ਪ੍ਰੋਟੀਨ ਦੇ ਸ਼ਾਕਾਹਾਰੀ ਸ੍ਰੋਤਾਂ ਵਿਚੋਂ ਪਨੀਰ ਨੰਬਰ ਵਨ ਹੈ। ਬਹੁਤ ਸਾਰੇ ਲੋਕ ਇਸਨੂੰ ਸ਼ਾਕਾਹਾਰੀ ਲੋਕਾਂ ਦਾ ਚਿਕਨ ਕਹਿੰਦੇ ਹਨ। ਰਿਚ ਪ੍ਰੋਟੀਨ ਭੋਜਨ ਹੋਣ ਕਾਰਨ ਫਿਟਨੈੱਸ ਟਰੇਨਰ ਵੀ ਪਨੀਰ ਨੂੰ ਡਾਈਟ ਵਿਚ ਸ਼ਾਮਿਲ ਕਰਨ ਦੀ ਸਲਾਹ ਦਿੰਦੇ ਹਨ। ਅਸੀਂ ਭਾਰਤੀ ਪਨੀਰ ਨੂੰ ਇਕ ਨਹੀਂ ਬਲਕਿ ਕਈ ਢੰਗਾਂ ਨਾਲ ਖਾਂਦੇ ਹਾਂ। ਪਨੀਰ ਨੂੰ ਕਈ ਤਰ੍ਹਾਂ ਦੀਆਂ ਸਬਜ਼ੀਆਂ ਵਿਚ ਸ਼ਾਮਿਲ ਕੀਤਾ ਜਾਂਦਾ ਹੈ ਜਿਵੇਂ ਮਟਰ ਪਨੀਰ, ਚਿੱਲੀ ਪਨੀਰ, ਸ਼ਾਹੀ ਪਨੀਰ, ਪਨੀਰ ਭੁਰਜੀ। ਇਸ ਤੋਂ ਇਲਾਵਾ ਪਨੀਰ ਪਰਾਂਠੇ ਬਹੁਤ ਮਸ਼ਹੂਰ ਹਨ। ਇੱਥੋਂ ਤੱਕ ਕਿ ਕੁਝ ਸ਼ਹਿਰਾਂ ਵਿਚ ਤਾਂ ਪਨੀਰ ਵਾਲੇ ਸਮੋਸੇ ਵੀ ਮਿਲਦੇ ਹਨ। ਪਨੀਰ ਪਕੌੜੇ ਤਿਉਹਾਰਾਂ ਤੇ ਵਿਆਹਾਂ ਦੀ ਸ਼ਾਹੀ ਡਿਸ਼ ਹੈ। ਉੱਤਰੀ ਭਾਰਤ ਵਿਚ ਪਨੀਰ ਡੋਸਾ ਵੀ ਮਿਲਦਾ ਹੈ।
ਸੋ ਜੇਕਰ ਤੁਸੀਂ ਵੀ ਪਨੀਰ ਖਾਣ ਦੇ ਸ਼ੌਕੀਨ ਹੈ ਤੇ ਆਪਣੀ ਡਾਈਟ ਵਿਚ ਸੁਆਦਿਸ਼ਟ ਪਨੀਰ ਡਿਸ਼ ਸ਼ਾਮਿਲ ਕਰਨਾ ਚਾਹੁੰਦੇ ਹੋ ਤਾਂ ਅਸੀਂ ਤੁਹਾਡੇ ਲਈ ਇਕ ਆਸਾਨ ਡਿਸ਼ ਲੈ ਕੇ ਆਏ ਹਾਂ। ਇਸ ਡਿਸ਼ ਦਾ ਨਾਮ ਹੈ ਪਨੀਰ ਟਮਾਟਰ ਕਰੀ, ਜੋ ਕਿ ਬਣਾਉਣ ਵਿਚ ਬਹੁਤ ਹੀ ਆਸਾਨ ਹੈ। ਆਓ ਜਾਣਦੇ ਹਾਂ ਪਨੀਰ ਟਮਾਟਰ ਕਰੀ ਦੀ ਰੈਸਿਪੀ –
ਸਮੱਗਰੀ
ਸਭ ਤੋਂ ਬੈਸਿਕ ਹੈ 500 ਗ੍ਰਾਮ ਪਨੀਰ। ਇਸ ਤੋਂ ਇਲਾਵਾ ਦੋ ਟਮਾਟਰ, 2 ਹਰੀਆਂ ਮਿਰਚਾਂ, ਇਕ ਚਮਚ ਅਦਰਕ ਪੇਸਟ, ਚੌਥਾਈ ਚਮਚ ਲਾਲ ਹਲਦੀ ਅਤੇ ਲਾਲ ਮਿਰਚ ਪਾਊਡਰ, ਛੋਟਾ ਚਮਚ ਜੀਰਾ, ਚੁਟਕੀ ਹਿੰਗ, ਇਕ ਚਮਚ ਘਿਉ ਜਾਂ ਤੇਲ ਅਤੇ ਸੁਆਦ ਅਨੁਸਾਰ ਨਮਕ ਦੀ ਲੋੜ ਪੈਂਦੀ ਹੈ।
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਟਮਾਟਰ ਅਤੇ ਹਰੀਆਂ ਮਿਰਚਾਂ ਦੀ ਪਿਊਰੀ ਤਿਆਰ ਕਰੋ। ਇਸ ਲਈ ਰਵਾਇਤੀ ਕੂੰਡੇ ਘੋਟੇ ਦੀ ਵਰਤੋਂ ਕਰੋ ਜਾਂ ਮਿਕਸਰ ਦੀ ਮੱਦਦ ਲਵੋ ਜੋ ਕਿ ਵਧੇਰੇ ਆਸਾਨ ਹੈ ਤੇ ਸਮਾਂ ਵੀ ਬਚਾਉਂਦਾ ਹੈ। ਅਦਰਕ ਦਾ ਵੀ ਪੇਸਟ ਤਿਆਰ ਕਰਕੇ ਰੱਖ ਲਵੋ।
ਹੁਣ ਅਗਲਾ ਕੰਮ ਤੜਕਾ ਭੁੰਨਣ ਦਾ ਹੈ। ਇਸ ਲਈ ਇਕ ਪੈਨ ਵਿਚ ਤੇਲ ਜਾਂ ਘਿਉ ਪਾ ਕੇ ਗਰਮ ਕਰੋ। ਜਦੋਂ ਚੰਗੀ ਤਰ੍ਹਾਂ ਗਰਮ ਹੋ ਜਾਵੇ ਤਾਂ ਇਸ ਵਿਚ ਜੀਰਾ ਅਤੇ ਹਿੰਗ ਦੀ ਚੁਟਕੀ ਪਾਓ। ਥੋੜਾ ਭੁੰਨਣ ਬਾਦ ਅਦਰਕ ਪੇਸਟ ਪਾ ਕੇ ਹਲਾਓ ਤੇ ਫਿਰ ਟਮਾਟਰਾਂ ਦੀ ਤਿਆਰ ਕੀਤੀ ਪਊਰੀ ਇਸ ਵਿਚ ਮਿਲਾ ਦਿਉ। ਇਸਨੂੰ ਚੰਗੀ ਤਰ੍ਹਾਂ ਭੁੰਨ ਲਵੋ। ਇਸ ਵਿਚ ਲਾਲ ਮਿਰਚ ਪਾਊਡਰ, ਹਲਦੀ ਅਤੇ ਸੁਆਦ ਅਨੁਸਾਰ ਨਮਕ ਸ਼ਾਮਿਲ ਕਰੋ। ਜੇਕਰ ਤੁਸੀਂ ਇਸਨੂੰ ਵਧੇਰੇ ਮਸਾਲੇਦਾਰ ਤੇ ਚਟਪਟਾ ਬਣਾਉਣਾ ਚਾਹੁੰਦੇ ਹੋ ਤਾਂ ਇਸ ਵਿਚ ਚਾਟ ਮਸਾਲਾ, ਗਰਮ ਮਸਾਲਾ ਅਤੇ ਧਨੀਆ ਪਾਊਡਰ ਵੀ ਮਿਲਾ ਦੇਵੋ। ਹੁਣ ਨੂੰ ਚੰਗੀ ਤਰ੍ਹਾਂ ਪੱਕਣ ਲਈ ਛੱਡ ਦਿਓ। ਧਿਆਨ ਰਹੇ ਕਿ ਗੈਸ ਦੀ ਆਂਚ ਮੀਡੀਅਮ ਲੋਅ ਰੱਖੋ।
ਆਖਰੀ ਕੰਮ ਪਨੀਰ ਸ਼ਾਮਿਲ ਕਰਨਾ ਹੈ। ਪਨੀਰ ਨੂੰ ਛੋਟੇ ਛੋਟੇ ਟੁਕੜਿਆਂ ਵਿਚ ਕੱਟ ਲਵੋ। ਉਦਾਹਰਨ ਵਜੋਂ ਤੁਸੀਂ ਪਨੀਰ ਦੇ ਲੁਡੋ ਡਾਈਸ ਦੇ ਆਕਾਰ ਦੇ ਟੁਕੜੇ ਬਣਾ ਸਕਦੇ ਹੋ। ਇਹਨਾਂ ਟੁਕੜਿਆਂ ਨੂੰ ਟਮਾਟਰ ਪਿਉਰੀ ਵਿਚ ਸ਼ਾਮਿਲ ਕਰੋ ਅਤੇ ਕੁਝ ਦੇਰ ਲਈ ਢੱਕਣ ਦੇ ਪੱਕਣ ਦਿਓ। ਜਦ ਗ੍ਰੇਵੀ ਚੰਗੀ ਤਰ੍ਹਾਂ ਗਾੜੀ ਹੋ ਜਾਵੇ ਤਾਂ ਗੈਸ ਬੰਦ ਕਰੋ।
ਤੁਹਾਡੀ ਸੁਆਦਲੀ ਪਨੀਰ ਟਮਾਟਰ ਕਰੀ ਤਿਆਰ ਹੈ। ਇਸਨੂੰ ਇਕ ਬਰਤਨ ਵਿਚ ਡਿਸ਼ ਆਊਟ ਕਰੋ, ਗਾਰਨਿਸ਼ ਕਰਨ ਲਈ ਧਨੀਏ ਦੀਆਂ ਪੱਤੀਆਂ ਦੀ ਵਰਤੋਂ ਕਰੋ ਤੇ ਸਰਵ ਕਰੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।