ਸਲਾਦ ਖਾਣਾ ਸਾਡੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਤੇ ਸਲਾਦਾਂ ਵਿਚੋਂ ਚੁਕੰਦਰ ਦਾ ਸਲਾਦ ਸਭ ਤੋਂ ਚੰਗਾ ਸਲਾਦ ਹੈ। ਪਰ ਜੇਕਰ ਚਕੰਦਰ ਦੇ ਸਲਾਦ ਦੀ ਬਜਾਇ ਇਸਦਾ ਜੂਸ ਬਣਾ ਕੇ ਪੀਤਾ ਜਾਵੇ ਤਾਂ ਹੋਰ ਵੀ ਫਾਇਦੇਮੰਦ ਹੁੰਦਾ ਹੈ। ਚੁਕੰਦਰ ਦਾ ਜੂਸ ਪੀਣ ਨਾਲ ਸਾਡਾ ਖੂਨ ਵਧਦਾ ਹੈ ਤੇ ਇਸਦੇ ਨਾਲ ਹੀ ਸ਼ੂਗਰ, ਬੀਪੀ ਤੇ ਕੈਸਟ੍ਰੌਲ ਵੀ ਕੰਟਰੋਲ ਵਿਚ ਰਹਿੰਦਾ ਹੈ। ਚੁਕੰਦਰ ਵਿਚ ਬਹੁਤ ਸਾਰੇ ਪੌਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਕਿ ਸਾਨੂੰ ਬਿਮਾਰੀਆਂ ਨਾਲ ਲੜ ਸਕਣ ਦੀ ਸਮਰੱਥਾ ਦਿੰਦੇ ਹਨ ਤੇ ਸਾਡੀ ਸਿਹਤ ਚੰਗੀ ਰਹਿੰਦੀ ਹੈ, ਇਸ ਨਾਲ ਸਾਡਾ ਸਰੀਰ ਫਿਟ ਬਣਿਆ ਰਹਿੰਦਾ ਹੈ।
ਇਸ ਲਈ ਜੇਕਰ ਤੁਸੀਂ ਵੀ ਚੁਕੰਦਰ ਜੂਸ ਬਣਾ ਕੇ ਪੀਵੋ ਤਾਂ ਇਸਦੇ ਤੁਹਾਨੂੰ ਬਹੁਤ ਫਾਇਦੇ ਮਿਲਣਗੇ। ਤੁਹਾਨੂੰ ਦੱਸ ਦੇਈਏ ਕਿ ਚਕੰਦਰ ਜੂਸ ਵਿਚ ਸੇਬ, ਗਾਜਰਾਂ ਤੇ ਟਮਾਟਰ ਦਾ ਵੀ ਇਸਤੇਮਾਲ ਹੁੰਦਾ ਹੈ। ਇਹਨਾਂ ਦੀ ਵਰਤੋਂ ਕਾਰਨ ਹੀ ਚੁਕੰਦਰ ਜੂਸ ਬੇਹੱਦ ਲਾਭਦਾਇਕ ਹੋ ਜਾਂਦਾ ਹੈ। ਆਓ ਤੁਹਾਨੂੰ ਚੁਕੰਦਰ ਜੂਸ ਤਿਆਰ ਕਰਨ ਦੀ ਆਸਾਨ ਵਿਧੀ ਦੱਸੀਏ –
ਸਮੱਗਰੀ
ਇਕ ਦੋ ਚੁਕੰਦਰ, ਅੱਧਾ ਸੇਬ, ਇਕ ਟਮਾਟਰ, ਇਕ ਗਾਜਰ, ਅੱਧਾ ਇੰਚ ਅਦਰਕ ਦਾ ਟੁਕੜਾ, ਇਕ ਚੌਥਾਈ ਚਮਚ ਭੁੰਨਿਆ ਹੋਇਆ ਜੀਰਾ, ਅੱਧਾ ਚਮਚ ਚਾਟ ਮਸਾਲਾ, ਇਕ ਚੌਥਾਈ ਚਮਚ ਕਾਲਾ ਨਮਕ ਤੇ ਸੁਆਦ ਅਨੁਸਾਰ ਸਫੇਦ ਨਮਕ।
ਜੂਸ ਤਿਆਰ ਕਰਨ ਦੀ ਵਿਧੀ
ਸਭ ਤੋਂ ਪਹਿਲਾਂ ਸਾਰੇ ਫਲਾਂ ਨੂੰ ਚੰਗੀ ਤਰ੍ਹਾਂ ਸਾਦੇ ਪਾਣੀ ਨਾਲ ਧੋ ਲਵੋ। ਇਸ ਤੋਂ ਬਾਅਦ ਚੁਕੰਦਰ ਦੀ ਉਪਰਲੀ ਪਰਤ ਨੂੰ ਪਤਲਾ ਪਤਲਾ ਛਿੱਲ ਲਵੋ ਤੇ ਚਕੰਦਰ ਦੇ ਛੋਟੇ ਛੋਟੇ ਟੁਕੜੇ ਕੱਟ ਲਵੋ। ਇਸ ਤੋਂ ਬਾਅਦ ਗਾਜਰ, ਟਮਾਟਰ, ਸੇਬ ਤੇ ਅਦਰਕ ਦੇ ਵੀ ਛੋਟੇ ਟੁਕੜੇ ਕਰ ਲਵੋ। ਹੁਣ ਇਕ ਮਿਕਸਰ ਜਾਰ ਲਵੋ ਤੇ ਇਸ ਵਿਚ ਸਾਰੇ ਟੁਕੜਿਆਂ ਨੂੰ ਪਾ ਦਿਉ। ਇਸੇ ਵਿਚ ਹੀ ਭੁੰਨਿਆ ਜੀਰਾ, ਕਾਲਾ ਤੇ ਸਫੇਦ ਨਮਕ ਅਤੇ ਡੇਢ ਗਿਲਾਸ ਪਾਣੀ ਦਾ ਸ਼ਾਮਿਲ ਕਰ ਦੇਵੋ।
ਸਾਰੇ ਚੀਜ਼ਾਂ ਨੂੰ ਮਿਕਸਰ ਜਾਰ ਵਿਚ ਪਾ ਕੇ ਢੱਕਣ ਲਗਾਓ ਤੇ ਸਵਿਚ ਆੱਨ ਕਰੋ। ਤਿੰਨ ਚਾਰ ਵਾਰ ਗੇੜੇ ਦਵਾਓ। ਸਾਰੀਆਂ ਚੀਜ਼ਾਂ ਦਾ ਗਾੜਾ ਘੋਲ ਤਿਆਰ ਹੋ ਜਾਵੇਗਾ। ਹੁਣ ਅਗਲਾ ਕੰਮ ਇਸ ਘੋਲ ਨੂੰ ਛਾਣ ਕੇ ਜੂਸ ਇਕ ਪਾਸੇ ਤੇ ਗੁੱਦੇ ਨੂੰ ਪਾਸੇ ਕਰਨ ਦਾ ਹੈ। ਇਸ ਲਈ ਤੁਸੀਂ ਵੱਡੀ ਛਾਨਣੀ (ਪੋਣੀ) ਦੀ ਵਰਤੋਂ ਕਰ ਸਕਦੇ ਹੋ। ਤੁਸੀਂ ਮਲਮਲ ਦੇ ਕੱਪੜੇ ਦੀ ਵੀ ਵਰਤੋਂ ਕਰ ਸਕਦੇ ਹੋ। ਇਕ ਜੱਗ ਉੱਤੇ ਛਾਨਣੀ ਜਾਂ ਮਲਮਲ ਦਾ ਕੱਪੜਾ ਰੱਖੋ ਤੇ ਜੂਸ ਨੂੰ ਛਾਣ ਲਵੋ। ਜੇਕਰ ਛਾਨਣੀ ਦੀ ਵਰਤੋਂ ਕਰ ਰਹੇ ਹਾਂ ਤਾਂ ਉਪਰ ਚਮਚ ਨਾਲ ਹਿਲਾਂਦਿਆਂ ਹੋਇਆ ਗੁੱਦੇ ਵਿਚੋਂ ਪੂਰਾ ਜੂਸ ਨਿਚੋੜ ਦੋਵੋ। ਜੇਕਰ ਤੁਸੀਂ ਮਲਮਲ ਦੇ ਕੱਪੜੇ ਦੀ ਵਰਤੋਂ ਕਰ ਰਹੇ ਹੋ ਤਾਂ ਇਸ ਉੱਪਰ ਵੀ ਪਹਿਲਾਂ ਚਮਚ ਫੇਰਦਿਆਂ ਹੋਇਆ ਜੂਸ ਨਿਚੋੜੇ ਤੇ ਬਾਦ ਵਿਚ ਕੱਪੜੇ ਦੇ ਚਾਰੇ ਕੋਨਿਆਂ ਨੂੰ ਉੱਪਰ ਵੱਲ ਫੜ੍ਹਕੇ ਕੱਪੜੇ ਨੂੰ ਗੋਲ ਮਰੋੜੇ, ਇਸ ਨਾਲ ਗੁੱਦੇ ਵਿਚਲਾ ਸਾਰਾ ਜੂਸ ਨਿਕਲ ਜਾਵੇਗਾ। ਤੁਹਾਡਾ ਹੈਲਥੀ ਤੇ ਟੇਸਟੀ ਚਕੰਦਰ ਜੂਸ ਤਿਆਰ ਹੈ। ਜੱਗ ਵਿਚੋਂ ਇਸਨੂੰ ਗਲਾਸਾਂ ਵਿਚ ਪਾਓ ਤੇ ਉਪਰੋਂ ਥੋੜਾ ਜਿਹਾ ਚਾਟ ਮਸਾਲਾ ਭੁੱਕ ਦੇਵੋ।
ਤੁਸੀਂ ਚਾਹੋ ਤਾਂ ਇਸ ਜੂਸ ਵਿਚੋਂ ਟਮਾਟਰ ਨੂੰ ਸਕਿਪ ਵੀ ਕਰ ਸਕਦੇ ਹੋ। ਬਾਕੀ ਤਿੰਨਾ ਚੀਜ਼ਾਂ ਸੇਬ, ਚਕੰਦਰ ਤੇ ਗਾਜਰਾਂ ਦਾ ਜੂਸ ਵੀ ਬਹੁਤ ਹੀ ਸਵਾਦ ਬਣਦਾ ਹੈ। ਇਸ ਜੂਸ ਨੂੰ ABC (apple, beetroot, carrot) ਜੂਸ ਦਾ ਨਾਮ ਵੀ ਦਿੱਤਾ ਜਾਂਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Food, Healthy Food, Lifestyle, Recipe