ਯੂਕਰੇਨ ਉਤੇ ਹਮਲੇ ਤੋਂ ਬਾਅਦ ਰੂਸ ਦੀ ਫ਼ੌਜ ਰਾਜਧਾਨੀ ਕੀਵ ਦੇ ਅੰਦਰ ਪਹੁੰਚ ਗਈ ਹੈ ਅਤੇ ਉਥੇ ਲੜਾਈ ਜਾਰੀ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਨਾਹ ਲੈਣ ਲਈ ਕਿਹਾ ਹੈ। ਰੂਸੀ ਫ਼ੌਜਾਂ ਨੂੰ ਇਲਾਕੇ ਦੀ ਜਾਣਕਾਰੀ ਨਾ ਹੋਣ ਅਤੇ ਯੂਕਰੇਨੀ ਫ਼ੌਜ ਵੱਲੋਂ ਦਿੱਤੇ ਜਾ ਰਹੇ ਜਵਾਬ ਕਾਰਨ ਕੀਵ ’ਚ ਅੱਗੇ ਵਧਣ ’ਚ ਮੁਸ਼ਕਲ ਆ ਰਹੀ ਹੈ।
ਰੂਸ ਦੇ ਤਰਜਮਾਨ ਦਮਿਤਰੀ ਪੇਸਕੋਵ ਨੇ ਕਿਹਾ ਹੈ ਕਿ ਯੂਕਰੇਨ ਵੱਲੋਂ ਵਾਰਤਾ ਤੋਂ ਇਨਕਾਰ ਕੀਤੇ ਜਾਣ ਮਗਰੋਂ ਫ਼ੌਜ ਨੇ ਮੁੜ ਕਾਰਵਾਈ ਕਰਦਿਆਂ ਹਮਲੇ ਤੇਜ਼ ਕਰ ਦਿੱਤੇ ਹਨ। ਉਧਰ ਯੂਕਰੇਨੀ ਫ਼ੌਜ ਮੁਤਾਬਕ ਰੂਸ ਦੇ 14 ਜਹਾਜ਼, 8 ਹੈਲੀਕਾਪਟਰ, 102 ਟੈਂਕ, 536 ਬੀਬੀਐੱਮ, 15 ਭਾਰੀ ਮਸ਼ੀਨਗੰਨਾਂ ਅਤੇ ਇਕ ਬੀਯੂਕੇ ਮਿਜ਼ਾਈਲ ਨਸ਼ਟ ਕੀਤੇ ਗਏ ਹਨ।
ਕੀਵ ਇੰਡੀਪੈਂਡਟ ਦੀ ਰਿਪੋਰਟ ਮੁਤਾਬਕ ਰੂਸ ਦੇ 3500 ਜਵਾਨ ਮਾਰੇ ਗਏ ਹਨ ਜਦਕਿ 200 ਜਵਾਨਾਂ ਨੂੰ ਬੰਦੀ ਬਣਾਇਆ ਗਿਆ ਹੈ। ਮੁਲਕ ਦੇ ਰਾਸ਼ਟਰਪਤੀ ਵਲੋਦੋਮੀਰ ਜ਼ੇਲੈਂਸਕੀ ਨੇ ਅਮਰੀਕਾ ਵੱਲੋਂ ਉਸ ਨੂੰ ਸੁਰੱਖਿਅਤ ਕੱਢਣ ਦੀ ਦਿੱਤੀ ਗਈ ਪੇਸ਼ਕਸ ਨੂੰ ਇਹ ਆਖਦਿਆਂ ਨਕਾਰ ਦਿੱਤਾ ਹੈ ਕਿ ਉਹ ਮੁਲਕ ’ਚ ਰਹਿ ਕੇ ਹੀ ਲੜਨਗੇ।
ਕੀਵ ਦੇ ਮੇਅਰ ਨੇ ਸ਼ਹਿਰ ’ਚ ਕਰਫਿਊ ਦਾ ਸਮਾਂ ਸ਼ਾਮ 5 ਵਜੇ ਤੋਂ ਅਗਲੀ ਸਵੇਰ 8 ਵਜੇ ਤੱਕ ਕਰ ਦਿੱਤਾ ਹੈ। ਪਹਿਲਾਂ ਇਹ ਰਾਤ 10 ਵਜੇ ਤੋਂ ਸਵੇਰੇ 7 ਵਜੇ ਤੱਕ ਲਗਾਇਆ ਗਿਆ ਸੀ। ਇਸ ਦੌਰਾਨ ਨਾਟੋ ਨੇ ਪੂਰਬ ’ਚ ਆਪਣੇ ਮੈਂਬਰ ਮੁਲਕਾਂ ਦੀ ਰਾਖੀ ’ਚ ਮਦਦ ਲਈ ਗੱਠਜੋੜ ਦੀ ਫ਼ੌਜ ਭੇਜਣ ਦਾ ਫ਼ੈਸਲਾ ਲਿਆ ਹੈ।
ਨਾਟੋ ਨੇ ਇਹ ਨਹੀਂ ਦੱਸਿਆ ਹੈ ਕਿ ਕਿੰਨੀ ਕੁ ਫ਼ੌਜ ਤਾਇਨਾਤ ਕੀਤੀ ਜਾਵੇਗੀ ਪਰ ਇਹ ਧਰਤੀ, ਸਮੁੰਦਰ ਅਤੇ ਹਵਾਈ ਖੇਤਰ ’ਤੇ ਸਰਗਰਮ ਰਹੇਗੀ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਯੂਕਰੇਨ ਨੂੰ ਵਾਧੂ ਸੁਰੱਖਿਆ ਮਦਦ ਦੇਣ ਲਈ 35 ਕਰੋੜ ਡਾਲਰ ਦੇ ਪੱਤਰ ’ਤੇ ਦਸਤਖ਼ਤ ਕੀਤੇ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਨੇ ਚਿਤਾਵਨੀ ਦਿੱਤੀ ਕਿ ਯੂਕਰੇਨ ’ਤੇ ਰੂਸ ਦੇ ਹਮਲੇ ਕਾਰਨ ਯੂਰਪੀਅਨ ਲੋਕਾਂ ਲਈ ਗੰਭੀਰ ਸਿੱਟੇ ਨਿਕਲਣਗੇ।
ਉੱਤਰੀ ਐਟਲਾਂਟਿਕ ਸਮਝੌਤਾ ਸੰਸਥਾ (ਨਾਟੋ) ਫਰੇਮਵਰਕ ਅਧੀਨ ਫਰਾਂਸ ਵੱਲੋਂ ਰੋਮਾਨੀਆ ਵਿਚ 500 ਜਵਾਨ ਤਾਇਨਾਤ ਕੀਤੇ ਜਾਣਗੇ। ਫਰਾਂਸੀਸੀ ਅਖ਼ਬਾਰ ਲੀ ਫਿਗਾਰੋ ਨੇ ਫਰਾਂਸ ਹਥਿਆਰ ਬਲਾਂ ਦੇ ਚੀਫ਼ ਆਫ਼ ਸਟਾਫ ਜਨਰਲ ਥੀਰੀ ਬਰਕਹਾਰਡ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।