ਜੇ ਤੁਸੀਂ ਬ੍ਰਿਟੇਨ ਵਿੱਚ ਪੜ੍ਹਾਈ ਕਰਨ ਦੇ ਲਈ ਜਾਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਹ ਖਬਰ ਕਾਫੀ ਅਹਿਮ ਹੈ । ਕਿਉਂਕਿ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਵਿਦੇਸ਼ੀ ਵਿਦਿਆਰਥੀਆਂ ਦੀ ਬ੍ਰਿਟੇਨ ਵਿੱਚ ਵਧਦੀ ਗਿਣਤੀ ਉੱਤੇ ਬ੍ਰੇਕ ਲਗਾਉਣ ਦੀ ਯੋਜਨਾ ਬਣਾ ਰਹੇ ਹਨ। ਪ੍ਰਧਾਨ ਮੰਤਰੀ ਦੇ ਇੱਕ ਬੁਲਾਰੇ ਨੇ ਇਸ ਸਭੰਧੀ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇਮੀਗ੍ਰੇਸ਼ਨ ਤੋਂ ਹਾਸਲ ਹੋਏ ਅੰਕੜਿਆਂ ਦੇ ਮੁਤਾਬਕ ਬ੍ਰਿਟੇਨ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਰਿਕਾਰਡ ਪੱਧਰ ਦੇ ਉੱਪਰ ਪਹੁੰਚ ਗਈ ਹੈ। ਇਸ ਲਈ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਵਿਚਾਰ ਕਰ ਰਹੇ ਹਨ ਕਿ ਵਿਦੇਸ਼ੀ ਵਿਦਿਆਰਥੀਆਂ ਦੀ ਬ੍ਰਿਟੇਨ ਵਿੱਚ ਵਧਦੀ ਗਿਣਤੀ ਉੱਤੇ ਬ੍ਰੇਕ ਲਗਾਈ ਜਾਵੇ। ਇਸ ਤਹਿਤ ਸਿਖਰ ਯੂਨੀਵਰਸਿਟੀਆਂ ਵਿੱਚ ਦਾਖ਼ਲੇ ਨੂੰ ਕੰਟਰੋਲ ਵਿੱਚ ਵੀ ਕੀਤਾ ਜਾ ਸਕਦਾ ਹੈ। ਵਿਦਿਆਰਥੀਆਂ ਦੇ ਮਾਪਿਆਂ ਨੂੰ ਮਿਲਣ ਵਾਲੇ ਵੀਜ਼ੇ ਦੇ ਉੱਪਰ ਵੀ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ।
ਬ੍ਰਿਟੇਨ ਸਰਕਾਰ ਦੇ ਮਾਈਗ੍ਰੇਸ਼ਨ ਸਲਾਹਕਾਰ ਨੇ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਇਸ ਕਦਮ ਨਾਲ ਬ੍ਰਿਟੇਨ ਦੀਆਂ ਕਈ ਯੂਨੀਵਰਸਿਟੀਆਂ ਦੀ ਆਰਥਿਕ ਸਥਿਤੀ ਵਿੱਗੜ ਸਜਦੀ ਹੈ। ਬ੍ਰਿਟੇਨ ਦੀ ਅਰਥ-ਵਿਵਸਥਾ ਲਈ ਵੀ ਇਹ ਕਦਮ ਨੁਕਸਾਨ ਪਹੁੰਚਾ ਸਕਦਾ ਹੈ। ਸਕਾਟਿਸ਼ ਨੈਸ਼ਨਲ ਪਾਰਟੀ ਨੇ ਮਤੇ ਦਾ ਵਿਰੋਧ ਕਰਦੇ ਹੋਏ ਸਕਾਟਲੈਂਡ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਯੋਗਦਾਨ ਦੀ ਤਾਰੀਫ ਕੀਤੀ ਹੈ।
ਤੁਹਾਨੂੰ ਦੱਸ ਦਈਏ ਕਿ ਸਾਲ 2020-21 ਵਿੱਚ ਬ੍ਰਿਟੇਨ ਦੀਆਂ ਯੂਨੀਵਰਸਿਟੀਆਂ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ 605,130 ਸੀ, ਜੋ ਕਿ ਪਿਛਲੇ ਸਾਲ ਦੇ ਕੁਲ 556,625 ਵਿਦਿਆਰਥੀਆਂ ਤੋਂ 8.71 ਫ਼ੀਸਦੀ ਵੱਧ ਸੀ। ਵਿਦੇਸ਼ੀ ਵਿਦਿਆਰਥੀਆਂ ਨੇ ਸਾਲ 2020-21 ਲਈ ਟਿਊਸ਼ਨ ਫ਼ੀਸ ਦੇ ਰੂਪ ਵਿੱਚ ਕੁਲ 9.95 ਬਿਲੀਅਨ ਪੌਂਡ ਦਾ ਭੁਗਤਾਨ ਕੀਤਾ ਸੀ।
ਪੀਟੀਆਈ ਦੀ ਰਿਪੋਰਟ ਦੇ ਮੁਤਾਬਕ ਬ੍ਰਿਟੇਨ ਵਿੱਚ ਵਿਦੇਸ਼ੀ ਵਿਦਿਆਰਥੀਆਂ ਵਿਚਾਲੇ ਚੀਨ ਨੂੰ ਪਿੱਛੇ ਛੱਡਦੇ ਹੋਏ ਭਾਰਤ ਦੇ ਵਿਦਿਆਰਥੀਆਂ ਦਾ ਸਮੂਹ ਪਹਿਲੀ ਵਾਰ ਸਭ ਤੋਂ ਵੱਡਾ ਹੋ ਗਿਆ ਹੈ। ਵੀਰਵਾਰ ਨੂੰ ਜਾਰੀ ਇੰਮੀਗ੍ਰੇਸ਼ਨ ਤਾਜ਼ਾ ਅੰਕੜਿਆਂ ਦੇ ਮੁਤਾਬਕ 2019 ਦੇ 34,261 ਦੇ ਮੁਕਾਬਲੇ ਸਤੰਬਰ 2022 ਵਿੱਚ ਸਮਾਪਤ ਸਾਲ ਵਿੱਚ ਭਾਰਤੀਆਂ ਨੂੰ 1,27,731 ਅਧਿਐਨ ਵੀਜ਼ੇ ਜਾਰੀ ਕੀਤੇ ਗਏ ਜੋ 93,470 ਵੱਧ ਹਨ। ਬ੍ਰਿਟੇਨ ਵਿੱਚ ਅਧਿਐਨ ਵੀਜ਼ਾ ਹਾਸਲ ਕਰਨ ਵਾਲੇ ਵਿਦੇਸ਼ੀ ਵਿਦਿਆਰਥੀਆਂ ਵਿੱਚ ਚੀਨ ਦੇ ਵਿਦਿਆਰਥੀ ਦੂਜੇ ਨੰਬਰ ਦੇ ਉੱਪਰ ਹਨ। ਸਤੰਬਰ 2022 ਵਿੱਚ ਖ਼ਤਮ ਹੋਏ ਸਾਲ ਵਿੱਚ 1,16,476 ਚੀਨੀ ਵਿਦਿਆਰਥੀਆਂ ਨੂੰ ਵੀਜ਼ੇ ਜਾਰੀ ਕੀਤੇ ਗਏ ਸਨ।ਹਾਲਾਂਕਿ ਹੁਣ ਭਾਰਤ ਦੇ ਵਿਦਿਆਰਥੀਆਂ ਦੀ ਸੰਖਿਆ ਹੋਰ ਵਧ ਗਈ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Britain, India, Rishi Sunak, Student, Studying In Abroad