ਭਾਰਤੀ ਬਾਜ਼ਾਰ 'ਚ ਇਲੈਕਟ੍ਰਿਕ ਸਕੂਟਰਾਂ ਦੀ ਮੰਗ ਦਿਨੋਂ-ਦਿਨ ਵਧ ਰਹੀ ਹੈ। ਅਜਿਹੇ 'ਚ ਜ਼ਿਆਦਾਤਰ ਗਾਹਕਾਂ ਦੀਆਂ ਨਜ਼ਰਾਂ ਪ੍ਰਮੁੱਖ ਦੋਪਹੀਆ ਵਾਹਨ ਨਿਰਮਾਤਾ ਕੰਪਨੀ ਹੌਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ (HMSI) 'ਤੇ ਟਿਕੀਆਂ ਹੋਈਆਂ ਸਨ। ਆਪਣੀ ਐਕਟਿਵਾ ਦੇ ਦਮ 'ਤੇ ਸਕੂਟਰ ਸੈਗਮੈਂਟ 'ਤੇ ਰਾਜ ਕਰਨ ਵਾਲੀ ਇਸ ਕੰਪਨੀ ਨੇ ਹੁਣ ਇਲੈਕਟ੍ਰਿਕ ਵਾਹਨਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਇਲੈਕਟ੍ਰਿਕ ਟੂ-ਵ੍ਹੀਲਰ ਦੇ ਮੈਗਾ-ਪਲਾਨ ਨੂੰ ਸ਼ੇਅਰ ਕਰਦੇ ਹੋਏ ਕੰਪਨੀ ਨੇ ਦੱਸਿਆ ਹੈ ਕਿ ਕੰਪਨੀ 2024 ਤੱਕ ਭਾਰਤੀ ਬਾਜ਼ਾਰ 'ਚ ਦੋ ਇਲੈਕਟ੍ਰਿਕ ਸਕੂਟਰ ਲਾਂਚ ਕਰੇਗੀ।
ਹੌਂਡਾ ਆਪਣੇ ਇਲੈਕਟ੍ਰਿਕ ਸਕੂਟਰਾਂ ਨੂੰ ਬਿਲਕੁਲ ਨਵੇਂ ਪਲੇਟਫਾਰਮ 'ਤੇ ਬਣਾਏਗੀ ਅਤੇ ਇਹ ਪਲੇਟਫਾਰਮ ਵਿਸ਼ੇਸ਼ ਤੌਰ 'ਤੇ ਸਿਰਫ ਇਲੈਕਟ੍ਰਿਕ ਵਾਹਨਾਂ ਲਈ ਤਿਆਰ ਕੀਤਾ ਗਿਆ ਹੈ। ਕੰਪਨੀ ਨੇ ਇਸ ਨੂੰ 'ਪਲੇਟਫਾਰਮ-ਈ' ਕੋਡਨੇਮ ਦਿੱਤਾ ਹੈ। ਇਸ ਪਲੇਟਫਾਰਮ 'ਤੇ ਕਈ ਵੱਖ-ਵੱਖ ਮਾਡਲ ਬਣਾਏ ਜਾਣਗੇ, ਜਿਨ੍ਹਾਂ ਨੂੰ ਵੱਖ-ਵੱਖ ਬੈਟਰੀ ਪੈਕ ਅਤੇ ਆਰਕੀਟੈਕਚਰ 'ਤੇ ਵਿਕਸਿਤ ਕੀਤਾ ਜਾਵੇਗਾ।
ਵਿੱਤੀ ਸਾਲ 2024 ਦੇ ਵਿਚਕਾਰ, ਕੰਪਨੀ ਬਾਜ਼ਾਰ ਵਿੱਚ ਆਪਣਾ ਪਹਿਲਾ ਇਲੈਕਟ੍ਰਿਕ ਦੋ-ਪਹੀਆ ਵਾਹਨ ਲਾਂਚ ਕਰੇਗੀ। ਇਹ ਫਿਕਸਡ ਬੈਟਰੀ ਵਾਲਾ 'ਮਿਡ-ਰੇਂਜ' ਇਲੈਕਟ੍ਰਿਕ ਵਾਹਨ ਹੋਵੇਗਾ। ਹਾਲਾਂਕਿ ਇਸ ਦੀ ਕੀਮਤ ਬਾਰੇ ਫਿਲਹਾਲ ਜ਼ਿਆਦਾ ਕਹਿਣਾ ਮੁਸ਼ਕਿਲ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਨੂੰ ਜ਼ਿਆਦਾ ਕਿਫਾਇਤੀ ਅਤੇ ਬਿਹਤਰ ਡਰਾਈਵਿੰਗ ਰੇਂਜ ਦੇ ਨਾਲ ਬਾਜ਼ਾਰ 'ਚ ਪੇਸ਼ ਕੀਤਾ ਜਾਵੇਗਾ। ਕੰਪਨੀ ਨੇ ਅਜੇ ਤੱਕ ਆਪਣੇ ਇਲੈਕਟ੍ਰਿਕ ਸਕੂਟਰ ਦੇ ਨਾਂ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ, ਪਰ ਬਹੁਤ ਸੰਭਾਵਨਾ ਹੈ ਕਿ ਕੰਪਨੀ ਪਹਿਲੇ ਮਾਡਲ ਨੂੰ ਐਕਟਿਵਾ ਇਲੈਕਟ੍ਰਿਕ ਦੇ ਰੂਪ ਵਿੱਚ ਪੇਸ਼ ਕਰੇਗੀ। ਹੌਂਡਾ ਨੇ ਹਾਲ ਹੀ ਵਿੱਚ ਇੱਕ ਪੇਟੈਂਟ ਵੀ ਦਾਇਰ ਕੀਤਾ ਹੈ ਜੋ ਇਸ ਆਉਣ ਵਾਲੇ ਈ-ਸਕੂਟਰ ਵਿੱਚ ਵਰਤੇ ਜਾਣ ਵਾਲੇ ਕੁਝ ਹਿੱਸਿਆਂ ਲਈ ਹੋ ਸਕਦਾ ਹੈ।
ਇਸ ਦੇ ਨਾਲ ਹੀ ਕੰਪਨੀ ਦੂਜੇ ਮਾਡਲ ਨੂੰ ਸਵੈਪ ਕਰਨ ਯੋਗ ਬੈਟਰੀ ਪੈਕ ਦੇ ਨਾਲ ਪੇਸ਼ ਕਰੇਗੀ। ਪਰ ਇਸ ਤੋਂ ਪਹਿਲਾਂ ਕੰਪਨੀ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਬੈਟਰੀ ਸਵੈਪਿੰਗ ਪੁਆਇੰਟ ਸਥਾਪਤ ਕਰੇਗੀ। ਚਾਰਜਿੰਗ ਪੁਆਇੰਟ ਦੇ ਬੁਨਿਆਦੀ ਢਾਂਚੇ ਦੇ ਬਾਰੇ ਵਿੱਚ, ਕੰਪਨੀ ਦਾ ਕਹਿਣਾ ਹੈ ਕਿ ਉਹ ਦੇਸ਼ ਭਰ ਵਿੱਚ ਆਪਣੇ 6,000+ ਟੱਚਪੁਆਇੰਟਾਂ 'ਤੇ ਬੈਟਰੀ-ਸਵੈਪਿੰਗ ਸਟੇਸ਼ਨ ਸਥਾਪਤ ਕਰਨ ਦੀ ਯੋਜਨਾ ਬਣਾ ਰਹੀ ਹੈ। ਇੰਨਾ ਹੀ ਨਹੀਂ ਇਨ੍ਹਾਂ 'ਚੋਂ ਕੁਝ ਸਮਾਂ ਆਉਣ 'ਤੇ ਵਰਕਸ਼ਾਪ 'ਈ' 'ਚ ਤਬਦੀਲ ਕਰ ਦਿੱਤੇ ਜਾਣਗੇ। ਇਹ ਵਰਕਸ਼ਾਪ ਇਲੈਕਟ੍ਰਿਕ ਵਾਹਨਾਂ ਨੂੰ ਚਾਰਜ ਕਰਨ ਲਈ ਚਾਰਜਿੰਗ ਕੇਬਲ ਪ੍ਰਦਾਨ ਕਰਨਾ ਜਾਰੀ ਰੱਖਣਗੀਆਂ।
'ਈ-ਫੈਕਟਰੀ' 'ਚ ਬਣਾਏ ਜਾਣਗੇ ਸਕੂਟਰ: ਹੌਂਡਾ ਕਰਨਾਟਕ ਦੇ ਨਰਸਾਪੁਰਾ ਵਿਖੇ ਇਲੈਕਟ੍ਰਿਕ ਵਾਹਨਾਂ ਲਈ ਇੱਕ ਪਲਾਂਟ ਬਣਾ ਰਹੀ ਹੈ। ਇਸ ਦਾ ਨਾਂ Factory-E ਰੱਖਿਆ ਗਿਆ ਹੈ, ਇੱਥੇ ਕੰਪਨੀ ਆਪਣੇ ਆਉਣ ਵਾਲੇ ਇਲੈਕਟ੍ਰਿਕ ਵਾਹਨਾਂ ਦਾ ਨਿਰਮਾਣ ਕਰੇਗੀ। ਇਸ ਪਲਾਂਚਟ ਵਿੱਚ ਅਡਵਾਂਸ ਮਸ਼ੀਨਰੀ ਅਤੇ ਤਕਨਾਲੋਜੀ ਦੀ ਵਰਤੋਂ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਇਸ ਪਲਾਂਟ ਵਿੱਚ 2030 ਤੱਕ 10 ਲੱਖ ਇਲੈਕਟ੍ਰਿਕ ਵਾਹਨ ਬਣਾਉਣ ਦੀ ਸਮਰੱਥਾ ਹੋਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Auto, Auto news, Automobile