ਯੂਐਸ ਚਾਰਜ ਡੀ ਅਫੇਅਰਜ਼ ਪੈਟਰੀਸੀਆ ਲੈਸੀਨਾ (US Chargé d’Affaires Patricia Lacina) ਨੇ ਮੰਗਲਵਾਰ ਨੂੰ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਇਹਨਾਂ ਗਰਮੀਆਂ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਜਾਰੀ ਕਰਨ ਦੇ ਮਾਮਲੇ ਵਿੱਚ ਇੱਕ ਹੋਰ ਰਿਕਾਰਡ ਤੋੜ ਸਾਲ ਦੀ ਉਮੀਦ ਕਰ ਰਿਹਾ ਹੈ।
ਪਿਛਲੇ ਸਾਲ ਅਮਰੀਕਾ ਨੇ ਰਿਕਾਰਡ 62,000 ਭਾਰਤੀ ਵਿਦਿਆਰਥੀਆਂ ਨੂੰ ਵੀਜ਼ੇ ਜਾਰੀ ਕੀਤੇ ਸਨ।
PTI ਨਾਲ ਗੱਲਬਾਤ ਕਰਦਿਆਂ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਸਾਲ, ਦੂਤਾਵਾਸ ਨੇ ਵਿਦਿਆਰਥੀ ਵੀਜ਼ਾ ਲਈ 100,000 ਅਪਪੋਇੰਟਮੈਂਟਸ ਨੂੰ ਸੱਦਾ ਦਿੱਤਾ ਹੈ।
ਯੂਐਸ ਅੰਬੈਸੀ (US Embassy) ਵਿਖੇ ਵਿਦਿਆਰਥੀ ਵੀਜ਼ਾ ਦਿਵਸ 'ਤੇ ਬੋਲਦਿਆਂ, ਲੈਸੀਨਾ ਨੇ ਕਿਹਾ, "ਕੋਵਿਡ-19 ਮਹਾਂਮਾਰੀ ਦੇ ਬਾਵਜੂਦ, ਮਿਸ਼ਨ ਇੰਡੀਆ ਨੇ 2021 ਵਿੱਚ ਪਹਿਲਾਂ ਨਾਲੋਂ ਵੱਧ ਵਿਦਿਆਰਥੀ ਵੀਜ਼ੇ ਜਾਰੀ ਕੀਤੇ ਹਨ। ਇਹਨਾਂ ਗਰਮੀਆਂ ਵਿੱਚ ਅਸੀਂ ਇੱਕ ਹੋਰ ਰਿਕਾਰਡ ਤੋੜ ਵਿਦਿਆਰਥੀ ਸੀਜ਼ਨ ਦੀ ਉਮੀਦ ਕਰ ਰਹੇ ਹਾਂ।"
ਲੈਸੀਨਾ ਨੇ ਕਿਹਾ, "ਸੰਯੁਕਤ ਰਾਜ ਅਮਰੀਕਾ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਸਾਡੇ ਅਕਾਦਮਿਕ ਸੰਸਥਾਵਾਂ ਅਤੇ ਭਾਈਚਾਰਿਆਂ ਵਿੱਚ ਉਨ੍ਹਾਂ ਦੇ ਭਰਪੂਰ ਯੋਗਦਾਨ ਨੂੰ ਬਹੁਤ ਮਹੱਤਵ ਦਿੰਦਾ ਹੈ। ਇਹ ਭਾਰਤ ਵਿੱਚ ਵਿਸ਼ੇਸ਼ ਤੌਰ 'ਤੇ ਸੱਚ ਹੈ। ਭਾਰਤੀ ਵਿਦਿਆਰਥੀ ਸੰਯੁਕਤ ਰਾਜ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਦੂਜਾ ਸਭ ਤੋਂ ਵੱਡਾ ਸਮੂਹ ਹੈ।"
ਭਾਰਤ ਵਿੱਚ ਅਮਰੀਕੀ ਮਿਸ਼ਨ ਨੇ ਮੰਗਲਵਾਰ ਨੂੰ ਆਪਣੇ ਛੇਵੇਂ ਸਾਲਾਨਾ ਵਿਦਿਆਰਥੀ ਵੀਜ਼ਾ ਦਿਵਸ (Student Visa Day) ਦਾ ਆਯੋਜਨ ਕੀਤਾ।
ਦੂਤਾਵਾਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਨਵੀਂ ਦਿੱਲੀ ਵਿੱਚ ਅਮਰੀਕੀ ਦੂਤਾਵਾਸ ਅਤੇ ਚੇੱਨਈ, ਹੈਦਰਾਬਾਦ ਕੋਲਕਾਤਾ ਅਤੇ ਮੁੰਬਈ ਵਿੱਚ ਕੌਂਸਲੇਟ ਜਨਰਲ ਦੇ ਕੌਂਸਲਰ ਅਧਿਕਾਰੀਆਂ ਨੇ 2,500 ਤੋਂ ਵੱਧ ਭਾਰਤੀ ਵਿਦਿਆਰਥੀ ਵੀਜ਼ਾ ਬਿਨੈਕਾਰਾਂ ਦੀ ਇੰਟਰਵਿਊ ਕੀਤੀ।
ਭਾਰਤ ਵਿੱਚ ਕੌਂਸਲਰ ਮਾਮਲਿਆਂ ਦੇ ਮੰਤਰੀ ਕੌਂਸਲਰ ਡੌਨ ਹੇਫਲਿਨ ਨੇ ਕਿਹਾ, "ਅਸੀਂ ਇਹਨਾਂ ਗਰਮੀਆਂ ਵਿੱਚ ਵੀਜ਼ਾ ਲਈ ਹੋਰ ਵਿਦਿਆਰਥੀ ਬਿਨੈਕਾਰਾਂ ਦੀ ਇੰਟਰਵਿਊ ਕਰਾਂਗੇ। ਅਸੀਂ ਭਾਰਤੀ ਵਿਦਿਆਰਥੀਆਂ ਦੇ 62,000 ਵੀਜ਼ਿਆਂ ਦੇ ਪਿਛਲੇ ਸਾਲ ਦੇ ਰਿਕਾਰਡ ਨੂੰ ਪਾਰ ਕਰਨ ਦੀ ਉਮੀਦ ਕਰ ਰਹੇ ਹਾਂ।"
ਡੌਨ ਹੇਫਲਿਨ ਨੇ ਕਿਹਾ, "ਅਸੀਂ ਅੱਜ ਵੀਜ਼ਾ ਲਈ ਬਹੁਤ ਸਾਰੇ ਵਿਦਿਆਰਥੀਆਂ ਦੀ ਇੰਟਰਵਿਊ ਕਰ ਰਹੇ ਹਾਂ। ਸਾਡੇ ਕੋਲ ਇੱਕ ਸ਼ਾਨਦਾਰ ਸ਼ੁਰੂਆਤ ਹੈ। ਇਸ ਸਾਲ, ਦੂਤਾਵਾਸ ਨੇ ਵਿਦਿਆਰਥੀ ਵੀਜ਼ਿਆਂ ਲਈ 100,000 ਅਪਪੋਇੰਟਮੈਂਟਸ ਖੋਲ੍ਹੀਆਂ ਹਨ।"
ਲੈਸੀਨਾ ਅਤੇ ਭਾਰਤ ਭਰ ਦੇ ਕੌਂਸਲ ਜਨਰਲਾਂ ਨੇ ਵੀਜ਼ਾ ਪ੍ਰਾਪਤ ਕਰਨ ਵਾਲਿਆਂ ਨੂੰ ਵਧਾਈ ਦਿੱਤੀ ਕਿਉਂਕਿ ਉਹ ਭਾਰਤੀ ਵਿਦਿਆਰਥੀਆਂ ਦੀ ਵਧ ਰਹੀ ਰੈਂਕ ਵਿੱਚ ਸ਼ਾਮਲ ਹੋਣ ਲਈ ਤਿਆਰ ਹਨ ਜਿਨ੍ਹਾਂ ਨੇ ਸੰਯੁਕਤ ਰਾਜ ਅਮਰੀਕਾ ਵਿੱਚ ਪੜ੍ਹਾਈ ਕਰਨ ਦੀ ਚੋਣ ਕੀਤੀ ਹੈ, ਜੋ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵਿਸ਼ਵ ਦੀ ਪ੍ਰਮੁੱਖ ਮੰਜ਼ਿਲ ਹੈ।
ਲੈਸੀਨਾ ਨੇ ਕਿਹਾ, "ਅੱਜ, ਅਸੀਂ ਅਮਰੀਕਾ-ਭਾਰਤ ਸਬੰਧਾਂ ਨੂੰ ਆਕਾਰ ਦੇਣ ਵਿੱਚ ਭਾਰਤੀ ਵਿਦਿਆਰਥੀਆਂ ਦੇ ਬਹੁਤ ਸਾਰੇ ਯੋਗਦਾਨਾਂ ਨੂੰ ਮਾਨਤਾ ਦਿੰਦੇ ਹਾਂ, ਜੋ ਕਿ 75 ਸਾਲਾਂ ਦੀ ਉਪਲਬਧੀ ਦਾ ਜਸ਼ਨ ਮਨਾ ਰਿਹਾ ਹੈ।"
ਦੂਤਾਵਾਸ ਨੇ ਕਿਹਾ ਕਿ ਇਸ ਸਾਲ 200,000 ਤੋਂ ਵੱਧ ਭਾਰਤੀ ਵਿਦਿਆਰਥੀ ਯੂਐਸ ਅਕਾਦਮਿਕ ਸੰਸਥਾਵਾਂ (US Academic Institutions) ਵਿੱਚ ਪੜ੍ਹ ਰਹੇ ਹਨ, ਜੋ ਵਰਤਮਾਨ ਵਿੱਚ ਸੰਯੁਕਤ ਰਾਜ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ 20 ਪ੍ਰਤੀਸ਼ਤ ਤੋਂ ਵੱਧ ਦੀ ਨੁਮਾਇੰਦਗੀ ਕਰਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: America, Student visa, Studying In Abroad, USA