Home remedies For Cold-Fever: ਕਿਸੇ ਨੂੰ ਮਾਂਹ ਬਾਦੀ ਤੇ ਕਿਸੇ ਨੂੰ ਸੁਆਦੀ ਵਾਲੀ ਹੀ ਗੱਲ ਹੈ ਕਿ ਕਿਸੇ ਨੂੰ ਸਰਦੀਆਂ ਪਸੰਦ ਹਨ ਤੇ ਕਿਸੇ ਨੂੰ ਗਰਮੀਆਂ। ਸਰਦੀਆਂ ਦਾ ਮੌਸਮ ਆ ਰਿਹਾ ਹੈ ਜੋ ਕਿ ਮਿੱਠੀਆਂ ਧੁੱਪਾਂ, ਤਾਜ਼ੇ ਫ਼ਲ ਤੇ ਸਬਜ਼ੀਆਂ ਦੇ ਨਾਲੋ ਨਾਲ ਠੰਡ ਜ਼ੁਕਾਮ ਵਰਗੀਆਂ ਬਿਮਾਰੀਆਂ ਵੀ ਲੈ ਆਉਂਦਾ ਹੈ। ਅਜਿਹੇ ਵਿਚ ਬੁਖਾਰ ਜਾਂ ਜ਼ੁਕਾਮ ਹੋਣਾ ਆਮ ਗੱਲ ਹੁੰਦੀ ਹੈ ਪਰ ਹਰ ਵਾਰ ਸਿਹਤ ਖ਼ਰਾਬ ਹੋਣ ਤੇ ਅੰਗਰੇਜ਼ੀ ਦਵਾਈਆਂ ਨਾਲ ਢਿੱਡ ਭਰ ਲੈਣਾ ਕੋਈ ਚੰਗੀ ਗੱਲ ਨਹੀਂ ਹੈ। ਸਾਡੇ ਘਰਾਂ ਵਿਚ ਹੀ ਅਜਿਹੀਆਂ ਕਈ ਵਸਤਾਂ ਪਈਆਂ ਹੁੰਦੀਆਂ ਹਨ, ਜਿਹਨਾਂ ਦੀ ਮੱਦਦ ਨਾਲ ਆਰਾਮ ਮਿਲ ਜਾਂਦਾ ਹੈ। ਜਿੱਥੇ ਇਹ ਘਰੇਲੂ ਨੁਸਖੇ ਸਾਡਾ ਸਮਾਂ ਤੇ ਪੈਸਾ ਬਚਾਉਂਦੇ ਹਨ ਉੱਥੇ ਇਹਨਾਂ ਦਾ ਸਾਡੀ ਸਿਹਤ ਲਈ ਵੀ ਕੋਈ ਨੁਕਸਾਨ ਨਹੀਂ ਹੁੰਦਾ –
ਕੋਸਾ ਪਾਣੀ : ਪਾਣੀ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ ਤੇ ਅਕਸਰ ਅਸੀਂ ਸਰਦੀਆਂ ਵਿਚ ਬਹੁਤ ਘੱਟ ਪਾਣੀ ਪੀਂਦੇ ਹਾਂ। ਸਰਦੀਆਂ ਵਿਚ ਵੀ ਭਰਪੂਰ ਪਾਣੀ ਪੀਵੋ। ਪਰ ਧਿਆਨ ਰੱਖਣ ਜੋ ਗੱਲ ਹੈ ਕਿ ਸਰਦੀਆਂ ਵਿਚ ਕੋਸਾ (ਘੱਟ ਗਰਮ) ਪਾਣੀ ਪੀਣਾ ਚਾਹੀਦਾ ਹੈ। ਇਸਦੇ ਲਈ ਇਕ ਵਾਰ ਪਾਣੀ ਗਰਮ ਕਰਕੇ ਇਕ ਕੈਟਲ ਵਿਚ ਪਾ ਲਵੋ, ਫੇਰ ਪੀਣ ਵਿਚ ਗਲਾਸ ਲਵੋ ਤੇ ਇਸ ਵਿਚ ਗਰਮ ਪਾਣੀ ਤੇ ਠੰਡਾ ਪਾਣੀ ਮਿਲਾ ਕੇ ਕੋਸੇ ਪਾਣੀ ਦਾ ਗਿਲਾਸ ਪੀਵੋ। ਅਜਿਹਾ ਕਰਨ ਨਾਲ ਹਰ ਵਾਰ ਪਾਣੀ ਗਰਮ ਕਰਨ ਦੀ ਖੇਚਲ ਬਚ ਜਾਵੇਗੀ।
ਐਪਲ ਸਾਈਡਰ ਵਿਨੇਗਰ : ਇਹ ਇਕ ਅਜਿਹਾ ਤੱਤ ਹੈ ਜੋ ਕੁਦਰਤੀ ਗਰਮੀ ਨੂੰ ਘੱਟ ਕਰਦਾ ਤੇ ਠੰਡਕ ਪ੍ਰਦਾਨ ਕਰਦਾ ਹੈ। ਇਹ ਮਿਨਰਲ ਤੇ ਵਿਟਾਮਿਨਾਂ ਨਾਲ ਵੀ ਭਰਪੂਰ ਹੁੰਦਾ ਹੈ। ਇਸ ਲਈ ਇਕ ਚਮਚ ਸ਼ਹਿਦ ਵਿਚ ਦੋ ਚਮਚ ਵਿਨੇਗਰ ਪਾਓ ਤੇ ਦਿਨ ਵਿਚ ਦੋ ਤਿੰਨ ਵਾਰ ਸੇਵਨ ਕਰੋ। ਤੁਹਾਨੂੰ ਬੁਖ਼ਾਰ ਤੇ ਜ਼ੁਕਾਮ ਤੋਂ ਰਾਹਤ ਮਿਲ ਜਾਵੇਗੀ।
ਅਦਰਕ : ਅਦਰਕ ਜਾਂ ਆਦਾ ਤਾਂ ਸਾਡੇ ਲਈ ਸਰਦੀਆਂ ਦਾ ਤੋਹਫ਼ਾ ਹੈ। ਜੇਕਰ ਤੁਹਾਨੂੰ ਜੁਕਾਮ ਜਾਂ ਖਾਂਸੀ ਹੈ ਤਾਂ ਅਦਰਕ ਦਾ ਅੱਧਾ ਚਮਚ ਰਸ ਇਕ ਚਮਚ ਸ਼ਹਿਦ ਵਿਚ ਮਿਲਕਾ ਦਿਨ ਵਿਚ ਦੋ ਤਿੰਨ ਵਾਰ ਪੀ ਲਵੋ। ਇਸਦੇ ਨਾਲ ਹੀ ਰੋਜ਼ਾਨਾ ਦੀ ਚਾਹ ਵਿਚ ਥੋੜਾ ਜਿਹਾ ਅਦਰਕ ਕੁੱਟ ਕੇ ਪਾਓ, ਚਾਹ ਦਾ ਸਵਾਦ ਵੀ ਵਧੇਗਾ ਤੇ ਇਹ ਚਾਹ ਜ਼ੁਕਾਮ ਤੇ ਖਾਂਸੀ ਤੋਂ ਵੀ ਬਚਾਏਗੀ।
ਲਸਨ : ਲਸਨ ਅਦਰਕ ਦਾ ਹੀ ਗੁਣਾਕਾਰੀ ਭਾਈ ਹੈ। ਇਸ ਵਿਚ ਐਂਟੀਵਾਈਰਲ ਅਤੇ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ ਜੋ ਜ਼ੁਕਾਮ ਤੇ ਬੁਖ਼ਾਰ ਤੋਂ ਰਾਹਤ ਦੁਆਉਂਦੇ ਹਨ। ਸਰਦੀਆਂ ਵਿਚ ਭੋਜਨ ਬਣਾਉਂਦੇ ਸਮੇਂ ਲਸਨ ਪਾਓ ਅਤੇ ਜੇਕਰ ਤੁਸੀਂ ਚਟਨੀ ਖਾਣ ਦੇ ਸ਼ੌਕੀਨ ਹੋ ਤਾਂ ਇਸ ਵਿਚ ਵੀ ਲਸਨ ਦੀਆਂ ਕਲੀਆਂ ਪਾ ਲਵੋ। ਬੁਖ਼ਾਰ-ਜ਼ੁਕਾਮ ਤੁਹਾਡੇ ਨੇੜੇ ਨਹੀਂ ਆਉਣਗੇ।
ਹਲਦੀ ਦੁੱਧ : ਸਰਦੀਆਂ ਵਿਚ ਨਿੱਘਾ ਨਿੱਘਾ ਦੁੱਧ ਪੀਣਾ ਬਹੁਤ ਲੁਤਫ਼ ਦਿੰਦਾ ਹੈ ਤੇ ਜੇਕਰ ਇਸ ਵਿਚ ਹਲਦੀ ਮਿਲਾ ਲਵੋ ਤਾਂ ਇਸਦਾ ਫਾਇਦਾ ਦੋ ਗੁਣਾਂ ਹੋ ਜਾਂਦਾ ਹੈ। ਹਲਦੀ ਵਿਚ ਐਂਟੀਬੈਕਟੀਰੀਅਲ ਅਤੇ ਐਂਟੀਇੰਫਲੇਮੇਟਰੀ ਗੁਣ ਹੁੰਦੇ ਹਨ ਜੋ ਕਿਸੇ ਵੀ ਕਿਸਮ ਦੀ ਇਨਫੈਕਸ਼ਨ ਨੂੰ ਦੂਰ ਕਰਦੇ ਹਨ। ਇਸ ਲਈ ਠੰਡ ਜ਼ੁਕਾਮ ਤੋਂ ਰਾਹਤ ਲਈ ਹਲਦੀ ਦੁੱਧ ਬੇਹੱਦ ਕਾਰਗਰ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Health, Health care, Health care tips, Health news, Lifestyle