Tata CNG Cars: ਦੇਸ਼ ਵਿੱਚ ਮਹਿੰਗੇ ਹੋ ਰਹੇ ਪੈਟਰੋਲ-ਡੀਜ਼ਲ ਦੇ ਬਾਅਦ ਲੋਕਾਂ ਨੇ ਹੁਣ CNG ਕਾਰਾਂ ਖਰੀਦਣੀਆਂ ਸ਼ੁਰੂ ਕਰ ਦਿੱਤੀਆਂ ਹਨ। ਸੀਐਨਜੀ ਕਾਰਾਂ ਦੀ ਮੰਗ ਲਗਾਤਾਰ ਵਧ ਰਹੀ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਸੀਐਨਜੀ 'ਤੇ ਕਾਰਾਂ ਦਾ ਘੱਟ ਖਰਚ ਹੈ ਕਿਉਂਕਿ ਇਹ ਪੈਟਰੋਲ ਅਤੇ ਡੀਜ਼ਲ ਨਾਲੋਂ ਸਸਤੀ ਹੈ। ਇਸ ਦੇ ਨਾਲ ਹੀ, ਕਾਰਬਨ ਨਿਕਾਸ ਵਿੱਚ ਕਮੀ ਦੇ ਕਾਰਨ, ਸਰਕਾਰ ਵਿਕਲਪਕ ਈਂਧਨ ਅਤੇ ਇਲੈਕਟ੍ਰਿਕ ਕਾਰਾਂ ਨੂੰ ਵੀ ਉਤਸ਼ਾਹਿਤ ਕਰ ਰਹੀ ਹੈ।
ਦੇਸ਼ ਦੀ ਕਾਰ ਨਿਰਮਾਤਾ ਕੰਪਨੀ ਟਾਟਾ ਮੋਟਰਜ਼ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਆਪਣੀਆਂ ਦੋ CNG ਨਾਲ ਚਲਣ ਵਾਲੀਆਂ ਕਾਰਾਂ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਜਨਵਰੀ ਵਿੱਚ ਹੋਏ ਆਟੋ ਐਕਸਪੋ ਵਿੱਚ ਟਾਟਾ ਨੇ ਇਹਨਾਂ ਤੋਂ ਪਰਦਾ ਹਟਾਇਆ ਸੀ ਅਤੇ ਉਦੋਂ ਤੋਂ ਹੀ ਲੋਕ ਇਸ ਬਾਰੇ ਜਾਣਕਾਰੀ ਹਾਸਿਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਸਦੀ ਬੁਕਿੰਗ ਆਦਿ ਕਿਵੇਂ ਕਰਨੀ ਹੈ।
ਇਹ ਦੋਵੇਂ ਕਾਰਾਂ ਟਾਟਾ ਦੀ Tata Punch ਅਤੇ Tata Altroz ਹਨ। ਇਹਨਾਂ ਦੋਵੇਂ ਦੇ CNG ਮਾਡਲਾਂ ਨੂੰ ਲੈ ਕੇ ਚਰਚਾ ਚਲ ਰਹੀ ਹੈ। ਇਹਨਾਂ ਵਿੱਚ ਕਈ ਖਾਸ ਵਿਸ਼ੇਸ਼ਤਾਵਾਂ ਮਿਲਣ ਦੀ ਉਮੀਦ ਹੈ। ਇਹਨਾਂ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹਨਾਂ ਵਿੱਚ ਲੱਗੇ ਟਵਿਨ ਗੈਸ ਸਿਲੰਡਰ ਸਨ, ਜਿਨ੍ਹਾਂ ਨੂੰ ਇਸ ਤਰ੍ਹਾਂ ਫਿੱਟ ਕੀਤਾ ਗਿਆ ਹੈ ਕਿ ਕਾਰਾਂ ਦੀ ਬੂਟ ਸਪੇਸ ਬਰਕਰਾਰ ਰਹੇ। ਇਹ ਸਭ ਤੋਂ ਪਹਿਲੀਆਂ ਕਾਰਾਂ ਹੋਣਗੀਆਂ ਜਿਹਨਾਂ ਵਿੱਚ ਦੋ CNG ਸਿਲੰਡਰ ਮਿਲਣਗੇ।
ਇੰਜਣ: ਜੇਕਰ ਇਹਨਾਂ ਦੋਵੇਂ ਕਾਰਾਂ ਦੇ ਇੰਜਣ ਦੀ ਗੱਲ ਕਰੀਏ ਤਾਂ ਦੋਵਾਂ 'ਚ 1.2-ਲੀਟਰ ਪੈਟਰੋਲ ਇੰਜਣ ਦਿੱਤਾ ਜਾ ਸਕਦਾ ਹੈ, ਜੋ 84 bhp ਦੀ ਪਾਵਰ ਅਤੇ 113 Nm ਦਾ ਟਾਰਕ ਜਨਰੇਟ ਕਰੇਗਾ। ਇਸ ਦੇ ਨਾਲ ਹੀ CNG ਮੋਡ 'ਚ ਇਹ 76 bhp ਦੀ ਪਾਵਰ ਅਤੇ 97 Nm ਦਾ ਟਾਰਕ ਜਨਰੇਟ ਕਰੇਗਾ।
Altroz CNG ਦੀਆਂ ਵਿਸ਼ੇਸ਼ਤਾਵਾਂ: ਟਾਟਾ ਦੀ ਇਸ ਕਾਰ ਦੇ CNG ਮਾਡਲ ਵਿੱਚ ਸੁਰੱਖਿਆ ਨੂੰ ਪੂਰਾ ਧਿਆਨ ਵਿੱਚ ਰੱਖਿਆ ਗਿਆ ਹੈ। ਇਸ 'ਚ 6 ਏਅਰਬੈਗ ਦਿੱਤੇ ਗਏ ਹਨ। ਕਾਰ ਨੂੰ ਗਲੋਬਲ NCAP ਦੁਆਰਾ 5 ਸਟਾਰ ਰੇਟਿੰਗ ਮਿਲੀ ਹੈ। ਇਸ ਦੇ ਨਾਲ ਹੀ ਕਾਰ 'ਚ ਸਨਰੂਫ, LED DRL, 7-ਇੰਚ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, ਰੀਅਰ ਏਸੀ ਵੈਂਟਸ, ਲੈਦਰ ਸੀਟ ਅਪਹੋਲਸਟ੍ਰੀ, ਹਾਈਟ ਐਡਜਸਟਬਲ ਡ੍ਰਾਈਵਰ ਸੀਟ ਦੇ ਨਾਲ-ਨਾਲ ਆਟੋਮੈਟਿਕ ਕਲਾਈਮੇਟ ਕੰਟਰੋਲ AC ਵਰਗੇ ਫੀਚਰਸ ਮਿਲਣਗੇ।
Punch ਦੀਆਂ ਵਿਸ਼ੇਸ਼ਤਾਵਾਂ: Tata Punch ਵੀ ਕਿਸੇ ਗੱਲੋਂ ਪਿੱਛੇ ਨਹੀਂ ਹੈ। ਇਸਦਾ CNG ਮਾਡਲ ਵੀ ਬਹੁਤ ਖਾਸ ਹੈ। ਇਸ ਵਿੱਚ 7-ਇੰਚ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ, ਸਨਰੂਫ, ਐਂਡ੍ਰਾਇਡ ਅਤੇ ਐਪਲ ਆਟੋ ਕਾਰ ਪਲੇ, ਆਟੋਮੈਟਿਕ ਕਲਾਈਮੇਟ ਕੰਟਰੋਲ ਏਸੀ, ਰੀਅਰ ਏਸੀ ਵੈਂਟਸ, 16-ਇੰਚ ਦੇ ਅਲਾਏ ਵ੍ਹੀਲ ਮਿਲਣਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Auto industry, Car Bike News, Tata Motors