Raagi Cheela Recipe: ਸਵੇਰ ਦਾ ਖਾਣਾ ਸਾਡੀ ਡਾਇਟ ਵਿਚ ਵਿਸ਼ੇਸ਼ ਸਥਾਨ ਰੱਖਦਾ ਹੈ। ਸਵੇਰ ਵੇਲੇ ਕੀਤਾ ਭੋਜਨ ਸਾਨੂੰ ਦਿਨ ਭਰ ਲਈ ਊਰਜਾ ਦਿੰਦਾ ਹੈ। ਜੇਕਰ ਤੁਸੀਂ ਆਪਣੀ ਸਿਹਤ ਤੇ ਫਿਟਨੈੱਸ ਨੂੰ ਲੈ ਕੇ ਜਾਗਰੂਕ (Health conscious) ਹੋ ਤਾਂ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਸਾਡੇ ਨਾਸ਼ਤੇ ਦਾ ਪੌਸ਼ਕ ਤੱਤਾਂ ਨਾਲ ਭਰਪੂਰ ਹੋਣਾ ਕਿੰਨਾ ਜ਼ਰੂਰੀ ਹੈ। ਇਸ ਲਈ ਬ੍ਰੇਕਫਾਸਟ ਵਾਸਤੇ ਇਕ ਹੈਲਥੀ ਮੀਲ ਚੁਣਨਾ ਵੱਡੀ ਚੁਣੌਤੀ ਵੀ ਹੈ। ਇਸੇ ਕਾਰਨ ਅੱਜ ਅਸੀਂ ਇਕ ਅਜਿਹੀ ਹੀ ਬ੍ਰੇਕਫਾਸਟ ਰੈਸਿਪੀ ਲੈ ਕੇ ਆਏ ਹਾਂ ਜੋ ਹੈਲਥ ਪ੍ਰਤੀ ਜਾਗਰੂਕ ਲੋਕਾਂ ਨੂੰ ਬੇਹੱਦ ਪਸੰਦ ਆਉਂਦੀ ਹੈ। ਇਹ ਰੈਸਿਪੀ ਹੈ ਰਾਗੀ ਚੀਲਾ।
ਰਾਗੀ ਚੀਲਾ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੋਣ ਦੇ ਨਾਲੋ ਨਾਲ ਟੇਸਟ ਵਿਚ ਵੀ ਲਾਜਵਾਬ ਹੈ। ਰਾਗੀ ਲਈ ਪੰਜਾਬੀ ਵਿਚ ਸ਼ਬਦ ਮਰੂਆ ਵਰਤਿਆ ਜਾਂਦਾ ਹੈ। ਇਹ ਸਾਡੀਆਂ ਹੱਡੀਆਂ ਨੂੰ ਮਜਬੂਤ ਬਣਾਉਣ ਦੇ ਨਾਲੋ ਨਾਲ ਸ਼ੂਗਰ ਨੂੰ ਕੰਟਰੋਲ ਕਰਨ ਤੇ ਵਜਨ ਨੂੰ ਸਹੀ ਰੱਖਣ ਵਿਚ ਸਹਾਇਤਾ ਕਰਦਾ ਹੈ। ਆਓ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਰਾਗੀ ਚੀਲਾ ਦੀ ਰੈਸਿਪੀ –
ਸਮੱਗਰੀ
ਰਾਗੀ ਚੀਲਾ ਤਿਆਰ ਕਰਨ ਲਈ ਇਕ ਕੱਪ ਰਾਗੀ (ਮਰੂਆ) ਦਾ ਆਟਾ, 2 ਚਮਚ ਬੇਸਨ, ਇਕ ਪਿਆਜ਼, 2 ਹਰੀਆਂ ਮਿਰਚਾਂ, ਅੱਧੀ ਮੁੱਠੀ ਹਰਾ ਧਨੀਆਂ, ਅੱਧਾ ਚਮਚ ਲਾਲ ਮਿਰਚ, ਜਰੂਰਤ ਮੁਤਾਬਿਕ ਦੇਸੀ ਘਿਉ ਜਾਂ ਤੇਲ ਅਤੇ ਸੁਆਦ ਅਨੁਸਾਰ ਨਮਕ ਦੀ ਲੋੜ ਪੈਂਦੀ ਹੈ।
ਰੈਸਿਪੀ
ਇਕ ਕਟੋਰੀ ਵਿਚ ਰਾਗੀ ਦਾ ਆਟਾ ਪਾਓ। ਇਸ ਵਿਚ ਬੇਸਨ, ਬਾਰੀਕ ਕੱਟ ਕੇ ਪਿਆਜ, ਹਰੀ ਮਿਰਚ ਤੇ ਧਨੀਆਂ ਸ਼ਾਮਿਲ ਕਰੋ। ਇਸੇ ਮਿਸ਼ਰਣ ਵਿਚ ਲਾਲ ਮਿਰਚ, ਇਕ ਚਮਚ ਤੇਲ ਤੇ ਸੁਆਦ ਮੁਤਾਬਿਕ ਨਮਕ ਮਿਲਾਓ। ਹੁਣ ਮਿਸ਼ਰਣ ਨੂੰ ਚੰਗੀ ਤਰ੍ਹਾਂ ਆਪਸ ਵਿਚ ਮਿਲਾ ਲਵੋ।
ਜਦੋਂ ਸਾਰੀਆਂ ਚੀਜ਼ਾਂ ਮਿਕਸ ਹੋ ਜਾਣ ਤਾਂ ਇਸ ਵਿਚ ਥੋੜਾ ਥੋੜਾ ਕਰਕੇ ਪਾਣੀ ਮਿਲਾਓ ਤੇ ਇਕ ਹੱਥ ਦੀਆਂ ਉਂਗਲਾਂ ਨਾਲ ਮਿਸ਼ਰਣ ਨੂੰ ਹਿਲਾਉਂਦੇ ਰਹੋ। ਤੁਸੀਂ ਐਨਾ ਕੁ ਪਾਣੀ ਮਿਲਾਓ ਕਿ ਇਕ ਥਿਕ ਘੋਲ ਜੋ ਕਿ ਨਾ ਬਹੁਤਾ ਗਾੜਾ ਤੇ ਨਾ ਹੀ ਪਤਲਾ ਹੋਵੇ, ਤਿਆਰ ਹੋ ਜਾਵੇ। ਤਿਆਰ ਘੋਲ ਨੂੰ 10 ਮਿੰਟ ਵਾਸਤੇ ਢੱਕ ਕੇ ਰੱਖ ਦਿਉ।
ਹੁਣ ਅਗਲਾ ਕੰਮ ਘੋਲ ਨੂੰ ਸੇਕ ਕੇ ਚੀਲੇ ਤਿਆਰ ਕਰਨ ਦਾ ਹੈ। ਇਸ ਲਈ ਗੈਸ ਉੱਪਰ ਇਕ ਨਾਨ ਸਟਿਕ ਤਵਾ ਚੜਾਓ ਤੇ ਮੱਧਮ ਆਂਚ 'ਤੇ ਗੈਸ ਆਨ ਕਰ ਦਿਉ। ਜਦੋਂ ਤਵਾ ਗਰਮ ਹੋ ਜਾਵੇ ਤਾਂ ਇਸ ਉੱਤੇ ਥੋੜੇ ਜਿਹੇ ਘਿਉ ਜਾਂ ਤੇਲ ਦੀ ਕੋਟਿੰਗ ਕਰ ਦਿਉ। ਹੁਣ ਇਕ ਛੋਟੀ ਕੌਲੀ ਜਾਂ ਕੜਛੀ ਨਾਲ ਰਾਗੀ ਚੀਲਾ ਆਟੇ ਤੋਂ ਤਿਆਰ ਕੀਤਾ ਘੋਲ ਤਵੇ ਦੇ ਵਿਚਕਾਰ ਪਾਓ। ਘੋਲ ਨੂੰ ਕੜਛੀ ਜਾਂ ਕੌਲੀ ਦੀ ਮੱਦਦ ਨਾਲ ਗੋਲ ਘੁਮਾਉਂਦਿਆਂ ਹੋਇਆ ਤਵੇ ਉੱਤੇ ਫੈਲਾ ਦਿਉ। ਮੱਧਮ ਆਂਚ 'ਤੇ ਚੀਲਾ ਪੱਕਣ ਦਿਉ।
ਇਸਦੇ ਕਿਨਾਰਿਆਂ ਉੱਤੇ ਹਲਕਾ ਹਲਕਾ ਘਿਉ ਲਗਾ ਦੇਵੋ। ਜਦੋਂ ਇਕ ਪਾਸੇ ਤੋਂ ਚੀਲਾ ਪੱਕ ਜਾਵੇ ਤਾਂ ਇਸਨੂੰ ਪਲਟ ਦਿਉ। ਇਸ ਤਰ੍ਹਾਂ ਦੋਨਾਂ ਪਾਸਿਆਂ ਤੋਂ ਚੀਲਾ ਹਲਕਾ ਸੁਨਹਿਰੀ ਹੋਣ ਤੱਕ ਪਕਾ ਲਵੋ। ਤੁਹਾਡਾ ਰਾਗੀ ਚੀਲਾ ਤਿਆਰ ਹੈ। ਇਸਨੂੰ ਇਕ ਪਲੇਟ ਵਿਚ ਪਰੋਸੋ ਅਤੇ ਚਾਹ ਜਾਂ ਦੁੱਧ ਨਾਲ ਖਾਣ ਦਾ ਆਨੰਦ ਲਵੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Food, Healthy lifestyle, Recipe