ਅਕਸਰ ਜਦੋਂ ਵੀ ਘਰ ਵਿੱਚ ਕੋਈ ਖੁਸ਼ੀ ਦਾ ਮੌਕਾ ਹੁੰਦਾ ਹੈ ਤਾਂ ਮਿਠਾਈ ਜ਼ਰੂਰ ਲਿਆਂਦੀ ਜਾਂਦੀ ਹੈ। ਮਿਠਾਈਆਂ ਸਾਡੇ ਤਿਉਹਾਰਾਂ ਦੀ ਜਿੰਦ-ਜਾਨ ਹਨ। ਜਦੋਂ ਵੀ ਕੋਈ ਤਿਉਹਾਰ ਆਉਣ ਵਾਲਾ ਹੁੰਦਾ ਹੈ ਮਿਠਾਈ ਦੀਆਂ ਦੁਕਾਨਾਂ ਸੱਜਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਹਲਵਾਈ ਤਾਜ਼ੀਆਂ ਮਿਠਾਈਆਂ ਬਣਾਉਣੀਆਂ ਸ਼ੁਰੂ ਕਰ ਦਿੰਦੇ ਹਨ। ਬੱਚੇ ਹੋਣ ਚਾਹੇ ਬਜ਼ੁਰਗ ਮਿਠਾਈ ਖਾਣ ਤੋਂ ਪਿੱਛੇ ਨਹੀਂ ਹੱਟਦੇ। ਤੁਹਾਨੂੰ ਦੱਸ ਦੇਈਏ ਕਿ ਸਵਾਦ ਲਈ ਤਾਂ ਮਿਠਾਈਆਂ ਨੂੰ ਕਦੇ ਕਦਾਈਂ ਖਾਧਾ ਜਾ ਸਕਦਾ ਹੈ ਪਰ ਇਹਨਾਂ ਦੀ ਜ਼ਿਆਦਾ ਖਪਤ ਤੁਹਾਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ 'ਚ ਪਾ ਸਕਦੀ ਹੈ।
ਦਰਅਸਲ ਜਦੋਂ ਅਸੀਂ ਜ਼ਿਆਦਾ ਮਿੱਠਾ ਖਾਂਦੇ ਹਾਂ ਤਾਂ ਸਾਨੂੰ ਮੋਟਾਪਾ, ਸਕਿਨ ਸਮੱਸਿਆਵਾਂ, ਡਾਇਬਿਟੀਜ਼, ਦਿਲ ਦੀਆਂ ਬਿਮਾਰੀਆਂ ਆਦਿ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਕੁਦਰਤੀ ਮਿੱਠੇ ਵਿੱਚ ਅਤੇ ਨਕਲੀ ਮਿੱਠੇ ਵਿੱਚ ਬਹੁਤ ਫਰਕ ਹੁੰਦਾ ਹੈ। ਕੁਦਰਤੀ ਮਿੱਠਾ ਸਾਨੂੰ ਪੋਸ਼ਕ ਤੱਤ ਦਿੰਦਾ ਹੈ ਜਦ ਕਿ ਨਕਲੀ ਮਿੱਠਾ ਖਾਣ ਨਾਲ ਸਿਹਤ ਸਮੱਸਿਆਵਾਂ ਹੁੰਦੀਆਂ ਹਨ।
ਜੇਕਰ ਤੁਸੀਂ ਵੀ ਬਹੁਤ ਮਿੱਠਾ ਖਾਣਾ ਪਸੰਦ ਕਰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਇਸ ਨਾਲ ਹੋਣ ਵਾਲੀਆਂ 5 ਬਿਮਾਰੀਆਂ ਦੇ ਖਤਰੇ ਬਾਰੇ ਦੱਸਾਂਗੇ ਤਾਂ ਜੋ ਤੁਸੀਂ ਆਪਣੇ ਮਿੱਠੇ ਦੀ ਖਪਤ ਨੂੰ ਘੱਟ ਕਰਕੇ ਇਹਨਾਂ ਤੋਂ ਬਚ ਸਕੋ।
ਮੋਟਾਪਾ: ਇਹ ਸਭ ਤੋਂ ਪਹਿਲਾਂ ਧਿਆਨ ਵਿੱਚ ਰੱਖੋ ਕਿ ਜ਼ਿਆਦਾ ਮਿੱਠਾ ਤੁਹਾਨੂੰ ਮੋਟਾ ਕਰ ਦੇਵੇਗਾ ਅਤੇ ਮੋਟਾਪਾ ਆਪਣੇ ਆਪ ਵਿੱਚ ਹੀ ਕਈ ਬਿਮਾਰੀਆਂ ਦਾ ਘਰ ਮੰਨਿਆ ਜਾਂਦਾ ਹੈ। ਮੈਡੀਕਲ ਨਿਊਜ਼ ਟੂਡੇ ਦੇ ਮੁਤਾਬਕ ਜ਼ਿਆਦਾ ਮਿੱਠਾ ਭਾਰ ਵਧਣ ਦਾ ਸਭ ਤੋਂ ਵੱਡਾ ਕਾਰਨ ਹੈ। ਮਿੱਠਾ ਸਿਰਫ ਮਿਠਾਈਆਂ ਵਿੱਚ ਹੀ ਨਹੀਂ ਬਲਕਿ ਮਿੱਠੇ ਪਕਵਾਨ, ਆਈਸਕ੍ਰੀਮ, ਸਾਫਟ ਡਰਿੰਕਸ ਵਰਗੀਆਂ ਚੀਜ਼ਾਂ ਵਿੱਚ ਵੀ ਓਵੇਂ ਹੀ ਕੰਮ ਕਰਦਾ ਹੈ। ਇਸ ਦੇ ਪਿੱਛੇ ਕਾਰਨ ਹੈ ਮਿੱਠੇ ਵਿੱਚ ਮੌਜੂਦ ਕੈਲੋਰੀਜ਼ ਜੋ ਭਾਰ ਵਧਾਉਂਦੀ ਹੈ।
ਡਾਇਬਿਟੀਜ਼ (ਸ਼ੂਗਰ): ਅਕਸਰ ਤੁਸੀਂ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ ਕਿ ਜ਼ਿਆਦਾ ਮਿੱਠਾ ਨਾ ਖਾਓ ਨਹੀਂ ਤਾਂ ਤੁਹਾਨੂੰ ਸ਼ੂਗਰ ਦੀ ਬਿਮਾਰੀ ਹੋ ਜਾਵੇਗੀ। ਇਹ ਠੀਕ ਗੱਲ ਨਹੀਂ ਹੈ। ਪਰ ਫਿਰ ਵੀ ਡਾਕਟਰ ਟਾਈਪ 2 ਡਾਇਬਿਟੀਜ਼ ਤੋਂ ਬਚਨ ਲਈ ਮਰੀਜ਼ਾਂ ਨੂੰ ਮਿੱਠੇ ਤੋਂ ਪਰਹੇਜ਼ ਕਰਨ ਦੀ ਸਲਾਹ ਦਿੰਦੇ ਹਨ ਕਿਉਂਕਿ ਸ਼ੂਗਰ ਦੇ ਮਰੀਜ਼ ਲਈ ਮਿੱਠਾ ਇੱਕ ਜ਼ਹਿਰ ਵਾਂਗ ਕੰਮ ਕਰਦਾ ਹੈ।
ਕੈਵਿਟੀ ਦੀ ਸਮੱਸਿਆ- ਬੱਚਿਆਂ ਨੂੰ ਅਕਸਰ ਅਸੀਂ ਕਹਿੰਦੇ ਹਾਂ ਕਿ ਜੇਕਰ ਉਹ ਜ਼ਿਆਦਾ ਟੌਫੀ-ਚਾਕਲੇਟ ਖਾਣਗੇ ਤਾਂ ਉਹਨਾਂ ਦੇ ਦੰਦਾਂ ਵਿੱਚ ਕੀੜੇ ਲੱਗ ਜਾਣਗੇ। ਅਸਲ ਵਿੱਚ ਮਾਪੇ ਬੱਚਿਆਂ ਨੂੰ ਕੈਵਿਟੀਜ਼ ਦੇ ਖ਼ਤਰੇ ਤੋਂ ਬਚਾਉਣ ਲਈ ਇਹ ਗੱਲ ਕਹਿੰਦੇ ਹਨ। ਮਿੱਠੇ ਨਾਲ ਕੈਵਿਟੀਜ਼ ਦਾ ਖਤਰਾ ਵੱਧ ਜਾਂਦਾ ਹੈ।
ਪੌਸ਼ਟਿਕ ਤੱਤਾਂ ਦੀ ਘਾਟ: ਮਿੱਠੇ ਤੋਂ ਬਿਨ੍ਹਾਂ ਮਿਠਾਈ ਦਾ ਕੋਈ ਮਤਲਬ ਨਹੀਂ ਬਣਦਾ ਪਰ ਤੁਹਾਨੂੰ ਦੱਸ ਦੇਈਏ ਕਿ ਮਿੱਠੇ ਵਿੱਚ ਸਿਵਾਏ ਕੈਲੋਰੀ ਦੇ ਹੋਰ ਕੋਈ ਤੱਤ ਨਹੀਂ ਪਾਇਆ ਜਾਂਦਾ। ਇਸ ਤਰ੍ਹਾਂ ਸਾਡੀ ਸਿਹਤ ਨੂੰ ਲੋੜੀਂਦੇ ਤੱਤ ਨਹੀਂ ਮਿਲਦੇ। ਇਸ ਦੀ ਬਜਾਏ ਕੁਦਰਤੀ ਮਿੱਠਾ ਜਿਵੇਂ ਕਿ ਫਲ ਜਾਂ ਡੇਅਰੀ ਉਤਪਾਦ ਸਰੀਰ ਨੂੰ ਜ਼ਰੂਰੀ ਤੱਤ ਦਿੰਦੇ ਹਨ।
ਦਿਲ ਦੀਆਂ ਬਿਮਾਰੀਆਂ: ਬਹੁਤ ਜ਼ਿਆਦਾ ਮਿੱਠਾ ਖਾਣ ਨਾਲ ਦਿਲ ਦੇ ਰੋਗ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇੱਕ ਅਧਿਐਨ ਵਿੱਚ ਵੀ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਲੋਕ ਜ਼ਿਆਦਾ ਮਿੱਠਾ ਖਾਂਦੇ ਹਨ ਉਹਨਾਂ ਨੂੰ ਕਾਰਡੀਓਵੈਸਕੁਲਰ ਰੋਗ ਹੋਣ ਦਾ ਜ਼ਿਆਦਾ ਖਤਰਾ ਹੁੰਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Health, Healthy lifestyle, Sugar