Eye Care Tips: ਸਾਡੀਆਂ ਅੱਖਾਂ ਕਰਕੇ ਅਸੀਂ ਦੁਨੀਆ ਦੀ ਖੂਬਸੂਰਤੀ ਨੂੰ ਦੇਖ ਤੇ ਮਹਿਸੂਸ ਕਰ ਪਾਉਂਦੇ ਹਾਂ। ਪਰ ਫਿਰ ਵੀ ਅਸੀਂ ਅੱਖਾਂ ਪ੍ਰਤੀ ਅਜਿਹੀ ਲਾਪਰਵਾਹੀ ਕਰਦੇ ਹਾਂ ਜਿਸ ਨਾਲ ਸਾਡੀ ਨਜ਼ਰ ਪ੍ਰਭਾਵਿਤ ਹੁੰਦੀ ਹੈ। ਜਾਣੇ-ਅਣਜਾਣੇ ਵਿਚ ਅਸੀਂ ਰੋਜ਼ ਕਈ ਅਜਿਹੇ ਕੰਮ ਕਰਦੇ ਹਾਂ, ਜਿਨ੍ਹਾਂ ਦਾ ਸਾਡੀਆਂ ਅੱਖਾਂ 'ਤੇ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਅੱਗੇ ਜਾ ਕੇ ਸਾਡੀ ਨਜ਼ਰ ਕਮਜ਼ੋਰ ਹੋ ਜਾਂਦੀ ਹੈ। WHO ਦੀ 2021 ਦੀ ਰਿਪੋਰਟ ਦੇ ਅਨੁਸਾਰ ਵਿਸ਼ਵ ਪੱਧਰ 'ਤੇ ਲਗਭਗ 2.2 ਬਿਲੀਅਨ ਲੋਕ ਦੂਰ ਜਾਂ ਨੇੜੇ ਦੀ ਕਮਜ਼ੋਰ ਨਜ਼ਰ ਤੋਂ ਪੀੜਤ ਹਨ। ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ ਅਤੇ ਦੁਨੀਆ ਦੀ 20 ਫੀਸਦੀ ਤੋਂ ਵੱਧ ਨੇਤਰਹੀਣ ਆਬਾਦੀ ਸਾਡੇ ਦੇਸ਼ ਵਿੱਚ ਹੈ। ਇਸ ਤੋਂ ਇਲਾਵਾ ਸਾਡੀਆਂ ਰੋਜ਼ ਦੀਆਂ ਕੁੱਝ ਆਦਤਾਂ ਵੀ ਸਾਡੀ ਨਜ਼ਰ ਨੂੰ ਕਮਜ਼ੋਰ ਕਰ ਸਕਦੀਆਂ ਹਨ। ਅੱਜ ਅਸੀਂ ਉਨ੍ਹਾਂ ਬਾਰੇ ਤੁਹਾਨੂੰ ਜਾਣਕਾਰੀ ਦਿਆਂਗੇ।
ਚੰਗੀ ਖੁਰਾਦ ਨਾ ਲੈਣਾ : ਜੇ ਤੁਸੀਂ ਆਪਣੀ ਡਾਈਟ ਵਿੱਚ ਓਮੇਗਾ-3 ਫੈਟੀ ਐਸਿਡ, ਜ਼ਿੰਕ, ਵਿਟਾਮਿਨ ਸੀ ਅਤੇ ਈ ਵਾਲੇ ਭੋਜਨ ਅਤੇ ਰਹੀਆਂ ਪੱਤੇਦਾਰ ਸਬਜ਼ੀਆਂ, ਗਿਰੀਆਂ, ਅੰਡੇ, ਸੰਤਰੇ ਅਤੇ ਸਮੁੰਦਰੀ ਭੋਜਨ ਸ਼ਾਮਲ ਨਹੀਂ ਕਰਦੇ ਤਾਂ ਤੁਹਾਡੀ ਨਜ਼ਰ ਕਮਜ਼ੋਰ ਹੋ ਸਕਦੀ ਹੈ।
ਬਹੁਤ ਜ਼ਿਆਦਾ ਸਕ੍ਰੀਨ ਟਾਈਮ : ਬੱਚੇ ਹੋਣ ਜਾਂ ਸਿਆਣੇ, ਅੱਜ ਕਲ ਹਰ ਕਿਸੇ ਦਾ ਸਕ੍ਰੀਨ ਟਾਈਮ (ਮੋਬਾਈਲ ਜਾਂ ਲੈਪਟਾਪ, ਕੰਪਿਊਟਰ, ਟੀਵੀ ਨੂੰ ਦੇਖਦੇ ਹੋਏ ਸਮਾਂ ਬਿਤਾਉਣਾ) ਬਹੁਤ ਜ਼ਿਆਦਾ ਵੱਧ ਗਿਆ ਹੈ। ਇਸ ਕਾਰਨ ਅੱਖਾਂ ਉੱਤੇ ਦਬਾਅ ਪੈਂਦਾ ਹੈ ਤੇ ਅੱਖਾਂ ਦੀ ਨਿਗਾਹ ਕਮਜ਼ੋਰ ਹੋ ਜਾਂਦੀ ਹੈ। ਜੇ ਇਸ ਨੂੰ ਘੱਟ ਨਾ ਕੀਤਾ ਜਾਵੇ ਤਾਂ ਅੱਖਾਂ ਦੀਆਂ ਹੋਰ ਸਮੱਸਿਆਵਾਂ ਵੀ ਪੈਦਾ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਤੁਸੀਂ 20-20-20 ਦੀ ਤਕਨੀਕ ਅਪਣਾ ਸਕਦੇ ਹੋ। 20-20-20 ਤਕਨੀਕ ਇੱਕ ਸਧਾਰਨ ਪਰ ਪ੍ਰਭਾਵੀ ਤਰੀਕਾ ਹੈ, ਜਿਸ ਵਿੱਚ ਤੁਸੀਂ ਡਿਜ਼ੀਟਲ ਡਿਵਾਈਸਾਂ ਦੀ ਲੰਮੀ ਵਰਤੋਂ ਕਾਰਨ ਤੁਹਾਡੀਆਂ ਅੱਖਾਂ 'ਤੇ ਪੈਂਦੇ ਤਣਾਅ ਨੂੰ ਘੱਟ ਕਰ ਸਕਦੇ ਹੋ। ਇਸ ਵਿੱਚ ਤੁਹਾਨੂੰ ਸਕ੍ਰੀਨ ਟਾਈਮ ਦੇ ਹਰ 20 ਮਿੰਟ ਵਿੱਚ ਘੱਟੋ-ਘੱਟ 20 ਸਕਿੰਟ 20 ਫੁੱਟ ਦੂਰ ਕਿਸੇ ਚੀਜ਼ ਨੂੰ ਦੇਖਣਾ ਹੋਵੇਗਾ। ਇਸ ਨਾਲ ਅੱਖਾਂ ਨੂੰ ਆਰਾਮ ਮਿਲੇਗਾ।
ਘੱਟ ਨੀਂਦ ਲੈਣਾ : ਜੇ ਤੁਸੀਂ ਪਰਿਆਪਤ ਨੀਂਦ ਨਹੀਂ ਲੈਂਦੇ ਤਾਂ ਤੁਹਾਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗ ਸਕਦੀਆਂ ਹਨ, ਇਨ੍ਹਾਂ ਵਿੱਚੋਂ ਇੱਕ ਹੈ ਨਜ਼ਰ ਦੀ ਕਮਜ਼ੋਰੀ। ਆਰਾਮ ਨਾ ਕਰਨਾ ਇਹ ਸਾਡੀਆਂ ਅੱਖਾਂ ਦੀ ਸਿਹਤ 'ਤੇ ਵੀ ਕਾਫ਼ੀ ਪ੍ਰਭਾਵ ਪਾਉਂਦਾ ਹੈ। ਪਰਿਆਪਤ ਆਰਾਮ ਨਾ ਕਰਨਾ ਕਾਲੇ ਘੇਰੇ, ਧੁੰਦਲੀ ਨਜ਼ਰ, ਖੁਸ਼ਕ ਅੱਖਾਂ ਅਤੇ ਹੋਰ ਹਾਲਤਾਂ ਵਿੱਚ ਪ੍ਰਗਟ ਹੋ ਸਕਦਾ ਹੈ। ਜੇ ਤੁਸੀਂ ਇਸ ਸਭ ਤੋਂ ਬਚਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਲਗਭਗ 7 ਤੋਂ 9 ਘੰਟੇ ਦੀ ਨੀਂਦ ਲਓ।
ਡੀਹਾਈਡ੍ਰੇਟਿਡ ਰਹਿਣਾ: ਸਰੀਰ ਨੂੰ ਹਾਈਡ੍ਰੇਟ ਰੱਖਣ ਲਈ ਪਾਣੀ ਜ਼ਰੂਰੀ ਹੈ। ਸਾਡੀਆਂ ਅੱਖਾਂ ਹੰਝੂਆਂ ਦੇ ਰੂਪ ਵਿੱਚ ਲੁਬਰੀਕੇਟ ਰੱਖਣ ਵਿੱਚ ਮਦਦ ਕਰਨ ਲਈ ਪਾਣੀ 'ਤੇ ਨਿਰਭਰ ਕਰਦੀਆਂ ਹਨ। ਹਵਾ ਵਿੱਚ ਮੌਜੂਦ ਧੂੜ, ਗੰਦਗੀ ਸਾਡੀਆਂ ਅੱਖਾਂ ਲਈ ਹਾਨੀਕਾਰਕ ਹੈ। ਅੱਖਾਂ ਵਿੱਚ ਨਮੀ ਨਾ ਹੋਣ ਕਾਰਨ ਅੱਖਾਂ ਵਿੱਚ ਡ੍ਰਾਈਨੈਸ, ਅੱਖਾਂ ਦਾ ਲਾਲ ਹੋਣਾ ਜਾਂ ਸੁੱਜੀਆਂ ਅੱਖਾਂ ਹੋਣਾ ਆਮ ਜਿਹਾ ਹੋ ਜਾਂਦਾ ਹੈ। ਇਸ ਲਈ, ਹਰ ਰੋਜ਼ ਭਰਪੂਰ ਪਾਣੀ ਦਾ ਸੇਵਨ ਕਰਕੇ ਹਾਈਡਰੇਟਿਡ ਰਹਿਣਾ ਮਹੱਤਵਪੂਰਨ ਹੈ। ਇਸ ਤੋਂ ਇਲਾਵਾ ਬਾਹਰ ਜਾਣ ਵੇਲੇ ਸਨਗਲਾਸਿਜ਼ ਜਾਂ ਧੁੱਪ ਵਾਲੇ ਚਸ਼ਮੇ ਪਹਿਨੋ, ਇਸ ਨਾਲ ਅੱਖਾਂ ਦਾ ਬਚਾਅ ਰਹੇਗਾ। ਅੰਤ ਵਿੱਚ ਤੁਸੀਂ ਸਮੇਂ ਸਮੇਂ ਉੱਤੇ ਅੱਖਾਂ ਦੀ ਜਾਂਚ ਕਰਵਾਉਂਦੇ ਰਹੋ। ਇਸ ਨਾਲ ਅੱਖਾਂ ਦੀ ਸਿਹਤ ਚੰਗੀ ਰੱਖਣ ਵਿੱਚ ਤੁਸੀਂ ਕਾਮਯਾਬ ਰਹੋਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Eye Care Tips, Eyesight, Health care tips, Life style