
ਇਨ੍ਹਾਂ ਟੈਲੀਕੌਮ ਕੰਪਨੀਆਂ ਦੇ ਸ਼ੇਅਰਜ਼ `ਚ ਕੇਂਦਰ ਸਰਕਾਰ ਦੀ ਹੋਵੇਗੀ ਵੱਡੀ ਹਿੱਸੇਦਾਰੀ
ਸਰਕਾਰ ਦੀ ਹੁਣ ਟੈਲੀਕਾਮ ਕੰਪਨੀ ਵੋਡਾਫੋਨ ਆਈਡੀਆ 'ਚ ਸਭ ਤੋਂ ਜ਼ਿਆਦਾ ਹਿੱਸੇਦਾਰੀ ਹੋਵੇਗੀ। ਵੋਡਾਫੋਨ ਆਈਡੀਆ ਨੇ ਮੰਗਲਵਾਰ ਨੂੰ ਬੋਰਡ ਦੀ ਬੈਠਕ ਤੋਂ ਬਾਅਦ ਇਸ ਸਬੰਧ 'ਚ ਜਾਣਕਾਰੀ ਦਿੱਤੀ। ਕੰਪਨੀ ਦੀ ਬੋਰਡ ਮੀਟਿੰਗ ਵਿੱਚ, ਬਕਾਇਆ ਸਪੈਕਟ੍ਰਮ ਨਿਲਾਮੀ ਕਿਸ਼ਤਾਂ ਅਤੇ ਬਕਾਇਆ ਏਜੀਆਰ ਦੀ ਪੂਰੀ ਵਿਆਜ ਰਕਮ ਨੂੰ ਇਕੁਇਟੀ ਵਿੱਚ ਬਦਲਣ ਦਾ ਫੈਸਲਾ ਕੀਤਾ ਗਿਆ ਹੈ। ਇਹ ਕੰਪਨੀ ਦੀ 35.8 ਫੀਸਦੀ ਹਿੱਸੇਦਾਰੀ ਦੇ ਬਰਾਬਰ ਹੋਵੇਗੀ। ਇਸ ਮੁਤਾਬਕ ਸਰਕਾਰ ਵੋਡਾਫੋਨ ਆਈਡੀਆ 'ਚ ਇਕ ਤਿਹਾਈ ਹਿੱਸੇਦਾਰੀ ਲਵੇਗੀ।
ਇਸ ਦੇਣਦਾਰੀ ਦਾ ਕੁੱਲ ਮੌਜੂਦਾ ਮੁੱਲ (NPV) ਕੰਪਨੀ ਦੇ ਅਨੁਮਾਨਾਂ ਅਨੁਸਾਰ ਲਗਭਗ 16,000 ਕਰੋੜ ਰੁਪਏ ਹੋਣ ਦੀ ਉਮੀਦ ਹੈ, ਜਿਸਦੀ DoT ਦੁਆਰਾ ਪੁਸ਼ਟੀ ਕੀਤੀ ਜਾਵੇਗੀ। ਕੰਪਨੀ 'ਤੇ ਫਿਲਹਾਲ 1.95 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ। VIL ਨੇ ਕਿਹਾ ਕਿ ਕਿਉਂਕਿ 14 ਅਗਸਤ, 2021 ਤੱਕ ਕੰਪਨੀ ਦੇ ਸ਼ੇਅਰਾਂ ਦੀ ਔਸਤ ਕੀਮਤ ਮੁੱਲ ਤੋਂ ਘੱਟ ਸੀ, ਇਸ ਲਈ ਸਰਕਾਰ ਨੂੰ 10 ਰੁਪਏ ਪ੍ਰਤੀ ਸ਼ੇਅਰ ਦੀ ਦਰ ਨਾਲ ਸ਼ੇਅਰ ਅਲਾਟ ਕੀਤੇ ਜਾਣਗੇ। ਇਸ ਪ੍ਰਸਤਾਵ 'ਤੇ ਦੂਰਸੰਚਾਰ ਵਿਭਾਗ ਦੀ ਮਨਜ਼ੂਰੀ ਲਈ ਜਾਣੀ ਹੈ।
ਕੰਪਨੀ ਦੇ ਸ਼ੇਅਰ ਡਿੱਗੇ
ਕੰਪਨੀ ਨੇ ਕਿਹਾ ਕਿ ਜੇਕਰ ਇਹ ਯੋਜਨਾ ਪੂਰੀ ਹੋ ਜਾਂਦੀ ਹੈ ਤਾਂ ਵੋਡਾਫੋਨ ਆਈਡੀਆ 'ਚ ਸਰਕਾਰ ਦੀ ਹਿੱਸੇਦਾਰੀ ਕਰੀਬ 35.8 ਫੀਸਦੀ ਹੋ ਜਾਵੇਗੀ। ਇਸ ਦੇ ਨਾਲ ਹੀ, ਪ੍ਰਮੋਟਰਾਂ ਦੀ ਹਿੱਸੇਦਾਰੀ ਲਗਭਗ 28.5 ਪ੍ਰਤੀਸ਼ਤ (ਵੋਡਾਫੋਨ ਸਮੂਹ) ਅਤੇ 17.8 ਪ੍ਰਤੀਸ਼ਤ (ਅਦਿੱਤਿਆ ਬਿਰਲਾ ਸਮੂਹ) ਹੋਵੇਗੀ।
ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਵੋਡਾ-ਆਈਡੀਆ ਦੇ ਸ਼ੇਅਰਾਂ 'ਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਦੁਪਹਿਰ ਤੱਕ ਕੰਪਨੀ ਦੇ ਸ਼ੇਅਰ 10 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਨਾਲ 13 ਰੁਪਏ ਦੇ ਆਸ-ਪਾਸ ਕਾਰੋਬਾਰ ਕਰ ਰਹੇ ਸਨ।
ਭਾਰਤੀ ਏਅਰਟੈੱਲ ਨੇ ਲਿਆ ਸੀ ਇਕ ਹੋਰ ਰਸਤਾ
ਵੋਡਾਫੋਨ ਆਈਡੀਆ ਨੇ ਐਕਸਚੇਂਜ ਫਾਈਲਿੰਗ 'ਚ ਇਹ ਜਾਣਕਾਰੀ ਦਿੱਤੀ ਹੈ। ਧਿਆਨ ਯੋਗ ਹੈ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ, ਇੱਕ ਹੋਰ ਟੈਲੀਕਾਮ ਕੰਪਨੀ ਭਾਰਤੀ ਏਅਰਟੈੱਲ ਨੇ ਸੂਚਿਤ ਕੀਤਾ ਸੀ ਕਿ ਉਹ ਸੁਧਾਰ ਪੈਕੇਜ ਦੇ ਤਹਿਤ ਆਪਣੇ ਬਕਾਇਆ ਸਪੈਕਟ੍ਰਮ ਅਤੇ ਏਜੀਆਰ 'ਤੇ ਵਿਆਜ ਦੀ ਰਕਮ ਨੂੰ ਇਕੁਇਟੀ ਵਿੱਚ ਬਦਲਣ ਦੇ ਵਿਕਲਪ ਦੀ ਵਰਤੋਂ ਨਹੀਂ ਕਰੇਗੀ।
ਇਸ ਦਾ ਮਤਲਬ ਹੈ ਕਿ ਕੰਪਨੀ ਵਿਆਜ ਦੇ ਬਦਲੇ 10 ਰੁਪਏ ਪ੍ਰਤੀ ਸ਼ੇਅਰ ਦੀ ਦਰ ਨਾਲ ਸਰਕਾਰ ਨੂੰ ਸ਼ੇਅਰ ਜਾਰੀ ਕਰੇਗੀ। ਮੋਰਟੋਰੀਅਮ ਦਾ ਵਿਆਜ ਲਗਭਗ 16,000 ਕਰੋੜ ਰੁਪਏ ਹੋਵੇਗਾ। ਸਰਕਾਰ ਨੇ ਕੰਪਨੀਆਂ ਨੂੰ ਇਕੁਇਟੀ ਦੀ ਬਜਾਏ ਮੋਰਟੋਰੀਅਮ ਦਾ ਵਿਕਲਪ ਦਿੱਤਾ ਸੀ। ਇਸ ਦੇ ਤਹਿਤ ਕੰਪਨੀ ਸਰਕਾਰ ਨੂੰ 35 ਫੀਸਦੀ ਤੋਂ ਜ਼ਿਆਦਾ ਇਕਵਿਟੀ ਦੇਵੇਗੀ। ਕੰਪਨੀ 'ਚ ਪ੍ਰਮੋਟਰਾਂ ਦੀ ਹਿੱਸੇਦਾਰੀ ਘੱਟ ਕੇ 46.3 ਫੀਸਦੀ 'ਤੇ ਆ ਜਾਵੇਗੀ। ਸਰਕਾਰ ਕੰਪਨੀ ਵਿੱਚ ਆਪਣਾ ਬੋਰਡ ਆਫ਼ ਡਾਇਰੈਕਟਰ ਨਿਯੁਕਤ ਕਰੇਗੀ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।