
EPFO ਕਰਮਚਾਰੀਆਂ ਨੂੰ ਵੱਡੀ ਰਾਹਤ, ਹੁਣ ਆਸ਼ਰਿਤ ਨੂੰ ਦੁਰਘਟਨਾ 'ਚ ਮੌਤ 'ਤੇ ਮਿਲੇਗੀ ਦੁੱਗਣੀ ਰਕਮ
ਨਵੀਂ ਦਿੱਲੀ : ਕਰਮਚਾਰੀ ਭਵਿੱਖ ਨਿਧੀ ਸੰਗਠਨ ਨੇ ਕਰਮਚਾਰੀਆਂ ਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਰਾਹਤ ਦੇਣ ਦਾ ਫੈਸਲਾ ਕੀਤਾ ਹੈ। ਦਰਅਸਲ, ਕੇਂਦਰੀ ਬੋਰਡ ਨੇ ਈਪੀਐਫਓ ਕਰਮਚਾਰੀ ਦੀ ਅਚਾਨਕ ਮੌਤ 'ਤੇ ਰਿਸ਼ਤੇਦਾਰਾਂ ਨੂੰ ਦਿੱਤੇ ਜਾਣ ਵਾਲੇ ਐਕਸ-ਗ੍ਰੇਸ਼ੀਆ ਮੌਤ ਰਾਹਤ ਫੰਡ ਦੀ ਰਕਮ ਨੂੰ ਦੁੱਗਣਾ ਕਰ ਦਿੱਤਾ ਹੈ। ਇਸ ਨਾਲ ਦੇਸ਼ ਭਰ ਵਿੱਚ ਸੰਸਥਾ ਦੇ 30 ਹਜ਼ਾਰ ਕਰਮਚਾਰੀਆਂ ਨੂੰ ਫਾਇਦਾ ਹੋਵੇਗਾ। ਫੰਡ ਵਿੱਚ ਕੀਤਾ ਗਿਆ ਇਹ ਵਾਧਾ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ। EPFO ਨੇ ਇਸ ਦੇ ਲਈ ਸਾਰੇ ਦਫਤਰਾਂ ਨੂੰ ਸਰਕੂਲਰ ਵੀ ਜਾਰੀ ਕਰ ਦਿੱਤਾ ਹੈ।
ਆਸ਼ਰਿਤਾਂ ਨੂੰ ਮਿਲਣ ਵਾਲੇ ਫੰਡ ਵਿੱਚ ਹੋਇਆ ਵਾਧਾ :
ਸਰਕੂਲਰ 'ਚ ਸਪੱਸ਼ਟ ਕੀਤਾ ਗਿਆ ਹੈ ਕਿ ਇਸ 'ਚ ਕੋਰੋਨਾ ਵਾਇਰਸ ਕਾਰਨ ਹੋਣ ਵਾਲੀ ਮੌਤ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਇਹ ਵੀ ਦੱਸਿਆ ਗਿਆ ਹੈ ਕਿ EPFO ਕਰਮਚਾਰੀ ਦੀ ਦੁਰਘਟਨਾ 'ਚ ਮੌਤ ਹੋਣ 'ਤੇ ਹੁਣ ਆਸ਼ਰਿਤਾਂ ਨੂੰ 8 ਲੱਖ ਰੁਪਏ ਮਿਲਣਗੇ। ਇਸ ਫੰਡ ਤਹਿਤ 2006 ਵਿੱਚ ਆਸ਼ਰਿਤਾਂ ਨੂੰ ਸਿਰਫ਼ 5000 ਰੁਪਏ ਦਿੱਤੇ ਜਾਂਦੇ ਸਨ। ਇਸ ਤੋਂ ਬਾਅਦ ਇਸ ਨੂੰ 50 ਹਜ਼ਾਰ ਤੋਂ ਵਧਾ ਕੇ 4.20 ਲੱਖ ਰੁਪਏ ਕਰ ਦਿੱਤਾ ਗਿਆ। ਹੁਣ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਹਰ ਤਿੰਨ ਸਾਲ ਬਾਅਦ ਇਸ ਨੂੰ 10 ਫੀਸਦੀ ਵਧਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਦੱਸ ਦੇਈਏ ਕਿ ਮੈਂਬਰਾਂ ਨੇ ਦੁਰਘਟਨਾ 'ਚ ਮੌਤ ਹੋਣ 'ਤੇ ਘੱਟੋ-ਘੱਟ 10 ਅਤੇ ਵੱਧ ਤੋਂ ਵੱਧ 20 ਲੱਖ ਰੁਪਏ ਦੀ ਮੰਗ ਕੀਤੀ ਸੀ।
ਹਰ ਕਰਮਚਾਰੀ ਨੂੰ ਬਰਾਬਰ ਰਕਮ ਮਿਲੇਗੀ
EPFO ਵੱਲੋਂ ਜਾਰੀ ਸਰਕੂਲਰ ਦੇ ਅਨੁਸਾਰ, ਜੇਕਰ ਕਿਸੇ ਕਰਮਚਾਰੀ ਦੀ ਕੁਦਰਤੀ ਮੌਤ ਹੁੰਦੀ ਹੈ, ਤਾਂ ਉਸ ਦੇ ਪਰਿਵਾਰ ਨੂੰ 8 ਲੱਖ ਰੁਪਏ ਦਿੱਤੇ ਜਾਣਗੇ। ਇਹ ਰਕਮ ਬੋਰਡ ਦੇ ਹਰ ਕਰਮਚਾਰੀ ਲਈ ਇਕਸਾਰ ਹੈ। ਭਲਾਈ ਫੰਡ ਵਿੱਚੋਂ ਇਸ ਰਾਸ਼ੀ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਰਾਸ਼ੀ ਕੇਂਦਰੀ ਭਵਿੱਖ ਨਿਧੀ ਕਮਿਸ਼ਨਰ, ਕੇਂਦਰੀ ਕਰਮਚਾਰੀ ਭਲਾਈ ਕਮੇਟੀ ਅਤੇ ਕਰਮਚਾਰੀ ਭਵਿੱਖ ਨਿਧੀ ਦੀ ਪ੍ਰਵਾਨਗੀ ਨਾਲ ਵਧਾਈ ਗਈ ਹੈ। ਜੇਕਰ ਕੇਂਦਰੀ ਬੋਰਡ ਦੇ ਕਿਸੇ ਕਰਮਚਾਰੀ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋਈ ਹੈ, ਤਾਂ 28 ਅਪ੍ਰੈਲ 2020 ਦਾ ਹੁਕਮ ਮੰਨਿਆ ਜਾਵੇਗਾ।
ਕਰੋਨਾ ਨਾਲ ਮਰਨ ਵਾਲਿਆਂ ਦੇ ਪਰਿਵਾਰ ਨੂੰ ਕੀ ਮਿਲੇਗਾ :
ਹਰਿਆਣਾ ਵਿੱਚ, ਜੇਕਰ ਕਰਮਚਾਰੀ ਰਾਜ ਬੀਮਾ ਨਿਗਮ (ESIC) ਦੇ ਦਾਇਰੇ ਵਿੱਚ ਆਉਂਦੇ ਨਿੱਜੀ ਖੇਤਰ ਦੇ ਕਰਮਚਾਰੀ ਦੀ ਕੋਰੋਨਾ ਨਾਲ ਮੌਤ ਹੋ ਜਾਂਦੀ ਹੈ, ਤਾਂ ਨਿਰਭਰ ਪਰਿਵਾਰ ਨੂੰ ਕੋਵਿਡ -19 ਰਾਹਤ ਯੋਜਨਾ ਦੇ ਤਹਿਤ ਹਰ ਮਹੀਨੇ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਇਸ ਦੇ ਤਹਿਤ, ਬੀਮਾਯੁਕਤ ਕਰਮਚਾਰੀ ਦੀ ਔਸਤ ਰੋਜ਼ਾਨਾ ਉਜਰਤ ਦਾ 90 ਪ੍ਰਤੀਸ਼ਤ ਹਰ ਮਹੀਨੇ ਆਸ਼ਰਿਤਾਂ ਨੂੰ ਦਿੱਤਾ ਜਾਵੇਗਾ। ਇਹ ਲਾਭ ਮ੍ਰਿਤਕ ਦੀ ਪਤਨੀ ਨੂੰ ਉਮਰ ਭਰ ਜਾਂ ਦੂਜੇ ਵਿਆਹ ਤੱਕ, ਪੁੱਤਰ ਨੂੰ 25 ਸਾਲ ਦੀ ਉਮਰ ਤੱਕ ਅਤੇ ਧੀ ਨੂੰ ਵਿਆਹ ਤੱਕ ਦਿੱਤਾ ਜਾਵੇਗਾ। ਘੱਟੋ-ਘੱਟ ਰਾਹਤ 1,800 ਰੁਪਏ ਪ੍ਰਤੀ ਮਹੀਨਾ ਹੋਵੇਗੀ।
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।