Auto News: ਮਸ਼ਹੂਰ ਮੋਪੇਡ ਕਾਇਨੇਟਿਕ ਲੂਨਾ ਨੂੰ 50 ਸਾਲ ਪਹਿਲਾਂ ਭਾਰਤੀ ਦੋਪਹੀਆ ਵਾਹਨ ਬਾਜ਼ਾਰ ਵਿੱਚ ਪੇਸ਼ ਕੀਤਾ ਗਿਆ ਸੀ ਅਤੇ ਹੁਣ ਇਹ ਇੱਕ ਵਾਰ ਫਿਰ ਵਾਪਸੀ ਕਰਨ ਲਈ ਤਿਆਰ ਹੈ। ਪਰ ਇਸ ਵਾਰ ਤੁਹਾਨੂੰ ਲੂਨਾ ਦਾ ਇਲੈਕਟ੍ਰਿਕ ਅਵਤਾਰ ਦੇਖਣ ਨੂੰ ਮਿਲੇਗਾ। ਦਰਅਸਲ, ਕਾਇਨੇਟਿਕ ਲੂਨਾ ਦੀ ਨਿਰਮਾਤਾ ਕਾਇਨੇਟਿਕ ਇੰਜੀਨੀਅਰਿੰਗ ਲਿਮਟਿਡ (ਕੇਈਐਲ) ਨੇ ਘੋਸ਼ਣਾ ਕੀਤੀ ਹੈ ਕਿ ਕੰਪਨੀ ਹੁਣ ਆਪਣਾ ਇਲੈਕਟ੍ਰਿਕ ਮਾਡਲ ਪੇਸ਼ ਕਰਨ ਵਾਲੀ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਕਹੀ ਜਾ ਸਕਦੀ ਹੈ ਕਿ ਲੂਨਾ ਦੀ ਇਲੈਕਟ੍ਰਿਕ ਚੈਸੀ ਅਤੇ ਹੋਰ ਅਸੈਂਬਲੀਆਂ ਦਾ ਉਤਪਾਦਨ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ।
ਕੰਪਨੀ ਮੁਤਾਬਕ ਇਸ ਜ਼ੀਰੋ-ਐਮਿਸ਼ਨ ਵਾਹਨ ਨੂੰ ਜਲਦ ਹੀ ਲਾਂਚ ਕੀਤਾ ਜਾਵੇਗਾ। ਇਸ ਤੋਂ ਇਲਾਵਾ ਨਵੀਂ ਕਾਇਨੇਟਿਕ ਲੂਨਾ ਕਾਇਨੇਟਿਕ ਗ੍ਰੀਨ ਐਨਰਜੀ ਅਤੇ ਪਾਵਰ ਸਲਿਊਸ਼ਨਸ ਦੁਆਰਾ ਵੇਚੀ ਜਾਵੇਗੀ। ਇਨ੍ਹਾਂ ਸਾਰੀਆਂ ਗੱਲਾਂ ਦਾ ਖੁਲਾਸਾ ਖੁਦ ਨਿਰਮਾਤਾ ਨੇ ਕੀਤਾ ਹੈ। ਕੰਪਨੀ ਨੇ ਈ-ਲੂਨਾ ਲਈ ਸਾਰੀਆਂ ਪ੍ਰਮੁੱਖ ਸਬ-ਅਸੈਂਬਲੀਆਂ ਵਿਕਸਿਤ ਕੀਤੀਆਂ ਹਨ, ਜਿਸ ਵਿੱਚ ਮੁੱਖ ਚੈਸੀ, ਮੁੱਖ ਸਟੈਂਡ, ਸਾਈਡ ਸਟੈਂਡ, ਸਵਿੰਗ ਆਰਮ, ਅਤੇ ਪ੍ਰਤੀ ਮਹੀਨਾ 5,000 ਸੈੱਟਾਂ ਦੀ ਸ਼ੁਰੂਆਤੀ ਸਮਰੱਥਾ ਵਾਲੀ ਇੱਕ ਪ੍ਰੋਡਕਸ਼ਨ ਲਾਈਨ ਸਥਾਪਤ ਕੀਤੀ ਗਈ ਹੈ।
ਇੱਕ ਜ਼ਮਾਨੇ ਵਿੱਚ ਰੋਜ਼ਾਨਾ ਦੋ ਹਜ਼ਾਰ ਲੂਨਾ ਵਿਕਦੀਆਂ ਸਨ
ਕੇਈਐਲ ਦੇ ਮੈਨੇਜਿੰਗ ਡਾਇਰੈਕਟਰ ਅਜਿੰਕਿਆ ਫਿਰੋਦੀਆ ਨੇ ਕਿਹਾ ਕਿ “ਸਾਨੂੰ ਉਮੀਦ ਹੈ ਕਿ ਇਹ ਕਾਰੋਬਾਰ ਅਗਲੇ 2-3 ਸਾਲਾਂ ਵਿੱਚ 30 ਕਰੋੜ ਰੁਪਏ ਸਾਲਾਨਾ ਤੋਂ ਵੱਧ ਹੋ ਜਾਵੇਗਾ, ਕਿਉਂਕਿ ਈ-ਲੂਨਾ ਦੀ ਡਿਮਾਂਗ ਵਧੇਗੀ। ਇਹ ਕੇਈਐਲ ਨੂੰ ਈਵੀ ਹਿੱਸੇ ਵਿੱਚ ਆਪਣੀ ਮੌਜੂਦਗੀ ਵਧਾਉਣ ਵਿੱਚ ਵੀ ਮਦਦ ਕਰੇਗਾ।” ਫਿਰੋਦੀਆ ਨੇ ਅੱਗੇ ਕਿਹਾ, “ਜਦੋਂ ਲੂਨਾ ਦੀ ਵਿਕਰੀ ਸਭ ਤੋਂ ਵੱਧ ਸੀ, ਕੰਪਨੀ ਪ੍ਰਤੀ ਦਿਨ ਲੂਨਾ ਦੀਆਂ 2,000 ਤੋਂ ਵੱਧ ਯੂਨਿਟਾਂ ਵੇਚ ਰਹੀ ਸੀ। ਮੈਨੂੰ ਯਕੀਨ ਹੈ ਕਿ ਇਹ ਆਪਣੇ ਨਵੇਂ ਅਵਤਾਰ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰੇਗੀ।" ਫਿਰੋਦੀਆ ਨੇ ਅੱਗੇ ਕਿਹਾ, "ਕੇਈਐਲ ਇਲੈਕਟ੍ਰਿਕ ਦੋ ਅਤੇ ਤਿੰਨ ਪਹੀਆ ਵਾਹਨਾਂ ਲਈ ਸਾਰੀਆਂ ਪ੍ਰਮੁੱਖ ਮਕੈਨੀਕਲ ਸਬ-ਅਸੈਂਬਲੀਆਂ ਲਈ ਇੱਕ ਵਨ-ਸਟਾਪ ਸ਼ਾਪ ਵਜੋਂ ਉੱਭਰ ਰਹੀ ਹੈ, ਜਿਸ ਵਿੱਚ ਪਿਛਲੇ 12 ਮਹੀਨਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ।" ਕੇਈਐਲ ਨੇ 50 ਸਾਲ ਪਹਿਲਾਂ ਲੂਨਾ ਨੂੰ ਲਾਂਚ ਕੀਤਾ ਸੀ। ਜਿਸ ਦੀ ਕੀਮਤ ਉਦੋਂ 2,000 ਰੁਪਏ ਸੀ। ਉਸ ਸਮੇਂ ਲੂਨਾ ਨੂੰ ਭਾਰਤ ਲਈ ਆਵਾਜਾਈ ਦੇ ਸਭ ਤੋਂ ਕੁਸ਼ਲ, ਕਿਫ਼ਾਇਤੀ ਅਤੇ ਸੁਵਿਧਾਜਨਕ ਢੰਗ ਵਜੋਂ ਜਾਣਿਆ ਜਾਂਦਾ ਸੀ।
ਮੋਪੇਡ ਬਣਾਉਣ ਦਾ ਕੰਮ ਮੁੜ ਸ਼ੁਰੂ ਹੋ ਰਿਹਾ ਹੈ
80 ਦੇ ਦਹਾਕੇ ਵਿੱਚ ਲੂਨਾ ਇੱਕ ਪ੍ਰਸਿੱਧ ਮੋਪੇਡ ਬਣ ਗਈ ਸੀ। ਇਸਦੀ ਲੋਕਪ੍ਰਿਅਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਦੀ ਸ਼੍ਰੇਣੀ ਵਿੱਚ ਇਸ ਦਾ 95 ਪ੍ਰਤੀਸ਼ਤ ਮਾਰਕੀਟ ਸ਼ੇਅਰ ਹੈ। ਕੇਈਐਲ ਨੇ ਕਿਹਾ ਕਿ ਸਾਰੀਆਂ ਅਸੈਂਬਲੀਆਂ ਪੂਰੀ ਤਰ੍ਹਾਂ ਤਿਆਰ ਹੋ ਜਾਣਗੀਆਂ ਅਤੇ ਕੰਪਨੀ ਦੀ ਅਹਿਮਦਨਗਰ ਸਥਿਤ ਫੈਕਟਰੀ ਨੂੰ ਮੁੜ ਚਾਲੂ ਕੀਤਾ ਜਾ ਰਿਹਾ ਹੈ। ਦੇਖਣ ਵਾਲੀ ਗੱਲ ਹੈ ਕਿ 90 ਦੇ ਦਹਾਕੇ ਵਿੱਚ ਜੰਮੇ ਲੋਕਾਂ ਨੇ ਲੂਨਾ ਨੂੰ ਹੌਲੀ ਹੌਲੀ ਸੜਕਾਂ ਤੋਂ ਗਾਇਬ ਹੁੰਦੇ ਦੇਖਿਆ ਸੀ ਪਰ ਹੁਣ 21ਵੀਂ ਸਦੀ ਦੇ ਨੌਜਵਾਨ ਇਸ ਨੂੰ ਮੁੜ ਸੜਕਾਂ ਉੱਤੇ ਦੌੜਦੀ ਦੇਖਣਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Electric Scooter, Lifestyle, Scooter