ਜਲੰਧਰ- ਪੰਜਾਬ ਸਰਕਾਰ ਵੱਲੋਂ ਪ੍ਰਾਇਮਰੀ ਹੈਲਥ ਸੈਂਟਰਾਂ ਵਿਖੇ ਆਮ ਆਦਮੀ ਕਲੀਨਿਕ ਦੀ ਤਰਜ ’ਤੇ ਮਿਆਰੀ ਸਿਹਤ ਸੇਵਾਵਾਂ ਦੇਣ ਦੇ ਮਕਸਦ ਨਾਲ ਅੱਜ ਜਿਲ੍ਹੇ ਜਲੰਧਰ ਵਿੱਚ 32 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ। ਇਨ੍ਹਾਂ ਕਲੀਨਿਕਾਂ ਵਿੱਚ 26 ਪੇਂਡੂ ਅਤੇ 6 ਸ਼ਹਿਰੀ ਖੇਤਰਾਂ ਵਿੱਚ ਸਥਾਪਤ ਹਨ ਜਿੱਥੇ ਲੋੜੀਂਦੀ ਸਿਖਲਾਈ ਉਪਰੰਤ ਸਟਾਫ਼ ਤਾਇਨਾਤ ਕਰ ਦਿੱਤਾ ਗਿਆ ਹੈ।
ਬਸਤੀ ਦਾਨਿਸ਼ਮੰਦਾਂ ਵਿਖੇ ਵਿਧਾਇਕ ਸ਼ੀਤਲ ਅੰਗੂਰਾਲ ਨੇ, ਪਿੰਡ ਧੰਨੋਵਾਲੀ ਵਿਖੇ ਵਿਧਾਇਕ ਰਮਨ ਅਰੋੜਾ ਅਤੇ ਪਿੰਡ ਰੰਧਾਵਾ ਮਸੰਦਾਂ ਵਿਖੇ ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ ਨੇ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ। ਹਲਕਾ ਨਕੋਦਰ ਦੇ ਪਿੰਡ ਬਿਲਗਾ, ਊੱਗੀ, ਮੱਲੀਆਂ ਕਲਾ, ਤੱਲਵਣ, ਸਰੀਂਹ ਅਤੇ ਕੋਟ ਬਾਦਲ ਖਾਂ ਵਿਖੇ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਇਨ੍ਹਾਂ ਕਲੀਨਿਕਾਂ ਦੀ ਸ਼ੁਰੂਆਤ ਕੀਤੀ। ਇਸੇ ਤਰ੍ਹਾਂ ਪਿੰਡ ਰੂਪੇਵਾਲੀ ਦੇ ਕਲੀਨਿਕ ਦੀ ਸ਼ੁਰੂਆਤ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਕੀਤੀ ਗਈ। ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕਰਦਿਆਂ ਇਨ੍ਹਾਂ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਵੱਡੇ ਮਾਅਰਕੇ ਮਾਰੇ ਜਾ ਰਹੇ ਹਨ ਜਿਨ੍ਹਾਂ ਤਹਿਤ ਪੰਜਾਬ ਦੇ ਵੱਖ-ਵੱਖ ਹਿੱਸਿਆਂ ’ਚ ਆਮ ਆਦਮੀ ਕਲੀਨਿਕ ਸ਼ੁਰੂ ਕੀਤੇ ਗਏ ਹਨ।
ਉਨ੍ਹਾਂ ਨੇ ਕਿਹਾ ਕਿ ਇਹ ਕਲੀਨਿਕ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਮੁੱਢਲੀਆਂ ਅਤੇ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨੀਆਂ ਯਕੀਨੀ ਬਣਾ ਰਹੇ ਹਨ। ਇਨ੍ਹਾਂ ਕਲੀਨਿਕਾਂ ਵਿਖੇ ਵੱਖ-ਵੱਖ ਟੈਸਟਾਂ ਦੀ ਵਿਵਸਥਾ ਕੀਤੀ ਗਈ ਹੈ ਤਾਂ ਜੋ ਲੋਕਾਂ ਨੂੰ ਆਮ ਟੈਸਟਾਂ ਦੀ ਸਹੂਲਤ ਅਸਾਨੀ ਨਾਲ ਉਪਬਲਧ ਕਰਵਾਈ ਜਾ ਸਕੇ। ਪਿੰਡ ਧੰਨੋਵਾਲੀ ਵਿਖੇ ਵਿਧਾਇਕ ਰਮਨ ਅਰੋੜਾ ਨੇ ਵਧੀਕ ਡਿਪਟੀ ਕਮਿਸ਼ਨਰ ਮੇਜਰ ਅਮਿਤ ਮਹਾਜਨ ਅਤੇ ਸਿਵਲ ਸਰਜਨ ਡਾ. ਰਮਨ ਸ਼ਰਮਾ ਦੀ ਮੌਜੂਦਗੀ ਵਿੱਚ ਕਲੀਨਿਕ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਇਸ ਦੇ ਸ਼ੁਰੂ ਹੋਣ ਨਾਲ ਨੇੜਲ਼ੇ ਕਈ ਪਿੰਡਾਂ ਦੇ ਵਸਨੀਕਾਂ ਨੂੰ ਸਿਹਤ ਸੇਵਾਵਾਂ, ਮੁਫਤ ਦਵਾਈਆਂ ਅਤੇ ਟੈਸਟਾਂ ਦੀ ਸਹੂਲਤ ਮਿਲੇਗੀ। ਇਨ੍ਹਾਂ ਕਲੀਨਿਕਾਂ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਮਨ ਸ਼ਰਮਾ ਨੇ ਦੱਸਿਆ ਕਿ ਸਾਰੇ ਕਲੀਨਿਕਾਂ ਵਿੱਚ ਢੁਕਵੇਂ ਪ੍ਰਬੰਧ ਅਮਲ ਵਿੱਚ ਲਿਆਉਣ ਦੇ ਨਾਲ-ਨਾਲ ਡਾਕਟਰਾਂ ਸਮੇਤ ਲੋੜੀਂਦਾ ਸਟਾਫ ਤਇਨਾਤ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਇਨ੍ਹਾਂ ਕਲੀਨਿਕਾਂ ’ਤੇ ਵੱਡੇ ਟੈਸਟਾਂ ਲਈ ਸੈਂਪਲਿੰਗ ਵੀ ਸ਼ੁਰੂ ਹੋਣ ਜਾ ਰਹੀ ਹੈ ਅਤੇ ਇਨ੍ਹਾਂ ਸੈਂਪਲਾਂ ਦੀ ਸਿਵਲ ਹਸਪਤਾਲ ਵਿਖੇ ਅਤਿ-ਆਧੁਨਿਕ ਲੈਬ ਵਿੱਚ ਜਾਂਚ ਉਪਰੰਤ ਅਗਲੇ ਦਿਨ ਰਿਪੋਰਟ ਸੰਬਧਤ ਵਿਅਕਤੀ ਦੇ ਮੋਬਾਇਲ ਭੇਜੀ ਜਾਇਆ ਕਰੇਗੀ। ਉਨ੍ਹਾਂ ਦੱਸਿਆ ਕਿ ਇਹ ਕਲੀਨਿਕ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਦੇਣ ਦੇ ਖੇਤਰ ਵਿੱਚ ਮੀਲ ਪੱਥਰ ਸਾਬਤ ਹੋਣਗੇ। ਜਿਕਰਯੋਗ ਹੈ ਕਿ ਜਲੰਧਰ ਜ਼ਿਲ੍ਹੇ ਵਿੱਚ 15 ਅਗਸਤ 2022 ਨੂੰ 6 ਆਮ ਆਦਮੀ ਕਲੀਨਿਕ ਸ਼ੁਰੂ ਕੀਤੇ ਗਏ ਜਿਨ੍ਹਾਂ ’ਚੋਂ ਤਿੰਨ ਸ਼ਹਿਰੀ ਅਤੇ ਤਿੰਨ ਪੇਂਡੂ ਖੇਤਰਾਂ ’ਚ ਵਿੱਚ ਸ਼ੁਰੂ ਕੀਤੇ ਗਏ ਸਨ ਜਿੱਥੇ ਹੁਣ ਤੱਕ 50 ਹਜ਼ਾਰ ਤੋਂ ਵੱਧ ਲੋਕਾਂ ਨੇ ਸਿਹਤ ਸਹੂਲਤਾਂ ਦਾ ਲਾਭ ਲਿਆ। ਅੱਜ 32 ਹੋਰ ਕਲੀਨਿਕ ਖੁੱਲ੍ਹ ਜਾਣ ਨਾਲ ਜ਼ਿਲ੍ਹੇ ’ਚ ਕੁੱਲ 38 ਆਮ ਆਦਮੀ ਕਲੀਨਿਕ ਸ਼ੁਰੂ ਹੋ ਚੁੱਕੇ ਹਨ। ਅੱਜ ਸ਼ੁਰੂ ਹੋਏ ਆਮ ਆਦਮੀ ਕਲੀਨਿਕ: ਇਨ੍ਹਾਂ ਕਲੀਨਿਕਾਂ ਵਿੱਚ ਪੀ.ਐਚ.ਸੀ ਅਰਜਨਵਾਲ, ਰਾਏਪੁਰ-ਰਸੂਲਪੁਰ, ਜੰਡਿਆਲਾ, ਰੁੜਕਾ ਕਲਾਂ, ਪੰਡੋਰੀ ਨਿੱਜਰਾਂ, ਬੁੱਟਰਾਂ, ਊੱਗੀ, ਦਿਆਲਪੁਰ, ਦੁਸਾਂਝ ਕਲਾਂ, ਨਗਰ, ਬੋਲੀਨਾ, ਜਮਸ਼ੇਰ ਖਾਸ, ਰਾਏਪੁਰ ਫਰਾਲਾ, ਗੁਰਾਇਆ, ਬਾਲੋਕੀ, ਗਿੱਦੜਪਿੰਡੀ, ਲਸੂੜੀ, ਬਿਲਗਾ, ਕੋਟ ਬਾਦਲ ਖਾਂ, ਤਲਵਣ, ਮੌ ਸਾਹਿਬ, ਚਿੱਟੀ, ਰੰਧਾਵਾ ਮੰਸਦਾਂ, ਮੱਲੀਆਂ ਕਲਾਂ, ਸਰੀਂਹ, ਰੂਪੇਵਾਲੀ, ਧੰਨੋਵਾਲੀ, ਭਾਰਗੋ ਕੈਂਪ, ਦਕੋਹਾ, ਨਾਗਰਾ,ਗਾਂਧੀ ਨਗਰ ਅਤੇ ਬਸਤੀ ਦਾਨਿਸ਼ਮੰਦਾ ਸ਼ਾਮਿਲ ਹਨ।
1. ਵਿਧਾਇਕ ਸ਼ੀਤਲ ਅੰਗੂਰਾਲ ਬਸਤੀ ਦਾਨਿਸ਼ਮੰਦਾ ਵਿਖੇ ਆਮ ਆਦਮੀ ਕਲੀਨਿਕ ਲੋਕਾਂ ਸਮਰਪਿਤ ਕਰਦੇ ਹੋਏ।
2.ਵਿਧਾਇਕ ਰਮਨ ਅਰੋੜਾ ਵਧੀਕ ਡਿਪਟੀ ਕਮਿਸ਼ਨਰ ਮੇਜਰ ਅਮਿਤ ਮਹਾਜਨ ਅਤੇ ਸਿਵਲ ਸਰਜਨ ਰਮਨ ਸ਼ਰਮਾ ਸਮੇਤ ਪਿੰਡ ਧੰਨੋਵਾਲੀ ਵਿਖੇ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕਰਦੇ ਹੋਏ।
3.ਵਿਧਾਇਕ ਬਲਕਾਰ ਸਿੰਘ ਰੰਧਾਵਾ ਮੰਸਦਾਂ ਵਿਖੇ ਆਮ ਆਦਮੀ ਕਲੀਨਿਕ ਦੀ ਸ਼ੁਰੂਆਤ ਕਰਦੇ ਹੋਏ।
4.ਨਕੋਦਰ ਤੋਂ ਵਿਧਾਇਕ ਇੰਦਰਜੀਤ ਕੌਰ ਮਾਨ ਪਿੰਡ ਊੱਗੀ ਵਿਖੇ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕਰਦੇ ਹੋਏ।
5.ਨਕੋਦਰ ਤੋਂ ਵਿਧਾਇਕ ਇੰਦਰਜੀਤ ਕੌਰ ਮਾਨ ਪਿੰਡ ਬਿਲਗਾ ਵਿਖੇ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕਰਦੇ ਹੋਏ।
6.ਨਕੋਦਰ ਤੋਂ ਵਿਧਾਇਕ ਇੰਦਰਜੀਤ ਕੌਰ ਮਾਨ ਪਿੰਡ ਮੱਲੀਆਂ ਕਲਾਂ ਵਿਖੇ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕਰਦੇ ਹੋਏ।
7.ਨਕੋਦਰ ਤੋਂ ਵਿਧਾਇਕ ਇੰਦਰਜੀਤ ਕੌਰ ਮਾਨ ਪਿੰਡ ਤਲਵਣ ਵਿਖੇ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕਰਦੇ ਹੋਏ।
8.ਨਕੋਦਰ ਤੋਂ ਵਿਧਾਇਕ ਇੰਦਰਜੀਤ ਕੌਰ ਮਾਨ ਪਿੰਡ ਕੋਟ ਬਾਦਲ ਖਾਂ ਵਿਖੇ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕਰਦੇ ਹੋਏ।
9.ਨਕੋਦਰ ਤੋਂ ਵਿਧਾਇਕ ਇੰਦਰਜੀਤ ਕੌਰ ਮਾਨ ਪਿੰਡ ਸਰੀਂਹ ਵਿਖੇ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕਰਦੇ ਹੋਏ।
10.ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਪਿੰਡ ਰੂਪੇਵਾਲੀ ਵਿਖੇ ਆਮ ਆਦਮੀ ਕਲੀਨਿਕ ਦੀ ਸ਼ੁਰੂਆਤ ਕਰਦੇ ਹੋਏ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Jalandhar, Mohalla clinics, Punjab