Chaitra Navratri 202322 ਮਾਰਚ ਤੋਂ ਚੇਤਰ ਦੇ ਨਰਾਤੇ ਸ਼ੁਰੂ ਹੋ ਰਹੇ ਹਨ। ਨਰਾਤਿਆਂ ਦੌਰਾਨ ਨੌ ਦਿਨ ਮਾਂ ਦੁਰਗਾ ਦੇ ਵੱਖ ਵੱਖ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਇਨ੍ਹਾਂ ਦਿਨਾਂ ਵਿੱਚ ਸ਼ਰਧਾਲੂਆਂ ਦੁਆਰਾ ਵਰਤ ਰੱਖੇ ਜਾਂਦੇ ਹਨ ਅਤੇ ਮਾਂ ਦੁਰਗਾ ਦਾ ਆਸ਼ੀਰਵਾਦ ਲਿਆ ਜਾਂਦਾ ਹੈ। ਨਰਾਤਿਆਂ ਦੇ ਦਿਨਾਂ ਵਿੱਚ ਮਾਂ ਦੁਰਗਾ ਅਤੇ ਉਨ੍ਹਾਂ ਨਾਲ ਸੰਬੰਧਿਤ ਵੱਖ ਵੱਖ ਰੂਪਾਂ ਦੇ ਮੰਦਿਰਾਂ ਵਿੱਚ ਸ਼ਰਧਾਲੂਆਂ ਦਾ ਭਾਰੀ ਇਕੱਠ ਹੁੰਦਾ ਹੈ।
ਅਸੀਂ ਤੁਹਾਨੂੰ ਮਾਂ ਦੁਰਗਾ ਨਾਲ ਸੰਬੰਧਿਤ ਮੰਦਿਰਾਂ ਬਾਰੇ ਦੱਸਣ ਜਾ ਰਹੇ ਹਾਂ। ਤੁਸੀਂ ਚੇਤਰ ਨਵਰਾਤਰੀ ਦੌਰਾਨ ਇਨ੍ਹਾਂ ਮੰਦਿਰਾਂ ਵਿੱਚ ਜਾ ਕੇ ਮਾਂ ਦੁਰਗਾ ਦਾ ਆਸ਼ੀਰਵਾਦ ਪ੍ਰਾਪਤ ਕਰ ਸਕਦੇ ਹੋ। ਪੰਡਿਤ ਕਮਲੇਸ਼ ਜੋਸ਼ੀ ਅਨੁਸਾਰ ਇਨ੍ਹਾਂ ਮੰਦਿਰਾਂ ਦੇ ਦਰਸ਼ਨ ਕਰਨ ਨਾਲ ਜੀਵਨ ਦੀਆਂ ਸਾਰੀਆਂ ਪ੍ਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ। ਆਓ ਜਾਣਦੇ ਹਾਂ ਮਾਂ ਦੁਰਗਾ ਦੇ ਰੂਪਾਂ ਨਾਲ ਸੰਬੰਧਿਤ ਪ੍ਰਸਿੱਧ ਮੰਦਿਰਾਂ ਬਾਰੇ-
ਮਾਂ ਵੈਸ਼ਨੋ ਦੇਵੀ ਮੰਦਿਰ
ਮਾਂ ਵੈਸ਼ਨੋ ਦੇਵੀ ਦਾ ਮੰਦਿਰ ਜੰਮੂ ਕਸ਼ਮੀਰ ਦੇ ਕਟੜਾ ਜ਼ਿਲ੍ਹੇ ਵਿੱਚ ਸਥਿਤ ਹੈ। ਇਸ ਮੰਦਿਰ ਨੂੰ ਦੇਸ਼ ਦੇ 108 ਸ਼ਕਤੀਪੀਠਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਨਵਰਾਤਰੀ ਦੌਰਾਨ ਇਸ ਮੰਦਿਰ ਵਿੱਚ ਸ਼ਰਧਾਲੂਆਂ ਦਾ ਭਾਰੀ ਇਕੱਠ ਹੁੰਦਾ ਹੈ। ਮੰਦਿਰ ਵਿੱਚ ਮਾਂ ਵੈਸ਼ਨੋ ਦੇਵੀ ਦੀ ਪਵਿੱਤਰ ਗੁਫ਼ਾ ਵੀ ਹੈ। ਮੰਨਿਆ ਜਾਂਦਾ ਹੈ ਕਿ ਨਵਰਾਤਰੀ ਦੌਰਾਨ ਇਸ ਮੰਦਿਰ ਦੇ ਦਰਸ਼ਨ ਕਰਨ ਨਾਲ ਮਨ ਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ।
ਮਾਂ ਚਾਮੁੰਡੇਸ਼ਵਰੀ ਮੰਦਿਰ
ਮਾਂ ਚਾਮੁੰਡੇਸ਼ਵਰੀ ਦਾ ਮੰਦਰ ਕਰਨਾਟਕ ਦੇ ਮੈਸੂਰ ਵਿੱਚ ਸਥਿਤ ਹੈ। ਇਹ ਮੰਦਰ ਪਹਾੜੀ ਦੀ ਚੋਟੀ 'ਤੇ ਬਣਿਆ ਹੋਇਆ ਹੈ। ਇਸ ਮੰਦਿਰ ਦੀ ਵਿਸ਼ੇਸ਼ ਮਾਨਤਾ ਹੈ। ਨਵਰਾਤਰੀ ਦੌਰਾਨ ਸ਼ਰਧਾਲੂ ਦੂਰੋਂ ਦੂਰੋਂ ਚੱਲ ਕੇ ਇੱਥੇ ਆਉਂਦੇ ਹਨ। ਮਾਨਤਾਵਾਂ ਦੇ ਅਨੁਸਾਰ ਇਸ ਮੰਦਿਰ ਦੇ ਸਥਾਨ ਉੱਤੇ ਮਾਤਾ ਸਤੀ ਦੇ ਸਿਰ ਦੇ ਵਾਲ ਡਿੱਗੇ ਸਨ।
ਕਾਲੀ ਦੇਵੀ ਮੰਦਿਰ
ਮਾਂ ਕਾਲੀ ਮਾਂ ਦੁਰਗਾ ਦਾ ਹੀ ਰੂਪ ਹੈ। ਕੋਲਕਾਤਾ ਵਿੱਚ ਮਾਂ ਦੁਰਗਾ ਦੀ ਵਿਸ਼ੇਸ਼ ਰੂਪ ਵਿੱਚ ਪੂਜਾ ਕੀਤੀ ਜਾਂਦ ਹੈ। ਮਾਂ ਕਾਲੀ ਨਾਲ ਸੰਬੰਧਿਤ ਕੋਲਕਾਤਾ ਦਾ ਕਾਲੀਘਾਟ ਮੰਦਰ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ। ਮੰਨਿਆ ਜਾਂਦਾ ਹੈ ਕਿ ਇਹ ਮੰਦਰ 2 ਹਜ਼ਾਰ ਸਾਲ ਤੋਂ ਵੀ ਪੁਰਾਣਾ ਹੈ। ਇੱਥੇ ਨਵਰਾਤਰੀ ਦੌਰਾਨ ਦੁਰਗਾ ਪੂਜਾ ਕੀਤੀ ਜਾਂਦੀ ਹੈ ਤੇ ਸ਼ਰਧਾਲੂਆਂ ਦਾ ਭਾਰੀ ਇਕੱਠ ਹੁੰਦਾ ਹੈ।
ਮਹਾਕਾਲੀ ਦੇਵੀ ਮੰਦਿਰ
ਇਹ ਮੰਦਿਰ ਉਜੈਨ ਸ਼ਹਿਰ ਵਿੱਚ ਸ਼੍ਰੀਪਰਾ ਨਦੀ ਦੇ ਕੰਢੇ 'ਤੇ ਸਥਿਤ ਹੈ। ਮਹਾਕਾਲੀ ਦੇਵੀ ਦਾ ਇਹ ਮੰਦਿਰ ਬਹੁਤ ਹੀ ਪ੍ਰਸਿੱਧ ਹੈ। ਨਵਰਾਤਰੀ ਦੌਰਾਨ ਸ਼ਰਧਾਲੂ ਇੱਥੇ ਜਾ ਕੇ ਦੇਵੀ ਦੁਰਗਾ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਨ। ਮਿਥਿਹਾਸਕ ਕਥਾਵਾਂ ਦੇ ਅਨੁਸਾਰ ਇਸ ਮੰਦਿਰ ਦੇ ਸਥਾਨ ਉੱਤੇ ਦੇਵੀ ਸਤੀ ਦਾ ਉਪਰਲਾ ਬੁੱਲ੍ਹ ਡਿੱਗਿਆ ਸੀ।
ਮਾਂ ਕਾਮਾਖਿਆ ਮੰਦਿਰ
ਮਾਂ ਕਾਮਾਖਿਆ ਮੰਦਿਰ ਗੁਹਾਟੀ ਵਿੱਚ ਮੌਜੂਦ ਹੈ। ਇਹ ਮੰਦਿਰ ਇੱਕ ਗੁਫ਼ਾ ਵਿੱਚ ਬਣਿਆ ਹੋਇਆ ਹੈ। ਇਸ ਮੰਦਿਰ ਨੂੰ ਵੀ ਪ੍ਰਮੁੱਖ ਸ਼ਕਤੀਪੀਠਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇੱਥੇ ਨਵਰਾਤਰੀ ਬੜੇ ਉਤਸ਼ਾਹ ਨਾਲ ਮਨਾਈ ਜਾਂਦੀ ਹੈ। ਨਵਰਾਤਰੀ ਦੇ ਮੌਕੇ 'ਤੇ ਇਸ ਮੰਦਰ 'ਚ ਹਜ਼ਾਰਾਂ ਦੀ ਗਿਣਤੀ 'ਚ ਸ਼ਰਧਾਲੂ ਆਉਂਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Chaitra Navratri 2023, Durga, Religion