ਬੈਂਕਾਂ ਨੇ FASTag ਰਾਹੀਂ ਕੀਤੇ ਟੋਲ ਭੁਗਤਾਨ ਦੇ ਬਦਲੇ ਆਪਣਾ ਮਾਰਜਿਨ ਵਧਾਉਣ ਲਈ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਬੈਂਕਾਂ ਨੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੂੰ ਪੱਤਰ ਲਿਖ ਕੇ FASTag ਪ੍ਰੋਜੈਕਟ ਪ੍ਰਬੰਧਨ ਫੀਸ (PMF) ਵਧਾਉਣ ਲਈ ਕਿਹਾ ਹੈ।
ਇੰਡੀਅਨ ਬੈਂਕਸ ਐਸੋਸੀਏਸ਼ਨ (IBA) ਨੇ NHAI ਅਤੇ ਸੜਕੀ ਆਵਾਜਾਈ ਮੰਤਰਾਲੇ ਨੂੰ ਭੇਜੀ ਆਪਣੀ ਸਿਫਾਰਿਸ਼ 'ਚ ਕਿਹਾ ਹੈ ਕਿ ਬੈਂਕਾਂ ਦੇ ਹਿੱਤਾਂ ਨੂੰ ਧਿਆਨ 'ਚ ਰੱਖਦੇ ਹੋਏ PMF ਦੀ ਪੁਰਾਣੀ ਦਰ ਨੂੰ ਬਹਾਲ ਕੀਤਾ ਜਾਣਾ ਚਾਹੀਦਾ ਹੈ।
ਬੈਂਕਾਂ ਨੂੰ ਟੋਲ ਉਤੇ ਹਰ ਭੁਗਤਾਨ ਲਈ ਕੁੱਲ ਰਕਮ ਦਾ 1.5 ਪ੍ਰਤੀਸ਼ਤ ਪੀ.ਐੱਮ.ਐੱਫ. ਮਿਲਦਾ ਸੀ ਪਰ NHAI ਨੇ ਅਪ੍ਰੈਲ 2022 ਤੋਂ ਇਸ ਰਕਮ ਨੂੰ ਘਟਾ ਕੇ 1 ਪ੍ਰਤੀਸ਼ਤ ਕਰ ਦਿੱਤਾ ਹੈ। ਐਸੋਸੀਏਸ਼ਨ ਨੇ ਕਿਹਾ ਕਿ ਪੀਐੱਮਐੱਫ ਦੀ ਪੁਰਾਣੀ ਦਰ ਘੱਟੋ-ਘੱਟ ਦੋ ਹੋਰ ਸਾਲਾਂ ਲਈ ਲਾਗੂ ਹੋਣੀ ਚਾਹੀਦੀ ਹੈ ਅਤੇ ਇਸ ਨੂੰ 31 ਮਾਰਚ 2024 ਤੋਂ ਬਾਅਦ ਹੀ ਬਦਲਿਆ ਜਾਣਾ ਚਾਹੀਦਾ ਹੈ।
ਜਦੋਂ ਤੋਂ ਸਰਕਾਰ ਨੇ ਦੇਸ਼ ਦੇ ਸਾਰੇ ਟੋਲ ਪਲਾਜ਼ਿਆਂ 'ਤੇ ਫਾਸਟੈਗ ਤੋਂ ਟੋਲ ਵਸੂਲੀ ਨੂੰ ਲਾਜ਼ਮੀ ਕੀਤਾ ਹੈ, ਇਸ ਦੇ ਜ਼ਰੀਏ ਭੁਗਤਾਨ 'ਚ ਵੱਡਾ ਉਛਾਲ ਆਇਆ ਹੈ। ਜਦੋਂ ਕੋਈ ਵਾਹਨ ਟੋਲ ਪਲਾਜ਼ਾ ਤੋਂ ਲੰਘਦਾ ਹੈ, ਤਾਂ ਬੈਂਕ ਆਪਣੇ ਆਪ ਹੀ ਫਾਸਟੈਗ ਰਾਹੀਂ ਟੋਲ ਟੈਕਸ ਦਾ ਭੁਗਤਾਨ ਕਰਦੇ ਹਨ।
ਬੈਂਕ ਇਸ ਸੇਵਾ ਲਈ ਫੀਸ ਵੀ ਲੈਂਦੇ ਹਨ। ਵਰਤਮਾਨ ਵਿੱਚ, ਟੋਲ ਪਲਾਜ਼ਿਆਂ 'ਤੇ ਕੀਤੇ ਗਏ ਕੁੱਲ ਭੁਗਤਾਨਾਂ ਦੀ 95 ਪ੍ਰਤੀਸ਼ਤ ਹਿੱਸੇਦਾਰੀ ਫਾਸਟੈਗ ਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਬੈਂਕਾਂ ਦਾ ਮਾਰਜਨ ਫਿਰ ਵਧਾਇਆ ਜਾਂਦਾ ਹੈ ਤਾਂ ਫਾਸਟੈਗ ਦੀ ਵਰਤੋਂ ਕਰਨ ਦੀ ਫੀਸ ਹੋਰ ਵਧਣ ਦੀ ਪੂਰੀ ਸੰਭਾਵਨਾ ਹੈ।
ਸੜਕ ਆਵਾਜਾਈ ਮੰਤਰਾਲੇ ਦੇ ਸਕੱਤਰ ਗਿਰਿਧਰ ਅਰਮਾਨੇ ਨੇ ਕਿਹਾ ਹੈ ਕਿ NPCI ਅਤੇ ਬੈਂਕ PMF ਫੀਸਾਂ ਵਿੱਚ ਵਾਧੇ ਦੀ ਮੰਗ ਕਰ ਰਹੇ ਹਨ ਅਤੇ ਅਸੀਂ ਉਨ੍ਹਾਂ ਨਾਲ ਹੱਲ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ 'ਤੇ ਜਲਦ ਹੀ ਕੋਈ ਫੈਸਲਾ ਆਉਣ ਦੀ ਉਮੀਦ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bank of india, FASTag