ਰੂਸ ਨੇ ਮੰਨਿਆ ਹੈ ਕਿ ਯੂਕਰੇਨ ਦੇ ਖਿਲਾਫ ਜੰਗ 'ਚ ਉਸ ਦੇ ਕਰੀਬ 500 ਫੌਜੀ ਮਾਰੇ ਗਏ ਹਨ ਅਤੇ 1600 ਦੇ ਕਰੀਬ ਜ਼ਖਮੀ ਹੋਏ ਹਨ।
ਉਥੇ ਹੀ ਯੂਕਰੇਨ ਨੇ ਆਪਣੇ ਹਥਿਆਰਬੰਦ ਬਲਾਂ ਦੀਆਂ ਮੌਤਾਂ ਦੇ ਅੰਕੜੇ ਜਾਰੀ ਨਹੀਂ ਕੀਤੇ ਹਨ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਦਾ ਕਹਿਣਾ ਹੈ ਕਿ ਯੂਕਰੇਨ 'ਤੇ ਰੂਸੀ ਹਮਲੇ ਤੋਂ ਬਾਅਦ ਘੱਟੋ-ਘੱਟ 331 ਨਾਗਰਿਕ ਮਾਰੇ ਗਏ ਹਨ ਅਤੇ 675 ਜ਼ਖਮੀ ਹੋਏ ਹਨ।
ਇਸ ਦੇ ਨਾਲ ਹੀ, ਯੂਕਰੇਨ ਦੀ ਰਾਜ ਐਮਰਜੈਂਸੀ ਸੇਵਾ ਨੇ ਕਿਹਾ ਹੈ ਕਿ ਉਸ ਦੇ 2,000 ਤੋਂ ਵੱਧ ਨਾਗਰਿਕ ਮਾਰੇ ਗਏ ਹਨ, ਹਾਲਾਂਕਿ ਇਸ ਦਾਅਵੇ ਦੀ ਪੁਸ਼ਟੀ ਕਰਨਾ ਅਸੰਭਵ ਹੈ।
ਉਧਰ, ਨਾਟੋ ਮੁਲਕਾਂ ਨੇ ਯੂਕਰੇਨ ਵੱਲੋਂ ਨੋ ਫਲਾਈ ਜ਼ੋਨ ਦੀ ਕੀਤੀ ਗਈ ਮੰਗ ਨੂੰ ਨਕਾਰਦਿਆਂ ਕਿਹਾ ਕਿ ਉਹ ਯੂਕਰੇਨ ਨੂੰ ਸਹਾਇਤਾ ਲਗਾਤਾਰ ਵਧਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਨੋ ਫਲਾਈ ਜ਼ੋਨ ਜਿਹੇ ਫ਼ੈਸਲੇ ਲਾਗੂ ਹੋਏ ਤਾਂ ਇਸ ਨਾਲ ਯੂਰੋਪ ਦੀ ਵੀ ਰੂਸ ਨਾਲ ਸਿੱਧੀ ਜੰਗ ਸ਼ੁਰੂ ਹੋ ਜਾਵੇਗੀ।
ਨਾਟੋ ਦੇ ਸਕੱਤਰ ਜਨਰਲ ਜੇਨਸ ਸਟੋਲਟਨਬਰਗ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ,‘‘ਅਸੀਂ ਇਸ ਸੰਘਰਸ਼ ਦਾ ਹਿੱਸਾ ਨਹੀਂ ਹਾਂ। ਨਾਟੋ ਮੁਲਕਾਂ ਦੇ ਭਾਈਵਾਲ ਹੋਣ ਕਾਰਨ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਜੰਗ ਨੂੰ ਯੂਕਰੇਨ ਤੋਂ ਅੱਗੇ ਫੈਲਣ ਤੋਂ ਰੋਕਿਆ ਜਾਵੇ ਕਿਉਂਕਿ ਇਹ ਹੋਰ ਵੀ ਵਧੇਰੇ ਖ਼ਤਰਨਾਕ ਹੋ ਜਾਵੇਗੀ।’’
ਉਨ੍ਹਾਂ ਕਿਹਾ ਕਿ ਨਾਟੋ ਮੁਲਕ ਯੂਕਰੇਨ ਦੀ ਹਾਲਤ ਨੂੰ ਸਮਝਦੇ ਹਨ ਕਿਉਂਕਿ ਰੂਸ ਆਖਦਾ ਆ ਰਿਹਾ ਹੈ ਕਿ ਅਜੇ ਹਾਲਤ ਹੋਰ ਬਦਤਰ ਹੋਣ ਵਾਲੀ ਹੈ। ਜ਼ਿਕਰਯੋਗ ਹੈ ਕਿ ਨਾਟੋ ਮੈਂਬਰਾਂ ਵੱਲੋਂ ਯੂਕਰੇਨ ਨੂੰ ਹਥਿਆਰ ਭੇਜੇ ਜਾ ਰਹੇ ਹਨ ਪਰ ਉਹ ਕਿਸੇ ਫ਼ੌਜੀ ਕਾਰਵਾਈ ਤੋਂ ਲਗਾਤਾਰ ਇਨਕਾਰ ਕਰਦਾ ਆ ਰਿਹਾ ਹੈ।
ਸਟੋਲਟਨਬਰਗ ਨੇ ਕਿਹਾ ਕਿ ਨੋ ਫਲਾਈ ਜ਼ੋਨ ਦਾ ਫ਼ੈਸਲਾ ਲਾਗੂ ਕਰਨ ਦਾ ਮਤਲਬ ਹੋਵੇਗਾ ਕਿ ਨਾਟੋ ਮੁਲਕ ਰੂਸੀ ਜਹਾਜ਼ਾਂ ਨੂੰ ਡੇਗਣ ਲਈ ਆਪਣੇ ਜਹਾਜ਼ ਭੇਜਣਗੇ ਜਿਸ ਨਾਲ ਹੋਰ ਵੱਡਾ ਖ਼ਤਰਾ ਪੈਦਾ ਹੋ ਸਕਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Russia Ukraine crisis, Russia-Ukraine News, Ukraine visa