ਭਾਰਤ ਵੱਲੋਂ ਲੋੜੀਂਦੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਬਾਰੇ ਇਹ ਖਬਰ ਆ ਰਹੀ ਹੈ ਕਿ ਉਸ ਦੀ ਅਜੇ ਮੌਤ ਨਹੀਂ ਹੋਈ ਹੈ ਅਤੇ ਅਜੇ ਵੀ ਉਹ ਪਾਕਿਸਤਾਨ ਵਿੱਚ ਬੈਠ ਕੇ ਭਾਰਤ ਦੇ ਖਿਲਾਫ ਅੱਤਵਾਦੀ ਸਾਜ਼ਿਸ਼ ਰਚ ਰਿਹਾ ਹੈ। ਖੁਫੀਆ ਦਸਤਾਵੇਜ਼ਾਂ ਤੋਂ ਪਤਾ ਲੱਗਾ ਹੈ ਕਿ ਬਦਨਾਮ ਅਪਰਾਧੀ ਅਤੇ ਖਾਲਿਸਤਾਨੀ ਅੱਤਵਾਦੀ ਹਰਵਿੰਦ ਸਿੰਘ ਰਿੰਦਾ ਅਜੇ ਵੀ ਜ਼ਿੰਦਾ ਹੈ। ਰਿੰਦਾ ਨੇ ਉਸ ਦੀ ਮੌਤ ਦੀ ਖ਼ਬਰ ਜਾਣਬੁੱਝ ਕੇ ਫੈਲਾਈ ਸੀ, ਤਾਂ ਜੋ ਭਾਰਤੀ ਏਜੰਸੀਆਂ ਦਾ ਧਿਆਨ ਉਸ ਤੋਂ ਹਟਾਇਆ ਜਾ ਸਕੇ।ਤੁਹਾਨੂੰ ਦੱਸ ਦੇਈਏ ਕਿ ਕੁੱਝ ਦਿਨ ਪਹਿਲਾਂ ਪਾਕਿਸਤਾਨ ਦੇ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਅੱਤਵਾਦੀ ਹਰਵਿੰਦਰ ਰਿੰਦਾ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ।
ਖੁਫੀਆ ਦਸਤਾਵੇਜ਼ਾਂ ਦੇ ਮੁਤਾਬਕ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਕਮਾਂਡਰਾਂ ਨੇ ਖੁਦ ਖੁਲਾਸਾ ਕੀਤਾ ਹੈ ਕਿ ਅੱਤਵਾਦੀ ਰਿੰਦਾ ਦੀ ਮੌਤ ਨਹੀਂ ਹੋਈ ਹੈ ਉਹ ਅਜੇ ਵੀ ਜ਼ਿੰਦਾ ਹੈ। ਦਰਅਸਲ ਨਵੰਬਰ ਦੇ ਆਖਰੀ ਹਫਤੇ ਬੱਬਰ ਖਾਲਸਾ ਇੰਟਰਨੈਸ਼ਨਲ ਦੀ ਮੀਟਿੰਗ ਹੋਈ ਸੀ, ਜਿਸ ਵਿੱਚ ਅੱਤਵਾਦੀ ਰਿੰਦਾ ਦਾ ਮੁੱਦਾ ਚੁੱਕਿਆ ਗਿਆ ਸੀ। ਬੱਬਰ ਖਾਲਸਾ ਇੰਟਰਨੈਸ਼ਨਲ ਦੇ ਕਮਾਂਡਰ ਨੇ ਕਿਹਾ ਸੀ ਕਿ ਰਿੰਦਾ ਆਪਣੇ ਨਿੱਜੀ ਫਾਇਦੇ ਅਤੇ ਨਿੱਜੀ ਦੁਸ਼ਮਣੀ ਲਈ ਬੱਬਰ ਖਾਲਸਾ ਇੰਟਰਨੈਸ਼ਨਲ ਅਤੇ ਆਈਐਸਆਈ ਦਾ ਨਾਮ ਲੈ ਰਿਹਾ ਹੈ।
ਇੰਨਾ ਹੀ ਨਹੀਂ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਅੱਤਵਾਦੀ ਕਮਾਂਡਰਾਂ ਦੀ ਬੈਠਕ ਦੇ ਵਿੱਚ ਕਿਹਾ ਗਿਆ ਸੀ ਕਿ ਇਸ ਮਾਮਲੇ 'ਚ ਰਿੰਦਾ ਨੂੰ ਲੈ ਕੇ ਪਾਕਿਸਤਾਨੀ ਖੁਫੀਆ ਏਜੰਸੀ ਆਈਐੱਸਆਈ ਨਾਲ ਮੀਟਿੰਗ ਕੀਤੀ ਜਾਵੇਗੀ। ਮੀਟਿੰਗ ਵਿੱਚ ਸਾਫ਼ ਤੌਰ ’ਤੇ ਕਿਹਾ ਗਿਆ ਕਿ ਰਿੰਦਾ ਦੇ ਉੱਪਰ ਆਈਐਸਆਈ ਦਾ ਪੂਰਾ ਕੰਟਰੋਲ ਹੈ। ਇਹੀ ਕਾਰਨ ਹੈ ਕਿ ਉਹ ਆਪਣੇ ਸਵਾਰਥ ਲਈ ਬੱਬਰ ਖਾਲਸਾ ਦੇ ਨਾਂ ਨੂੰ ਬਦਨਾਮ ਕਰ ਰਿਹਾ ਹੈ। ਇਸ ਤਰ੍ਹਾਂ ਇਹ ਇਕ ਵਾਰ ਫਿਰ ਸਾਬਤ ਹੋ ਗਿਆ ਹੈ ਕਿ ਪੰਜਾਬ ਵਿਚ ਅੱਤਵਾਦ ਦੇ ਪਿੱਛੇ ਪੂਰੀ ਤਰ੍ਹਾਂ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐੱਸ.ਆਈ. ਦਾ ਹੀ ਹੱਥ ਹੈ।
ਕੁਝ ਸਮਾਂ ਪਹਿਲਾਂ ਮੀਡੀਆ ਰਿਪੋਰਟਾਂ ਵਿੱਚ ਇਹ ਕਿਹਾ ਜਾ ਰਿਹਾ ਸੀ ਕਿ ਪੰਜਾਬ ਦੇ ਬਦਨਾਮ ਗੈਂਗਸਟਰ ਅੱਤਵਾਦੀ ਹਰਵਿੰਦਰ ਰਿੰਦਾ ਦੀ ਪਾਕਿਸਤਾਨ ਦੇ ਲਾਹੌਰ 'ਚ ਮੌਤ ਹੋ ਗਈ ਹੈ। ਹਾਲਾਂਕਿ ਉਸ ਸਮੇਂ ਵੀ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਸੀ। ਕੁਝ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਉਸ ਨੂੰ ਗੋਲੀ ਮਾਰ ਦਿੱਤੀ ਗਈ ਸੀ, ਜਦੋਂ ਕਿ ਕੁਝ ਨੇ ਕਿਹਾ ਕਿ ਉਸ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਸੀ। ਰਿਪੋਰਟਾਂ ਵਿੱਚ ਇਹ ਦੱਸਿਆ ਗਿਆ ਸੀ ਕਿ ਰਿੰਦਾ ਨੂੰ ਗੁਰਦਿਆਂ ਦੀ ਬਿਮਾਰੀ ਸੀ ਅਤੇ ਉਸ ਦਾ ਲਾਹੌਰ ਦੇ ਜਿੰਦਲ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। ਇੱਥੋਂ ਉਸ ਨੂੰ ਮਿਲਟਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।ਉਸ ਦੀ ਮੌਤ ਬਾਰੇ ਇਹ ਦੱਸਿਆ ਗਿਆ ਕਿ ਹਰਵਿੰਦਰ ਰਿੰਦਾ ਨੂੰ ਹਸਪਤਾਲ 'ਚ ਟੀਕਾ ਲਗਾਇਆ ਗਿਆ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਹਾਲਾਂਕਿ ਹੁਣ ਸਾਹਮਣੇ ਆਏ ਦਸਤਾਵੇਜ਼ਾਂ ਨੇ ਪੁਸ਼ਟੀ ਕੀਤੀ ਹੈ ਕਿ ਰਿੰਦਾ ਅਜੇ ਵੀ ਜ਼ਿੰਦਾ ਹੈ।
ਆਖਰ ਕੌਣ ਹੈ ਹਰਵਿੰਦ ਸਿੰਘ ਰਿੰਦਾ ?
ਅੱਤਵਾਦੀ ਹਰਵਿੰਦਰ ਰਿੰਦਾ ਪੰਜਾਬ ਦੇ ਤਰਨਤਾਰਨ ਦਾ ਰਹਿਣ ਵਾਲਾ ਹੈ। ਜੋ ਕਿ ਬਾਅਦ ਵਿੱਚ ਉਹ ਨਾਂਦੇੜ ਮਹਾਰਾਸ਼ਟਰ ਚਲਾ ਗਿਆ ਸੀ। ਉਸ ਨੂੰ ਸਤੰਬਰ 2011 ਵਿੱਚ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਕਈ ਅਪਰਾਧਿਕ ਮਾਮਲਿਆਂ ਵਿੱਚ ਉਸ ਦਾ ਨਾਮ ਸਾਹਮਣੇ ਆਉਣ ਤੋਂ ਬਾਅਦ ਉਹ ਫਰਜ਼ੀ ਪਾਸਪੋਰਟ ਦੀ ਵਰਤੋਂ ਕਰ ਕੇ ਨੇਪਾਲ ਦੇ ਰਸਤੇ ਪਾਕਿਸਤਾਨ ਭੱਜ ਗਿਆ ਸੀ। ਉਥੇ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐੱਸ.ਆਈ. ਨੇ ਉਸ ਨੂੰ ਆਪਣਾ ਗੁੰਡਾ ਬਣਾ ਲਿਆ। ਉਸ ਨੇ ਪੰਜਾਬ ਵਿੱਚ ਕੌਮਾਂਤਰੀ ਸਰਹੱਦ ਰਾਹੀਂ ਡਰੋਨ ਰਾਹੀਂ ਪਾਕਿਸਤਾਨ ਤੋਂ ਹਥਿਆਰ ਭੇਜਣੇ ਸ਼ੁਰੂ ਕਰ ਦਿੱਤੇ। ਪਿਛਲੇ ਦਿਨੀਂ ਪੰਜਾਬ ਵਿੱਚ ਹੋਈਆਂ ਕਈ ਵੱਡੀਆਂ ਘਟਨਾਵਾਂ ਵਿੱਚ ਉਸ ਦਾ ਨਾਮ ਵੀ ਸਾਹਮਣੇ ਆਇਆ ਸੀ। ਹਰਵਿੰਦਰ ਰਿੰਦਾ ਪੁਲਿਸ ਰਿਕਾਰਡ ਵਿੱਚ ਇੱਕ ਹਿਸਟਰੀਸ਼ੀਟਰ ਸੀ। ਉਹ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਮਹਾਰਾਸ਼ਟਰ ਵਿੱਚ ਬਦਨਾਮ ਗੈਂਗਸਟਰ ਸੀ। ਉਹ ਪੰਜਾਬ ਪੁਲਿਸ ਨੂੰ ਕਤਲ, ਕੰਟਰੈਕਟ ਕਿਿਲੰਗ, ਡਕੈਤੀ, ਫਿਰੌਤੀ ਅਤੇ ਖੋਹ ਦੇ ਕਈ ਮਾਮਲਿਆਂ ਵਿੱਚ ਲੋੜੀਂਦਾ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।