HOME » NEWS » World

ਅਮਰੀਕਾ ਵਿਚ ਗ੍ਰੀਨ ਕਾਰਡ ਦੀ ਉਡੀਕ ਵਿਚ ਬੈਠੇ ਭਾਰਤੀਆਂ ਨੂੰ ਛੇਤੀ ਮਿਲ ਸਕਦੀ ਹੈ ਵੱਡੀ ਖੁਸ਼ਖਬਰੀ

News18 Punjab
Updated: February 9, 2019, 1:36 PM IST
ਅਮਰੀਕਾ ਵਿਚ ਗ੍ਰੀਨ ਕਾਰਡ ਦੀ ਉਡੀਕ ਵਿਚ ਬੈਠੇ ਭਾਰਤੀਆਂ ਨੂੰ ਛੇਤੀ ਮਿਲ ਸਕਦੀ ਹੈ ਵੱਡੀ ਖੁਸ਼ਖਬਰੀ

  • Share this:
ਅਮਰੀਕੀ ਸੰਸਦ ਦੇ ਦੋਵਾਂ ਸਦਨਾਂ 'ਚ ਗ੍ਰੀਨ ਕਾਰਡ ਦੀ ਹੱਦਬੰਦੀ ਖ਼ਤਮ ਕਰਨ ਵਾਲਾ ਬਿੱਲ ਪੇਸ਼ ਕਰ ਦਿੱਤਾ ਗਿਆ ਹੈ। ਇਸ ਬਿੱਲ ਦੇ ਪਾਸ ਹੋਣ ਨਾਲ ਗ੍ਰੀਨ ਕਾਰਡ ਦੀ ਉਡੀਕ ਕਰ ਰਹੇ ਹਜ਼ਾਰਾਂ ਭਾਰਤੀ ਪੇਸ਼ੇਵਰਾਂ ਨੂੰ ਫਾਇਦਾ ਹੋਣ ਦੀ ਉਮੀਦ ਹੈ। ਮੰਨਿਆ ਜਾ ਰਿਹਾ ਹੈ ਕਿ ਸੂਚਨਾ ਤਕਨੀਕੀ ਦੀਆਂ ਸਿਖਰ ਕੰਪਨੀਆਂ ਦੀਆਂ ਜ਼ਰੂਰਤਾਂ ਤੇ ਪ੍ਭਾਵ ਕਾਰਨ ਸੰਸਦ 'ਚ ਇਹ ਬਿੱਲ ਆਇਆ ਹੈ।

ਅਮਰੀਕੀ ਸੰਸਦ ਦੇ ਦੋਵਾਂ ਸਦਨਾਂ ਸੈਨੇਟ ਤੇ ਪ੍ਰਤੀਨਿਧੀ ਸਭਾ 'ਚ ਗ੍ਰੀਨ ਕਾਰਡ ਦੀ ਸਹੂਲਤ ਲਈ ਦੇਸ਼ਾਂ ਦੀ ਹੱਦ ਤੈਅ ਕਰਨ ਵਾਲੀ ਵਿਵਸਥਾ ਨੂੰ ਖ਼ਤਮ ਕਰਨ ਵਾਲਾ ਬਿੱਲ ਪੇਸ਼ ਹੋਇਆ। ਗ੍ਰੀਨ ਕਾਰਡ ਉਹ ਸਹੂਲਤ ਹੈ ਜਿਸ 'ਚ ਵਿਦੇਸ਼ੀ ਨਾਗਰਿਕਾਂ ਨੂੰ ਕੁਝ ਸ਼ਰਤਾਂ ਨਾਲ ਅਮਰੀਕਾ 'ਚ ਪੱਕੇ ਤੌਰ 'ਤੇ ਰਹਿਣ ਤੇ ਕੰਮ ਕਰਨ ਦੀ ਸਹੂਲਤ ਮਿਲ ਜਾਂਦੀ ਹੈ। ਇਹ ਸਹੂਲਤ ਜ਼ਿਆਦਾਤਰ ਹੁਨਰਮੰਦ ਪੇਸ਼ੇਵਰਾਂ ਨੂੰ ਦਿੱਤੀ ਜਾਂਦੀ ਹੈ ਜੋ ਅਮਰੀਕੀ ਅਰਥਚਾਰੇ ਦੇ ਵਿਕਾਸ 'ਚ ਸਹਾਇਕ ਹੁੰਦੇ ਹਨ। ਅਮਰੀਕੀ ਸਰਕਾਰ ਦੁਨੀਆਂ ਭਰ ਦੇ ਪੇਸ਼ੇਵਰਾਂ ਲਈ ਹਰ ਸਾਲ 1,40,000 ਗ੍ਰੀਨ ਕਾਰਡ ਜਾਰੀ ਕਰਦੀ ਹੈ। ਅਮਰੀਕਾ 'ਚ ਵੱਡੀ ਗਿਣਤੀ 'ਚ ਭਾਰਤੀ ਆਈਟੀ ਪ੍ਰੋਫੈਸ਼ਨਲ ਇਸ ਸਹੂਲਤ ਦਾ ਲਾਭ ਉਠਾ ਰਹੇ ਹਨ। ਇਸ ਦੇ ਬਾਵਜੂਦ ਹਜ਼ਾਰਾਂ ਹੋਰ ਭਾਰਤੀ ਪੇਸ਼ੇਵਰਾਂ ਨੇ ਇਸ ਸਹੂਲਤ ਲਈ ਅਰਜ਼ੀ ਦਿੱਤੀ ਹੋਈ ਹੈ। ਸੈਨੇਟ 'ਚ ਇਸ ਸਬੰਧੀ ਬਿੱਲ ਸੱਤਾਧਾਰੀ ਰਿਪਬਲਿਕਨ ਪਾਰਟੀ ਦੇ ਮਾਈਕ ਲੀ ਤੇ ਡੈਮੋਕ੍ਰੇਟਿਕ ਪਾਰਟੀ ਦੀ ਕਮਲਾ ਹੈਰਿਸ ਨੇ ਮਿਲ ਕੇ ਪੇਸ਼ ਕੀਤਾ। ਕਮਲਾ ਆਪਣੀ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਚੋਣ 'ਚ ਉਮੀਦਵਾਰ ਬਣਨ ਦੀ ਵੀ ਦਾਅਵੇਦਾਰ ਹਨ। ਜਦਕਿ ਪ੍ਰਤੀਨਿਧੀ ਸਭਾ 'ਚ ਬਿੱਲ ਸੰਸਦ ਮੈਂਬਰ ਜੌਏ ਲਾਫਿਗ੍ਰੇਨ ਤੇ ਕੇਨ ਬਕ ਨੇ ਪੇਸ਼ ਕੀਤਾ।

Loading...
ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਭਾਰਤੀਆਂ ਲਈ ਬੇਹੱਦ ਵੱਡੀ ਰਾਹਤ ਸਾਬਤ ਹੋ ਸਕਦਾ ਹੈ। ਇਸ ਨਾਲ ਐਚ-1ਬੀ ਵੀਜ਼ਾ 'ਤੇ ਅਮਰੀਕਾ ਗਏ ਭਾਰਤੀਆਂ ਲਈ ਦੇਸ਼ ਵਿੱਚ ਪੱਕੇ ਹੋਣ ਵਾਲਾ ਰਸਤਾ ਖੁੱਲ੍ਹ ਜਾਵੇਗਾ। ਸਿਰਫ਼ ਐਚ-1ਬੀ ਵੀਜ਼ਾ ਹੀ ਨਹੀਂ ਰੁਜ਼ਗਾਰ ਦੇ ਹੋਰ ਤਰੀਕਿਆਂ ਰਾਹੀਂ ਅਮਰੀਕਾ ਗਏ ਭਾਰਤੀ ਵੀ ਇਸ ਹੱਦਬੰਦੀ ਦੇ ਹਟਣ ਤੋਂ ਲਾਭ ਪ੍ਰਾਪਤ ਕਰ ਸਕਦੇ ਹਨ। ਅਪਰੈਲ 2018 ਤਕ ਕੁੱਲ 3,95,025 ਵਿਦੇਸ਼ੀ ਨਾਗਰਿਕਾਂ ਵਿੱਚੋਂ 3,06,601 ਭਾਰਤੀ ਗ੍ਰੀਨ ਕਾਰਡ ਲਈ ਉਡੀਕ ਵਿੱਚ ਸਨ। ਇਸ ਤੋਂ ਸਾਫ਼ ਹੈ ਕਿ ਜੇਕਰ ਇਹ ਸ਼ਰਤ ਹਟੇਗੀ ਤਾਂ ਲੱਖਾਂ ਭਾਰਤੀਆਂ ਨੂੰ ਫਾਇਦਾ ਮਿਲੇਗਾ।
First published: February 9, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...