Side Effects of Tea: ਚਾਹ ਸਾਡੇ ਰੋਜ਼ਾਨਾ ਖਾਣ ਪੀਣ ਦਾ ਅਹਿਮ ਹਿੱਸਾ ਹੈ। ਦੁਨੀਆਂ ਦੇ ਜ਼ਿਆਦਾਤਰ ਲੋਕ ਆਪਣੇ ਦਿਨ ਦੀ ਸ਼ੁਰੂਆਤ ਚਾਹ ਨਾਲ ਹੀ ਕਰਦੇ ਹਨ। ਜ਼ਿਆਦਾਤਰ ਲੋਕ ਦੁੱਧ ਦੀ ਚਾਹ ਪਸੰਦ ਕਰਦੇ ਹਨ, ਜਦਕਿ ਕੁਝ ਲੋਕ ਗ੍ਰੀਨ ਟੀ ਅਤੇ ਬਲੈਕ ਟੀ ਪੀਂਦੇ ਹਨ। ਚਾਹ ਦੀ ਵਰਤੋਂ ਸਦੀਆਂ ਤੋਂ ਰਵਾਇਤੀ ਦਵਾਈ ਵਿੱਚ ਕੀਤੀ ਜਾਂਦੀ ਰਹੀ ਹੈ। ਜੇਕਰ ਚਾਹ ਨੂੰ ਸਹੀ ਮਾਤਰਾ ਵਿੱਚ ਪੀਤਾ ਜਾਵੇ, ਤਾਂ ਇਸਦੇ ਬਹੁਤ ਫ਼ਾਇਦੇ ਵੀ ਹਨ। ਕਈ ਅਧਿਐਨਾਂ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਚਾਹ ਪੀਣ ਨਾਲ ਕੈਂਸਰ, ਮੋਟਾਪਾ, ਸ਼ੂਗਰ ਅਤੇ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਘੱਟ ਹੋ ਸਕਦਾ ਹੈ। ਪਰ ਜੇਕਰ ਤੁਸੀਂ ਦਿਨ 'ਚ 3-4 ਕੱਪ ਜਾਂ ਇਸ ਤੋਂ ਵੱਧ ਚਾਹ ਪੀ ਰਹੇ ਹੋ ਤਾਂ ਇਹ ਸਿਹਤ ਲਈ ਹਾਨੀਕਾਰਕ ਸਾਬਤ ਹੋ ਸਕਦੀ ਹੈ। ਆਓ ਜਾਣਦੇ ਹਾਂ ਕਿ ਜ਼ਿਆਦਾ ਚਾਹ ਪੀਣ ਨਾਲ ਕਿਹੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਜ਼ਿਆਦਾ ਚਾਹ ਪੀਣ ਦਾ ਸਿਹਤ ਉੱਤੇ ਮਾੜੇ ਪ੍ਰਭਾਵ
ਚਾਹ ਪੀਣ ਨਾਲ ਵਿਅਕਤੀ ਨੂੰ ਪੇਟ ਦੀਆਂ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਇਸ ਨਾਲ ਐਸੀਡਿਟੀ ਅਤੇ ਗੈਸ ਦੀ ਸਮੱਸਿਆ ਹੋ ਸਕਦੀ ਹੈ। ਗਰਭਵਤੀ ਮਹਿਲਾਵਾਂ ਲਈ ਚਾਹ ਨੁਕਸਾਨਦੇਹ ਹੋ ਸਕਦੀ ਹੈ। ਗਰਭ ਅਵਸਥਾ ਦੌਰਾਨ ਜ਼ਿਆਦਾ ਚਾਹ ਪੀਣ ਨਾਲ ਔਰਤ ਦੇ ਨਾਲ-ਨਾਲ ਅਣਜੰਮੇ ਬੱਚੇ ਨੂੰ ਵੀ ਨੁਕਸਾਨ ਹੋ ਸਕਦਾ ਹੈ।
ਜ਼ਿਆਦਾ ਚਾਹ ਪੀਣ ਨਾਲ ਬੇਚੈਨੀ ਅਤੇ ਥਕਾਵਟ ਹੋ ਸਕਦੀ ਹੈ। ਚਾਹ ਵਿੱਚ ਕੈਫੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਹ ਇੱਕ ਅਜਿਹਾ ਪਦਾਰਥ ਹੈ ਜੋ ਸਰੀਰ ਵਿੱਚ ਬੇਚੈਨੀ ਅਤੇ ਥਕਾਵਟ ਵਧਾਉਂਦਾ ਹੈ।ਇਸ ਤੋਂ ਇਲਾਵਾ ਜਿੰਨੀ ਜ਼ਿਆਦਾ ਚਾਹ ਤੁਸੀਂ ਆਪਣੀ ਰੁਟੀਨ ਵਿੱਚ ਸ਼ਾਮਿਲ ਕਰੋਗੇ, ਉਨੀ ਹੀ ਜ਼ਿਆਦਾ ਨੀਂਦ ਪ੍ਰਭਾਵਿਤ ਹੋਵੇਗੀ। ਕੈਫੀਨ ਨੀਂਦ ਦੀ ਸਮੱਸਿਆ ਦਾ ਕਾਰਨ ਬਣਦੀ ਹੈ। ਨੀਂਦ ਨਾ ਆਉਣ ਕਰਕੇ ਮਾਨਸਿਕ ਸਿਹਤ ਦਾ ਨੁਕਸਾਨ ਹੁੰਦਾ ਹੈ। ਜਿਸ ਕਰਕੇ ਤਣਾਅ ਅਤੇ ਚਿੰਤਾ ਦੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ।
ਦਿਨ 'ਚ ਵਾਰ-ਵਾਰ ਚਾਹ ਪੀਣ ਨਾਲ ਸਰੀਰ 'ਚ ਆਇਰਨ ਦੀ ਕਮੀ ਹੋ ਸਕਦੀ ਹੈ। ਚਾਹ ਦੀ ਪੱਤੀ 'ਚ ਟੈਨਿਨ ਨਾਂ ਦਾ ਤੱਤ ਹੁੰਦਾ ਹੈ, ਜੋ ਸਰੀਰ 'ਚ ਮੌਜੂਦ ਆਇਰਨ ਤੱਤਾਂ ਨਾਲ ਚਿਪਕ ਜਾਂਦਾ ਹੈ ਅਤੇ ਪਾਚਨ ਤੰਤਰ ਤੋਂ ਉਨ੍ਹਾਂ ਨੂੰ ਖ਼ਤਮ ਕਰ ਦਿੰਦਾ ਹੈ। ਆਇਰਨ ਦੀ ਕਮੀ ਅਨੀਮੀਆ ਦਾ ਕਾਰਨ ਬਣਦੀ ਹੈ। ਇਸ ਲਈ ਅਨੀਮੀਆ ਵਾਲੇ ਲੋਕਾਂ ਨੂੰ ਚਾਹ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਜ਼ਿਆਦਾ ਚਾਹ ਪੀਣ ਨਾਲ ਚੱਕਰ ਆ ਸਕਦੇ ਹਨ। ਇਹ ਲੱਛਣ ਕੈਫੀਨ ਦੇ ਸੇਵਨ ਨਾਲ ਵੀ ਜੁੜਿਆ ਹੋਇਆ ਹੈ। ਜੇਕਰ ਤੁਹਾਨੂੰ ਅਕਸਰ ਚਾਹ ਪੀਣ ਤੋਂ ਬਾਅਦ ਚੱਕਰ ਆਉਣੇ ਮਹਿਸੂਸ ਹੁੰਦੇ ਹਨ, ਤਾਂ ਘੱਟ ਕੈਫੀਨ ਵਾਲੇ ਪੀਣ ਵਾਲੇ ਪਦਾਰਥਾਂ ਦਾ ਸੇਵਨ ਕਰੋ ਅਤੇ ਡਾਕਟਰ ਦੀ ਸਲਾਹ ਲਓ। ਕਈ ਵਾਰ ਛੋਟੇ ਲੱਛਣ ਵੱਡੀਆਂ ਬਿਮਾਰੀਆਂ ਦੇ ਵੀ ਹੋ ਸਕਦੇ ਹਨ।
ਚਾਹ ਪੀਣ ਨਾਲ ਕਈ ਲੋਕਾਂ ਨੂੰ ਸਿਰਦਰਦ ਤੋਂ ਛੁਟਕਾਰਾ ਮਿਲ ਜਾਂਦਾ ਹੈ ਪਰ ਜਦੋਂ ਚਾਹ ਦੋ ਜਾਂ ਤਿੰਨ ਵਾਰ ਤੋਂ ਜ਼ਿਆਦਾ ਪੀਤੀ ਜਾਵੇ ਤਾਂ ਇਹ ਸਿਰਦਰਦ ਦਾ ਕਾਰਨ ਬਣ ਸਕਦੀ ਹੈ। ਅਜਿਹਾ ਚਾਹ ਵਿੱਚ ਮੌਜੂਦ ਕੈਫੀਨ ਦੇ ਕਾਰਨ ਹੁੰਦਾ ਹੈ। ਜਦੋਂ ਕੋਈ ਵਿਅਕਤੀ ਚਾਹ ਪੀਣ ਦਾ ਆਦੀ ਹੋ ਜਾਂਦਾ ਹੈ ਤਾਂ ਉਹ ਕੈਫੀਨ ਦਾ ਆਦੀ ਹੋ ਜਾਂਦਾ ਹੈ। ਉਸਨੂੰ ਕੈਫੀਨ ਦੀ ਅਕਸਰ ਲਾਲਸਾ ਰਹਿੰਦੀ ਹੈ। ਚਾਹ ਨਾ ਮਿਲਣ 'ਤੇ ਉਸ ਦੇ ਮੂਡ ਅਤੇ ਵਿਹਾਰ 'ਚ ਬਦਲਾਅ ਆ ਸਕਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Health, Health care, Health care tips, Health news, Health tips, Lifestyle