ਭਾਰਤ ਦਾ 2022-23 ਦਾ ਆਮ ਬਜਟ 1 ਫ਼ਰਵਰੀ ਨੂੰ ਪੇਸ਼ ਕੀਤਾ ਜਾਵੇਗਾ। ਇਸ ਬਜਟ ਉੱਤੇ ਵੱਖ ਵੱਖ ਖੇਤਰਾਂ ਨਾਲ ਸੰਬੰਧਤ ਵਪਾਰੀਆਂ ਅਤੇ ਕਰਮਚਾਰੀਆਂ ਦੀ ਨਜ਼ਰ ਟਿਕੀ ਹੋਈ ਹੈ। ਇਸ ਨਵੇਂ ਬਜਟ ਵਿੱਚ ਖੇਤੀਬਾੜੀ ਖੇਤਰ ਨੂੰ ਸਰਕਾਰ ਵੱਲੋਂ ਵੱਡੀ ਰਾਹਤ ਮਿਲ ਸਕਦੀ ਹੈ। ਜਾਣਕਾਰੀ ਅਨੁਸਾਰ ਸਰਕਾਰ ਦੁਆਰਾ, ਇਸ ਨਵੇਂ ਬਜਟ ਵਿੱਚ ਖੇਤੀ ਕਰਜ਼ੇ ਦੇ ਟੀਚੇ ਵਿੱਚ ਵਾਧਾ ਕਰਨ ਦੀ ਸੰਭਾਵਨਾ ਹੈ।
ਸੂਤਰਾਂ ਦੇ ਮੁਤਾਬਕ ਖੇਤੀਬਾੜੀ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ 2022-23 ਦੇ ਆਗਾਮੀ ਬਜਟ 'ਚ ਖੇਤੀ ਕਰਜ਼ੇ ਦਾ ਟੀਚਾ ਵਧਾ ਕੇ 18 ਲੱਖ ਕਰੋੜ ਰੁਪਏ ਕਰ ਸਕਦੀ ਹੈ। ਮੌਜੂਦਾ ਵਿੱਤੀ ਸਾਲ ਲਈ ਖੇਤੀ ਕਰਜ਼ੇ ਦਾ ਟੀਚਾ 16.5 ਲੱਖ ਕਰੋੜ ਰੁਪਏ ਹੈ। ਸਰਕਾਰ ਹਰ ਸਾਲ ਖੇਤੀ ਕਰਜ਼ੇ ਦਾ ਟੀਚਾ ਵਧਾ ਰਹੀ ਹੈ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਚੱਲ ਰਹੇ ਮਹੀਨੇ ਯਾਨੀ ਕਿ ਜਨਵਰੀ 2022 ਦੇ ਆਖ਼ਰੀ ਹਫ਼ਤੇ ਵਿੱਚ ਬਜਟ ਦੇ ਅੰਕੜਿਆਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ ਅਤੇ ਇਸੇ ਦੌਰਾਨ ਹੀ ਖੇਤੀਬਾੜੀ ਖੇਤਰ ਸੰਬੰਧੀ ਇਹ ਟੀਚਾ ਤੈਅ ਕੀਤਾ ਜਾ ਸਕਦਾ ਹੈ।
ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਸਰਕਾਰ ਨੇ ਬੈਂਕਿੰਗ ਸੈਕਟਰ ਲਈ ਸਾਲਾਨਾ ਖੇਤੀ ਕਰਜ਼ੇ ਦਾ ਟੀਚਾ ਤੈਅ ਕੀਤਾ ਹੈ। ਇਸ ਵਿੱਚ ਫਸਲੀ ਕਰਜ਼ੇ ਦਾ ਟੀਚਾ ਵੀ ਸ਼ਾਮਿਲ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਦੇ ਸਾਲਾਂ ਵਿੱਚ ਖੇਤੀ ਕਰਜ਼ਿਆਂ ਦੀ ਆਮਦ ਵਿੱਚ ਲਗਾਤਾਰ ਵਾਧਾ ਹੋਇਆ ਹੈ ਅਤੇ ਹਰੇਕ ਵਿੱਤੀ ਸਾਲ ਵਿੱਚ ਖੇਤੀ ਕਰਜ਼ਿਆਂ ਦੀ ਗਿਣਤੀ, ਟੀਚੇ ਤੋਂ ਵੱਧ ਰਹੀ ਹੈ। ਜਿਵੇਂ ਕਿ 2017-18 ਲਈ ਖੇਤੀ ਕਰਜ਼ੇ ਦਾ ਟੀਚਾ 10 ਲੱਖ ਕਰੋੜ ਰੁਪਏ ਸੀ, ਪਰ ਉਸ ਸਾਲ ਕਿਸਾਨਾਂ ਨੂੰ 11.68 ਲੱਖ ਰੁਪਏ ਦਾ ਕਰਜ਼ਾ ਦਿੱਤਾ ਗਿਆ ਸੀ।
ਸੰਸਥਾਗਤ ਕਰਜ਼ੇ ਕਾਰਨ ਕਿਸਾਨ ਗੈਰ-ਸੰਸਥਾਗਤ ਸਰੋਤਾਂ ਤੋਂ ਉੱਚ ਵਿਆਜ 'ਤੇ ਕਰਜ਼ਾ ਲੈਣ ਤੋਂ ਵੀ ਬਚਦੇ ਹਨ। ਆਮ ਤੌਰ 'ਤੇ ਖੇਤੀ ਨਾਲ ਸਬੰਧਤ ਕੰਮਾਂ ਲਈ ਕਰਜ਼ਾ 9 ਫੀਸਦੀ ਵਿਆਜ 'ਤੇ ਦਿੱਤਾ ਜਾਂਦਾ ਹੈ। ਪਰ ਸਰਕਾਰ ਕਿਸਾਨਾਂ ਨੂੰ ਸਸਤੇ ਕਰਜ਼ੇ ਦੇਣ ਲਈ ਥੋੜ੍ਹੇ ਸਮੇਂ ਦੇ ਖੇਤੀ ਕਰਜ਼ਿਆਂ 'ਤੇ ਵਿਆਜ ਵਿਚ ਛੋਟ ਦਿੰਦੀ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਸਰਕਾਰ 3 ਲੱਖ ਰੁਪਏ ਤੱਕ ਦੇ ਥੋੜ੍ਹੇ ਸਮੇਂ ਦੇ ਫ਼ਸਲੀ ਕਰਜ਼ੇ 'ਤੇ 2% ਦੀ ਵਿਆਜ ਸਬਸਿਡੀ ਦਿੰਦੀ ਹੈ। ਇਸ ਨਾਲ ਹੀ ਕਿਸਾਨਾਂ ਨੂੰ 7 ਫੀਸਦੀ ਦੇ ਆਕਰਸ਼ਕ ਵਿਆਜ 'ਤੇ ਕਰਜ਼ਾ ਮਿਲਦਾ ਹੈ। ਇਸ ਤੋਂ ਇਲਾਵਾ ਸਮੇਂ ਸਿਰ ਕਰਜ਼ੇ ਦੀ ਅਦਾਇਗੀ ਕਰਨ ਵਾਲੇ ਕਿਸਾਨਾਂ ਨੂੰ 3 ਫੀਸਦੀ ਦੀ ਛੋਟ ਵੀ ਦਿੱਤੀ ਜਾਂਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Agriculture, Budget, Centre govt, Finance Minister, Financial planning, Nirmala Sitharaman, Parliament