Gold-Silver Price Today: ਵਿਆਹਾਂ ਦੇ ਸੀਜ਼ਨ 'ਚ ਭਾਰੀ ਮੰਗ ਦੇ ਬਾਵਜੂਦ ਬੁੱਧਵਾਰ ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ। ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) 'ਚ ਸੋਨਾ ਫਿਲਹਾਲ 51 ਹਜ਼ਾਰ ਰੁਪਏ ਦੇ ਕਰੀਬ ਵਿਕ ਰਿਹਾ ਹੈ, ਜਦਕਿ ਚਾਂਦੀ ਦੀ ਕੀਮਤ 65 ਹਜ਼ਾਰ ਰੁਪਏ ਤੋਂ ਹੇਠਾਂ ਆ ਗਈ ਹੈ।
MCX 'ਤੇ, 24 ਕੈਰੇਟ ਸ਼ੁੱਧ ਸੋਨੇ ਦੀ ਕੀਮਤ ਸਵੇਰੇ 116 ਰੁਪਏ ਡਿੱਗ ਕੇ 51,468 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ। ਇਹ ਜੂਨ ਫਿਊਚਰਜ਼ ਕੀਮਤ ਹੈ। ਇਸ ਤੋਂ ਪਹਿਲਾਂ ਜੇਕਰ ਮੰਗਲਵਾਰ ਦੇ ਕਾਰੋਬਾਰ ਨੂੰ ਛੱਡ ਦਿੱਤਾ ਜਾਵੇ ਤਾਂ ਸੋਨੇ ਦੀ ਕੀਮਤ 'ਚ ਲਗਾਤਾਰ ਛੇ ਕਾਰੋਬਾਰੀ ਸੈਸ਼ਨਾਂ 'ਚ ਗਿਰਾਵਟ ਦਰਜ ਕੀਤੀ ਗਈ ਸੀ। ਇਸ ਦੌਰਾਨ ਸੋਨਾ 1800 ਰੁਪਏ ਪ੍ਰਤੀ 10 ਗ੍ਰਾਮ ਸਸਤਾ ਹੋ ਗਿਆ। ਇਸ ਮਹੀਨੇ ਦੀ ਸ਼ੁਰੂਆਤ 'ਚ ਸੋਨੇ ਦੀ ਕੀਮਤ 54 ਹਜ਼ਾਰ ਰੁਪਏ ਦੇ ਕਰੀਬ ਪਹੁੰਚ ਗਈ ਸੀ।
ਚਾਂਦੀ ਦੀਆਂ ਕੀਮਤਾਂ ਵਿੱਚ ਆਈ ਗਿਰਾਵਟ
MCX 'ਤੇ ਅੱਜ ਦੇ ਕਾਰੋਬਾਰ 'ਚ ਚਾਂਦੀ ਦੇ ਵਾਇਦਾ 'ਚ ਵੀ ਗਿਰਾਵਟ ਦਰਜ ਕੀਤੀ ਗਈ।ਸਵੇਰੇ ਚਾਂਦੀ ਦਾ ਵਾਇਦਾ 100 ਰੁਪਏ ਡਿੱਗ ਕੇ 64,868 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਿਆ। ਕੱਲ੍ਹ ਦੇ ਕਾਰੋਬਾਰ 'ਚ ਚਾਂਦੀ 65 ਹਜ਼ਾਰ ਦੇ ਉੱਪਰ ਵਿਕ ਰਹੀ ਸੀ। ਸੋਨੇ ਦੀ ਤਰ੍ਹਾਂ ਚਾਂਦੀ ਦੀ ਕੀਮਤ ਵੀ ਪਿਛਲੇ ਕੁਝ ਸੈਸ਼ਨਾਂ ਤੋਂ ਲਗਾਤਾਰ ਡਿੱਗ ਰਹੀ ਹੈ ਅਤੇ ਚਾਂਦੀ ਦੀ ਕੀਮਤ, ਜੋ ਇਸ ਮਹੀਨੇ ਦੇ ਸ਼ੁਰੂ ਵਿਚ 70 ਹਜ਼ਾਰ ਰੁਪਏ ਤੋਂ ਉਪਰ ਵਿਕਦੀ ਸੀ, ਹੁਣ 65 ਹਜ਼ਾਰ ਤੋਂ ਹੇਠਾਂ ਆ ਗਈ ਹੈ।
ਗਲੋਬਲ ਬਾਜ਼ਾਰ 'ਚ ਵੀ ਗਿਰਾਵਟ ਦਰਜ
ਵਿਸ਼ਵ ਬਾਜ਼ਾਰ 'ਚ ਸੋਨੇ ਦੀਆਂ ਕੀਮਤਾਂ 'ਚ ਵੀ ਗਿਰਾਵਟ ਦਰਜ ਕੀਤੀ ਗਈ ਹੈ ਪਰ ਚਾਂਦੀ ਦੀ ਕੀਮਤ 'ਚ ਮਾਮੂਲੀ ਉਛਾਲ ਆਇਆ ਹੈ। ਵਿਸ਼ਵ ਬਾਜ਼ਾਰ 'ਚ ਸੋਨੇ ਦੀ ਹਾਜ਼ਿਰ ਕੀਮਤ 0.37 ਫੀਸਦੀ ਡਿੱਗ ਕੇ 1,898.60 ਡਾਲਰ ਪ੍ਰਤੀ ਔਂਸ 'ਤੇ ਆ ਗਈ। ਇਸ ਦੇ ਨਾਲ ਹੀ ਚਾਂਦੀ ਦੀ ਹਾਜ਼ਿਰ ਕੀਮਤ 0.13 ਫੀਸਦੀ ਵਧ ਕੇ 23.50 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ। ਕੁਝ ਦਿਨ ਪਹਿਲਾਂ ਤੱਕ ਸੋਨੇ ਦੀ ਕੀਮਤ ਵੀ 2000 ਡਾਲਰ ਪ੍ਰਤੀ ਔਂਸ ਨੂੰ ਪਾਰ ਕਰਦੀ ਨਜ਼ਰ ਆ ਰਹੀ ਸੀ।
ਇਸ ਸਾਲ 60 ਹਜ਼ਾਰ ਤੱਕ ਜਾਵੇਗੀ ਕੀਮਤ
ਮਾਹਿਰਾਂ ਦਾ ਕਹਿਣਾ ਹੈ ਕਿ ਸਾਲ 2022 'ਚ ਸੋਨੇ ਦੀ ਕੀਮਤ 58 ਤੋਂ 60 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੱਕ ਜਾ ਸਕਦੀ ਹੈ। ਇਸ ਦੇ ਕਈ ਕਾਰਨ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਦੁਨੀਆਂ ਭਰ 'ਚ ਵਧ ਰਹੀ ਮਹਿੰਗਾਈ ਹੈ। ਭਾਰਤ ਹੋਵੇ ਜਾਂ ਅਮਰੀਕਾ, ਸਾਰੇ ਦੇਸ਼ ਪ੍ਰਚੂਨ ਮਹਿੰਗਾਈ ਤੋਂ ਪ੍ਰੇਸ਼ਾਨ ਹਨ। ਰਿਜ਼ਰਵ ਬੈਂਕ ਨੇ ਵੀ ਪੂਰੇ ਸਾਲ ਲਈ ਪ੍ਰਚੂਨ ਮਹਿੰਗਾਈ ਦਾ ਅਨੁਮਾਨ ਲਗਭਗ 1 ਫੀਸਦੀ ਵਧਾ ਦਿੱਤਾ ਹੈ। ਮਹਿੰਗਾਈ ਵਧਣ ਨਾਲ ਸੋਨੇ ਦੀ ਕੀਮਤ ਵੀ ਵਧ ਜਾਂਦੀ ਹੈ। ਜੇਕਰ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਖਤਮ ਹੋ ਜਾਂਦੀ ਹੈ ਤਾਂ ਵੀ ਸੋਨੇ ਦੀ ਕੀਮਤ 50 ਹਜ਼ਾਰ ਰੁਪਏ ਤੋਂ ਹੇਠਾਂ ਨਹੀਂ ਜਾਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Gold, Gold price, Gold price rises, Gold price today, Silver, Silver Price