ਸਵੇਰ ਦਾ ਨਾਸ਼ਤਾ ਯਾਨੀ ਬ੍ਰੇਕਫਾਸਟ ਸਾਡੇ ਸਰੀਰ ਨੂੰ ਪੂਰੇ ਦਿਨ ਲਈ ਤਿਆਰ ਕਰਦਾ ਹੈ। ਜੇਕਰ ਸਵੇਰ ਵੇਲੇ ਅਸੀਂ ਇਕ ਚੰਗਾ ਭੋਜਨ ਕਰਦੇ ਹਾਂ ਤਾਂ ਸਾਡਾ ਸਰੀਰ ਸਾਰਾ ਦਿਨ ਊਰਜਾਵਾਨ ਬਣਿਆ ਰਹਿੰਦਾ ਹੈ। ਪਰ ਕਈ ਵਾਰ ਅਸੀਂ ਕੰਮ ਤੇ ਪਹੁੰਚਣ ਲਈ ਐਨੀ ਕਾਹਲ ਵਿਚ ਹੁੰਦੇ ਹਾਂ ਕਿ ਬ੍ਰੇਕਫਾਸਟ ਤਿਆਰ ਕਰਨ ਲਈ ਸਾਡੇ ਕੋਲ ਸਮਾਂ ਹੀ ਨਹੀਂ ਹੁੰਦਾ। ਅਜਿਹੇ ਵਿਚ ਬ੍ਰੇਕਫਾਸਟ ਸਕਿਪ ਕਰਨਾ ਜਾਂ ਕੋਈ ਫਾਸਟ ਫੂਡ ਜਾਂ ਪੈਕੇਜ ਵਾਲਾ ਫੂਡ ਖਾਣਾ ਸਾਡੀ ਮਜ਼ਬੂਰੀ ਬਣ ਜਾਂਦੀ ਹੈ ਜੋ ਕਿ ਇਕ ਚੰਗੀ ਆਦਤ ਨਹੀਂ ਹੈ। ਇਸ ਲਈ ਅਸੀਂ ਤੁਹਾਨੂੰ ਝਟਪਟ ਤਿਆਰ ਹੋਣ ਵਾਲੇ ਬ੍ਰੇਕਫਾਸਟ ਦੀ ਰੈਸਿਪੀ ਦੱਸ ਰਹੇ ਹਾਂ ਜੋ ਕਿ ਸਿਹਤ ਲਈ ਵੀ ਬਹੁਤ ਚੰਗਾ ਹੈ।
ਇਸ ਬ੍ਰੇਕਫਾਸਟ ਰੈਸਿਪੀ ਦਾ ਨਾਮ ਹੈ ਮਲਾਈ ਟੋਸਟ, ਜਿਸਨੂੰ ਤੁਸੀਂ ਪੰਜਾਂ ਮਿੰਟਾ ਵਿਚ ਬਣਾ ਕੇ ਖਾ ਸਕਦੇ ਹੋ। ਕੰਮ ਤੇ ਜਾਣ ਵਾਲੇ ਵੱਡੇ ਹੀ ਨਹੀਂ ਬਲਕਿ ਸਕੂਲ ਜਾਣ ਵੇਲੇ ਬੱਚੇ ਵੀ ਮਲਾਈ ਟੋਸਟ ਨੂੰ ਬਹੁਤ ਚਾਅ ਨਾਲ ਖਾਂਦੇ ਹਨ।
ਮਲਾਈ ਟੋਸਟ ਦੀ ਸਮੱਗਰੀ
ਮਲਾਈ ਟੋਸਟ ਲਈ ਸਿਰਫ ਤਿੰਨ ਹੀ ਚੀਜ਼ਾਂ ਚਾਹੀਦੀਆਂ ਹਨ। ਦੋ ਬਰੈੱਡ ਦੇ ਟੁਕੜੇ, 1 ਚਮਚ ਖੰਡ ਅਤੇ ਚਾਰ ਚਮਚੇ ਕਰੀਮ ਦੇ ਚਾਹੀਦੇ ਹਨ।
ਮਲਾਈ ਟੋਸਟ ਦੀ ਵਿਧੀ
ਸਭ ਤੋਂ ਪਹਿਲਾ ਕੰਮ ਬਰੈੱਡ ਦੇ ਟੁਕੜਿਆਂ ਨੂੰ ਟੋਸਟ ਕਰਨ ਦਾ ਹੈ। ਇਸ ਲਈ ਤੁਸੀਂ ਟੋਸਟਰ ਦੀ ਵਰਤੋਂ ਕਰ ਸਕਦੇ ਹੋ ਪਰ ਜੇਕਰ ਤੁਹਾਡੇ ਕੋਲ ਟੋਸਟਰ ਨਹੀਂ ਹੈ ਤਾਂ ਤੁਸੀਂ ਗੈਸ ਉੱਪਰ ਵਰਤੇ ਜਾਣ ਵਾਲੇ ਗਰਿਲ ਪੈਨ ਨੂੰ ਵੀ ਵਰਤ ਸਕਦੇ ਹੋ। ਇਹਨਾਂ ਦੋਹਾਂ ਵਿਚੋਂ ਕਿਸੇ ਦੀ ਵੀ ਮੱਦਦ ਨਾਲ ਬਰੈੱਡਾਂ ਨੂੰ ਸੁਨਹਿਰੀ ਹੋਣ ਤੱਕ ਟੋਸਟ ਕਰ ਲਵੋ।
ਟੋਸਟ ਬਣਾਉਣ ਤੋਂ ਬਾਦ ਬਰੈੱਡਾਂ ਉੱਪਰ ਚਮਚ ਦੀ ਮੱਦਦ ਨਾਲ ਕਰੀਮ ਲਗਾਓ ਤੇ ਸਾਰੇ ਬਰੈੱਡ ਉੱਪਰ ਚੰਗੀ ਤਰ੍ਹਾਂ ਫੈਲਾ ਲਵੋ। ਇਸ ਤੋਂ ਬਾਅਦ ਮਿੱਠੇ ਲਈ ਉੱਪਰ ਚੀਨੀ ਪਾ ਦਿਓ ਅਤੇ ਤੁਹਾਡੇ ਖਾਣ ਲਈ ਕਰੰਚੀ ਬਰੈੱਡ ਟੋਸਟ ਤਿਆਰ ਹਨ। ਜੇਕਰ ਤੁਸੀਂ ਚਾਹੋ ਤਾਂ ਚੀਨੀ ਸਕਿਪ ਕਰ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਬਹੁਗਿਣਤੀ ਭੋਜਨਾਂ ਵਿਚ ਸਾਡੇ ਸਰੀਰ ਦੀ ਲੋੜ ਅਨੁਸਾਰ ਸ਼ੂਗਰ ਪਹਿਲਾਂ ਹੀ ਮੌਜੂਦ ਹੁੰਦੀ ਹੈ, ਚੀਨੀ ਦੀ ਵਰਤੋਂ ਅਸੀਂ ਸਿਰਫ਼ ਸੁਆਦ ਲਈ ਕਰਦੇ ਹਾਂ। ਇਸ ਲਈ ਜੇਕਰ ਤੁਸੀਂ ਚੀਨੀ ਦੀ ਵਰਤੋਂ ਨਹੀਂ ਕਰਦੇ ਤਾਂ ਇਹ ਇਕ ਚੰਗੀ ਸਿਹਤਮੰਦ ਆਦਤ ਹੈ।
ਇਸ ਤੋਂ ਇਲਾਵਾ ਜੇਕਰ ਤੁਸੀਂ ਇਹਨਾਂ ਟੋਸਟਾਂ ਨੂੰ ਹੋਰ ਸੁਆਦੀ ਤੇ ਮਜ਼ੇਦਾਰ ਬਣਾਉਣਾ ਚਾਹੁੰਦੇ ਹੋ ਤਾਂ ਇਹਨਾਂ ਵਿਚ ਮਲਾਈ ਦੇ ਨਾਲ ਨਾਲ ਸੁੱਕੇ ਮੇਵੇ ਜਿਵੇਂ ਭਿੱਜੇ ਹੋਏ ਬਦਾਮ ਦੇ ਟੁਕੜੇ, ਕਿਸ਼ਮਿਸ਼, ਕਾਜੂ ਜਾਂ ਸੁੱਕੀ ਚੈਰੀ ਵੀ ਵਰਤ ਸਕਦੇ ਹੋ। ਇਹਨਾਂ ਮਲਾਈ ਟੋਸਟਾਂ ਨੂੰ ਤੁਸੀਂ ਚਾਹ ਜਾਂ ਦੁੱਧ ਨਾਲ ਨਾਸ਼ਤੇ ਵਿਚ ਖਾਵੋ ਇਹ ਤੁਹਾਡੇ ਸਾਰੇ ਦਿਨ ਦੀ ਇਕ ਚੰਗੀ ਸ਼ੁਰੂਆਤ ਹੋਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Food, Healthy Food, Recipe, Stay healthy and fit