ਬਰਤਾਨੀਆ ਵਿੱਚ ਰਿਸ਼ੀ ਸੁਨਕ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਦੀਆਂ ਮੁਸ਼ਕਲਾਂ ਵਧਣੀਆਂ ਸ਼ੁਰੂ ਹੋ ਗਈਆਂ ਹਨ,ਕਿਉਂਕਿ ਸੁਨਕ ਨੂੰ ਪ੍ਰਧਾਨ ਮੰਤਰੀ ਬਣੇ ਅਜੇ ਇੱਕ ਮਹੀਨਾ ਵੀ ਨਹੀਂ ਹੋਇਆ ਕਿ ਉਨ੍ਹਾਂ ਦੇ ਮੰਤਰੀ ਮੰਡਲ ਤੋਂ ਅਸਤੀਫ਼ੇ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ । ਇਹ ਖਬਰ ਸਾਹਮਣੇ ਆਈ ਹੈ ਕਿ ਬ੍ਰਿਟੇਨ ਦੇ ਮੰਤਰੀ ਗੇਵਿਨ ਵਿਲੀਅਮਸਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਗੇਵਿਨ ਦੇ ਉੱਪਰ ਆਪਣੇ ਸਾਥੀ ਸਹਿਯੋਗੀਆਂ ਨੂੰ ਧਮਕਾਉਣ ਦੇ ਇਲਜ਼ਾਮ ਲੱਗੇ ਹਨ।ਮੰਗਲਵਾਰ ਨੂੰ ਪ੍ਰਧਾਨ ਮੰਤਰੀ ਸੁਨਕ ਨੇ ਬ੍ਰਿਟੇਨ ਦੇ ਮੰਤਰੀ ਗੇਵਿਨ ਵਿਲੀਅਮਸਨ ਦਾ ਅਸਤੀਫਾ ਮਨਜ਼ੂਰ ਕਰ ਲਿਆ।ਇਸ ਤੋਂ ਬਾਅਦ ਸੁਨਕ ਨੇ ਕਿਹਾ ਕਿ ਮੈਂ ਸਮਝ ਸਕਦਾ ਹਾਂ ਕਿ ਵਿਲੀਅਮਸਨ ਦੇ ਵੱਲੋਂ ਇਹ ਫੈਸਲਾ ਕਿਉਂ ਲਿਆ ਗਿਆ ਹੈ।
ਸੁਨਕ ਨੇ ਕੀਤਾ ਵਿਲੀਅਮਸਨ ਦੇ ਅਸਤੀਫੇ ਦਾ ਸਮਰਥਨ
ਸੁਨਕ ਵੱਲੋਂ ਲਿਖੀ ਗਈ ਇੱਕ ਚਿੱਠੀ ਵਿੱਚ ਇਹ ਕਿਹਾ ਗਿਆ ਹੈ ਕਿ ਮੈਂ ਮੰਤਰੀ ਦੇ ਅਹੁਦੇ ਤੋਂ ਹਟਣ ਦੇ ਤੁਹਾਡੇ ਫੈਸਲੇ ਦਾ ਸਮਰਥਨ ਕਰਦਾ ਹਾਂ। ਮੈਂ ਸਮਝਦਾ ਹਾਂ ਕਿ ਤੁਸੀਂ ਇਹ ਫੈਸਲਾ ਕਿਉਂ ਲਿਆ। ਤੁਹਾਡੇ ਨਿੱਜੀ ਸਮਰਥਨ ਅਤੇ ਵਫ਼ਾਦਾਰੀ ਲਈ ਤੁਹਾਡਾ ਧੰਨਵਾਦ।
ਪਹਿਲਾਂ ਵੀ ਬਰਖਾਸਤ ਕੀਤਾ ਜਾ ਚੁੱਕਾ ਹੈ ਗੇਵਿਨ ਵਿਲੀਅਮਸਨ
ਦਰਅਸਲ ਗੈਵਿਨ ਵਿਲੀਅਮਸਨ ਨੂੰ ਪਿਛਲੇ ਸਮੇਂ ਵਿੱਚ ਵੀ ਪਿਛਲੇ ਪ੍ਰਧਾਨ ਮੰਤਰੀਆਂ ਨੇ ਕੈਬਨਿਟ ਵਿੱਚੋਂ ਬਰਖਾਸਤ ਕਰ ਦਿੱਤਾ ਸੀ। ਗੈਵਿਨ ਵਿਲੀਅਮਸਨ ਨੂੰ ਰੱਖਿਆ ਮੰਤਰੀ ਅਤੇ ਸਿੱਖਿਆ ਮੰਤਰੀ ਹੁੰਦਿਆਂ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਮੀਡੀਆ ਵਿੱਚ ਨਸ਼ਰ ਹੋਈਆਂ ਰਿਪੋਰਟਾਂ ਦੇ ਮੁਤਾਬਕ ਵਿਲੀਅਮਸਨ 'ਤੇ ਪ੍ਰਧਾਨ ਮੰਤਰੀ ਟੇਰੇਸਾ ਮੇਅ ਦੇ ਸਮੇਂ ਦੌਰਾਨ ਰੱਖਿਆ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੂੰ ਧਮਕੀ ਦੇਣ ਦਾ ਇਲਜ਼ਾਮ ਲੱਗਿਆ ਸੀ। ਵਿਲੀਅਮਸਨ ਉਸ ਸਮੇਂ ਰੱਖਿਆ ਸਕੱਤਰ ਸੀ। ਇਸ ਦੇ ਨਾਲ ਹੀ ਜਦੋਂ ਉਹ ਚੀਫ਼ ਵ੍ਹਿਪ ਸਨ ਤਾਂ ਉਨ੍ਹਾਂ ਉੱਤੇ ਵੀ ਕਈ ਇਲਜ਼ਾਮ ਲਗਾਏ ਗਏ ਸਨ।
ਰਿਸ਼ੀ ਸੁਨਕ ਦੀ ਕੈਬਨਿਟ ਤੋਂ ਇਹ ਹੈ ਪਹਿਲਾ ਅਸਤੀਫਾ
ਤੁਹਾਨੂੰ ਦੱਸ ਦੇਈਏ ਕਿ ਰਿਸ਼ੀ ਸੁਨਕ ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲੇ ਦੋ ਹਫਤੇ ਹੀ ਹੋਏ ਹਨ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਨੇ ਪਹਿਲੇ ਮੰਤਰੀ ਮੰਡਲ ਵਿਸਥਾਰ ਵਿੱਚ ਵਿਲੀਅਮਸਨ ਨੂੰ ਆਪਣੀ ਕੈਬਨਿਟ ਵਿੱਚ ਸ਼ਾਮਲ ਕੀਤਾ ਸੀ। ਹਾਲਾਂਕਿ ਵਿਲੀਅਮਸਨ ਨੇ ਦੋ ਹਫਤਿਆਂ ਦੇ ਅੰਦਰ ਹੀ ਆਪਣਾ ਅਸਤੀਫਾ ਦੇ ਦਿੱਤਾ। ਸੁਨਕ ਦਾ ਮੰਤਰੀ ਮੰਡਲ ਤੋਂ ਇਹ ਪਹਿਲਾ ਅਸਤੀਫਾ ਹੈ। ਆਪਣੇ ਅਸਤੀਫ਼ੇ ਦੇ ਪੱਤਰ ਵਿੱਚ ਵਿਲੀਅਮਸਨ ਨੇ ਇਹ ਲਿਖਿਆ ਕਿ ਉਹ ਆਪਣੀਆਂ ਪਿਛਲੀਆਂ ਭੂਮਿਕਾਵਾਂ ਵਿੱਚ ਆਪਣੇ ਸਾਥੀਆਂ ਨਾਲ ਧੱਕੇਸ਼ਾਹੀ ਦੇ ਇਲਜ਼ਾਮਾਂ ਦੀ ਜਾਂਚ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਮੈਂ ਨਿਰਪੱਖ ਅਤੇ ਸੁਤੰਤਰ ਜਾਂਚ ਦੀ ਪਾਲਣਾ ਕਰਨ ਲਈ ਅਹੁਦਾ ਛੱਡ ਰਿਹਾ ਹਾਂ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Britain, Minister, Prime Minister, Resignation, Rishi Sunak