ਗੁਆਂਢੀ ਦੇਸ਼ ਸ੍ਰੀਲੰਕਾ ਪਿਛਲੇ ਸੱਤ ਦਹਾਕਿਆਂ ਵਿੱਚ ਆਪਣੇ ਸਭ ਤੋਂ ਮਾੜੇ ਆਰਥਿਕ ਸੰਕਟ (Sri Lanka Economic Crisis) ਦਾ ਸਾਹਮਣਾ ਕਰ ਰਿਹਾ ਹੈ। ਸਰਕਾਰ ਦਾ ਖਜ਼ਾਨਾ ਪੂਰੀ ਤਰ੍ਹਾਂ ਖਾਲੀ ਹੋ ਚੁੱਕਾ ਹੈ ਅਤੇ ਤੇਜ਼ੀ ਨਾਲ ਵਧ ਰਹੀ ਮਹਿੰਗਾਈ ਕਾਰਨ ਚਾਰੇ ਪਾਸੇ ਹਾਹਾਕਾਰ ਮਚੀ ਹੋਈ ਹੈ।
ਸ਼੍ਰੀਲੰਕਾ ਇਸ ਸਮੇਂ ਈਂਧਨ ਦੀ ਭਾਰੀ ਕਮੀ ਦਾ ਸਾਹਮਣਾ ਕਰ ਰਿਹਾ ਹੈ। ਤੇਲ ਲੈਣ ਲਈ ਦੇਸ਼ ਭਰ ਵਿੱਚ ਹਜ਼ਾਰਾਂ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗ ਰਹੀਆਂ ਹਨ। ਇਸ ਦੌਰਾਨ ਸ਼੍ਰੀਲੰਕਾ ਵਿੱਚ ਸੈਨਿਕਾਂ ਨੇ ਸੋਮਵਾਰ ਨੂੰ ਪੈਟਰੋਲ ਲਈ ਕਤਾਰ ਵਿੱਚ ਖੜ੍ਹੇ ਲੋਕਾਂ ਨੂੰ ਟੋਕਨ ਦਿੱਤੇ, ਜਦੋਂ ਕਿ ਕੋਲੰਬੋ ਵਿੱਚ ਸਕੂਲ ਬੰਦ ਕਰ ਦਿੱਤੇ ਗਏ ਅਤੇ ਸਰਕਾਰੀ ਕਰਮਚਾਰੀਆਂ ਨੂੰ ਹੁਣ ਘਰ ਤੋਂ ਕੰਮ ਕਰਨ ਲਈ ਕਿਹਾ ਗਿਆ ਹੈ।
ਇੰਡੀਆ ਟੂਡੇ ਦੀ ਖਬਰ ਮੁਤਾਬਕ ਸ਼੍ਰੀਲੰਕਾ ਸਰਕਾਰ ਦਾ ਵਿਦੇਸ਼ੀ ਮੁਦਰਾ ਭੰਡਾਰ ਆਪਣੇ ਰਿਕਾਰਡ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ। 22 ਮਿਲਿਆ ਦੀ ਅਬਾਦੀ ਵਾਲਾ ਇਹ ਦੇਸ਼ ਭੋਜਨ, ਦਵਾਈ ਅਤੇ ਸਭ ਤੋਂ ਮਹੱਤਵਪੂਰਨ ਜੀਵਨ ਲਈ ਈਂਧਨ ਵਰਗੀਆਂ ਜ਼ਰੂਰੀ ਵਸਤਾਂ ਦੀ ਦਰਾਮਦ ਦਾ ਵੀ ਭੁਗਤਾਨ ਕਰਨ ਦੇ ਸਮਰੱਥ ਨਹੀਂ ਹੈ, ਜਿਸ ਕਾਰਨ ਮਹਿੰਗਾਈ ਹਰ ਰੋਜ਼ ਰਿਕਾਰਡ ਪੱਧਰ 'ਤੇ ਪਹੁੰਚ ਰਹੀ ਹੈ।
ਸ਼੍ਰੀਲੰਕਾ 'ਚ ਈਂਧਨ ਦੀ ਕਮੀ ਅਤੇ ਇਸ ਨੂੰ ਹਾਸਲ ਕਰਨ ਲਈ ਲੋਕਾਂ 'ਚ ਕਿਸ ਤਰ੍ਹਾਂ ਦੀ ਮੁਕਾਬਲੇਬਾਜ਼ੀ ਹੈ, ਇਸ ਦਾ ਅੰਦਾਜ਼ਾ ਇਕ ਰਿਕਸ਼ਾ ਚਾਲਕ ਦੀ ਗੱਲ ਤੋਂ ਲਗਾਇਆ ਜਾ ਸਕਦਾ ਹੈ। 67 ਸਾਲਾ ਆਟੋਰਿਕਸ਼ਾ ਚਾਲਕ ਡਬਲਯੂ. ਡੀ ਸ਼ੈਲਟਨ ਨੇ ਦੱਸਿਆ ਕਿ ਮੈਂ ਤੇਲ ਲੈਣ ਲਈ ਪਿਛਲੇ ਚਾਰ ਦਿਨਾਂ ਤੋਂ ਲਾਈਨ ਵਿੱਚ ਲੱਗਿਆ ਹੋਇਆ ਹਾਂ। ਇਸ ਦੌਰਾਨ ਮੈਂ ਨਾ ਤਾਂ ਚੰਗੀ ਤਰ੍ਹਾਂ ਸੌਂ ਸਕਿਆ ਅਤੇ ਨਾ ਹੀ ਖਾਣਾ ਖਾ ਸਕਿਆ। ਸ਼ੈਲਟਨ ਨੇ ਕਿਹਾ ਕਿ ਇੱਥੇ ਈਂਧਨ ਦੀ ਹਰ ਬੂੰਦ ਲਈ ਮੁਕਾਬਲਾ ਹੈ।
ਸਰਕਾਰੀ ਕਰਮਚਾਰੀ ਘਰੋਂ ਕੰਮ ਕਰਨਗੇ
ਪੈਟਰੋਲ, ਡੀਜ਼ਲ ਦੀ ਕਮੀ ਤੋਂ ਬਾਅਦ ਸਰਕਾਰ ਨੇ ਆਪਣੇ ਕਰਮਚਾਰੀਆਂ ਨੂੰ ਅਗਲੇ ਹੁਕਮਾਂ ਤੱਕ ਘਰ ਤੋਂ ਕੰਮ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਵਿੱਤੀ ਰਾਜਧਾਨੀ ਕੋਲੰਬੋ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ 'ਚ ਸੰਕਟ ਡੂੰਘਾ ਹੋਣ ਤੋਂ ਬਾਅਦ ਸਕੂਲਾਂ ਨੂੰ ਇਕ ਹਫਤੇ ਲਈ ਬੰਦ ਕਰ ਦਿੱਤਾ ਗਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।