣਕਾਰੀ ਮੁਤਾਬਕ ਧਰਨਾਕਾਰੀ ਉਸ ਮੁਸਲਿਮ ਨੌਜਵਾਨ ਦੇ ਪਰਿਵਾਰਕ ਮੈਂਬਰ ਅਤੇ ਸਮਰਥਕ ਹਨ, ਜਿਨ੍ਹਾਂ ’ਤੇ ਸਿੱਖ ਲੜਕੀ ਜਗਜੀਤ ਕੌਰ ਨੂੰ ਅਗਵਾ ਅਤੇ ਜਬਰੀ ਨਿਕਾਹ ਕਰਕੇ ਧਰਮ ਤਬਦੀਲ ਕਰਨ ਦਾ ਦੋਸ਼ ਲਾਇਆ ਗਿਆ ਸੀ।


ਕੁਝ ਮਹੀਨੇ ਪਹਿਲਾਂ ਉਥੇ ਗੁਰਦੁਆਰੇ ਦੇ ਗ੍ਰੰਥੀ ਦੀ ਕੁੜੀ ਨੂੰ ਅਗਵਾ ਕਰ ਲਿਆ ਗਿਆ ਸੀ। ਇਸ ਮਾਮਲੇ ਵਿਚ ਅੰਤਰਰਾਸ਼ਟਰੀ ਪੱਧਰ ’ਤੇ ਸਿੱਖ ਭਾਈਚਾਰੇ ਵੱਲੋਂ ਬਣਾਏ ਗਏ ਦਬਾਅ ਕਾਰਨ ਨਨਕਾਣਾ ਸਾਹਿਬ ਪੁਲਿਸ ਨੇ ਮੁਸਲਿਮ ਨੌਜਵਾਨ ਅਤੇ ਉਸ ਦੇ ਪਰਿਵਾਰ ਖਿਲਾਫ਼ ਕੇਸ ਦਰਜ ਕੀਤਾ ਸੀ। ਦੂਜੇ ਪਾਸੇ ਇਸ ਲੜਕੀ ਅਤੇ ਮੁਸਲਿਮ ਨੌਜਵਾਨ ਨੇ ਲਾਹੌਰ ਦੇ ਮੈਜਿਸਟਰੇਟ ਕੋਲ ਪੇਸ਼ ਹੋ ਕੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨਿਕਾਹ ਕਰ ਲਿਆ ਹੈ ਅਤੇ ਬਾਕੀ ਦੋਸ਼ਾਂ ਨੂੰ ਨਕਾਰਿਆ ਸੀ। ਮਾਮਲਾ ਭਖਿਆ ਹੋਣ ਕਾਰਨ ਲੜਕੀ ਨੂੰ ਲਾਹੌਰ ਸਥਿਤ ਦਾਰੁਲ ਇਸਲਾਮ (ਨਾਰੀ ਘਰ) ਵਿਖੇ ਭੇਜ ਦਿੱਤਾ ਗਿਆ ਸੀ। ਇਹ ਲੜਕੀ ਅਜੇ ਤੱਕ ਪਰਿਵਾਰ ਕੋਲ ਵਾਪਸ ਨਹੀਂ ਪੁੱਜੀ ਹੈ।
ਇਸ ਮਾਮਲੇ ਨੂੰ ਲੈ ਕੇ ਮੁਸਲਿਮ ਨੌਜਵਾਨ ਦੇ ਭਰਾ ਅਤੇ ਹੋਰ ਸਮਰਥਕਾਂ ਨੇ ਗੁਰਦੁਆਰਾ ਨਨਕਾਣਾ ਸਾਹਿਬ ਦੇ ਬਾਹਰ ਧਰਨਾ ਦੇ ਦਿੱਤਾ। ਇਸ ਸਬੰਧੀ ਕੁਝ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਏ ਸਨ, ਜਿਸ ਵਿਚ ਇਹ ਨੌਜਵਾਨ ਉੱਚੀ ਸੁਰ ਵਿਚ ਕਹਿੰਦਾ ਦਿਖਾਈ ਦੇ ਰਿਹਾ ਹੈ ਕਿ ‘ਨਨਕਾਣੇ ਵਿਚ ਕੋਈ ਸਿੱਖ ਨਹੀਂ ਰਹਿਣ ਦੇਣਾ’ ਅਤੇ ‘ਇਸ ਦਾ ਨਾਂ ਬਦਲ ਕੇ ਗੁਲਾਮ ਮੁਸਤਫਾ ਸ਼ਹਿਰ ਰੱਖ ਦੇਵਾਂਗੇ।’ ਉਹ ਇਹ ਵੀ ਦਾਅਵਾ ਕਰ ਰਿਹਾ ਹੈ ਕਿ ਪੁਲਿਸ ਵਲੋਂ ਉਸ ਦੀ ਮਾਰਕੁੱਟ ਕੀਤੀ ਗਈ ਹੈ। ਪੁਲਿਸ ਨੇ ਸਿੱਖ ਕੁੜੀ ਨੂੰ ਤਲਾਕ ਦੇਣ ਅਤੇ ਘਰ ਭੇਜਣ ਲਈ ਦਬਾਅ ਪਾਇਆ ਹੈ ਜਦੋਂਕਿ ਕੁੜੀ ਪਰਿਵਾਰ ਕੋਲ ਨਹੀਂ ਜਾਣਾ ਚਾਹੁੰਦੀ।


ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਗੁਰਦੁਆਰੇ ਵਿਚ ਪਥਰਾਅ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਇਸ ਮਾਮਲੇ ਵਿਚ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰਦੁਆਰਾ ਨਨਕਾਣਾ ਸਾਹਿਬ ’ਚ ਫਸੇ ਸਿੱਖਾਂ ਨੂੰ ਭੀੜ ਤੋਂ ਬਚਾਉਣ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਅਪੀਲ ਕੀਤੀ ਹੈ। ਮੁੱਖ ਮੰਤਰੀ ਨੇ ਟਵੀਟ ਕਰਕੇ ਇਮਰਾਨ ਖ਼ਾਨ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਦਖ਼ਲ ਦੇ ਕੇ ਗੁਰਦੁਆਰਾ ਨਨਕਾਣਾ ਸਾਹਿਬ ’ਚ ਫਸੇ ਸਿੱਖ ਸ਼ਰਧਾਲੂਆਂ ਨੂੰ ਕੱਢਣ ਅਤੇ ਇਤਿਹਾਸਕ ਗੁਰਦੁਆਰੇ ਨੂੰ ਭੀੜ ਤੋਂ ਬਚਾਇਆ ਜਾਵੇ।


Published by:Gurwinder Singh
First published:

Tags: Agitation, Nankana Sahib, Pakistan government, Sikh