Parenting Tips: ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਪਰਿਵਾਰ ਦੇ ਜੀਅ ਆਪਸ ਵਿਚ ਘੱਟ ਸਮਾਂ ਬਤੀਤ ਕਰ ਪਾਉਂਦੇ ਹਨ। ਇਸ ਸਥਿਤੀ ਵਿਚ ਮਾਤਾ-ਪਿਤਾ ਆਪਣੇ ਦਫਤਰੀ ਅਤੇ ਘਰੇਲੂ ਕੰਮਾਂ ਵਿਚ ਰੁੱਝੇ ਰਹਿੰਦੇ ਹਨ ਅਤੇ ਬੱਚਿਆਂ ਨੂੰ ਪੂਰਾ ਸਮਾਂ ਨਹੀਂ ਦੇ ਪਾ ਰਹੇ ਹਨ। ਜਿਸ ਕਾਰਨ ਕਈ ਵਾਰ ਬੱਚੇ ਗਲਤ ਸੰਗਤ ਵਿੱਚ ਪੈ ਜਾਂਦੇ ਹਨ ਅਤੇ ਵਿਗੜਨਾ ਸ਼ੁਰੂ ਕਰ ਦਿੰਦੇ ਹਨ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਬੁਰੀ ਸੰਗਤ ਤੋਂ ਦੂਰ ਰਹਿਣ ਜਾਂ ਤੁਸੀਂ ਆਪਣੇ ਬੱਚਿਆਂ ਦੇ ਬਦਲਦੇ ਵਿਵਹਾਰ ਤੋਂ ਚਿੰਤਤ ਹੋ ਤਾਂ ਕੁਝ ਆਸਾਨ ਤਰੀਕਿਆਂ ਦੀ ਮਦਦ ਨਾਲ ਤੁਸੀਂ ਬੱਚਿਆਂ ਦੀ ਗਲਤ ਸੰਗਤ ਦਾ ਪਤਾ ਲਗਾ ਸਕਦੇ ਹੋ ਅਤੇ ਉਨ੍ਹਾਂ ਨੂੰ ਆਸਾਨੀ ਨਾਲ ਸੁਧਾਰ ਸਕਦੇ ਹੋ।
ਜਦੋਂ ਬੱਚੇ ਪੰਦਰਾਂ-ਸਤਾਰਾਂ ਸਾਲ ਦੀ ਉਮਰ ਦੇ ਹੋ ਜਾਂਦੇ ਹਨ ਤਾਂ ਆਪਣੇ ਮਾਪਿਆਂ ਨਾਲ ਹਰ ਗੱਲ ਸਾਂਝੀ ਨਹੀਂ ਕਰਦੇ। ਅਜਿਹੇ 'ਚ ਮਾਪੇ ਵੀ ਬੱਚਿਆਂ ਦੀ ਸੰਗਤ ਨੂੰ ਚੰਗੀ ਤਰ੍ਹਾਂ ਨਹੀਂ ਜਾਣ ਪਾਉਂਦੇ। ਨਤੀਜੇ ਵਜੋਂ ਮਾਪਿਆਂ ਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਬੱਚੇ ਗਲਤ ਸੰਗਤ ਵਿੱਚ ਪੈ ਕੇ ਵਿਗੜਨ ਲੱਗ ਪਏ ਹਨ। ਇਸ ਲਈ ਅਸੀਂ ਤੁਹਾਨੂੰ ਬੱਚਿਆਂ ਦੇ ਵਿਵਹਾਰ ਨਾਲ ਜੁੜੀਆਂ ਕੁਝ ਖਾਸ ਗੱਲਾਂ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਦੇਖ ਕੇ ਤੁਸੀਂ ਨਾ ਸਿਰਫ ਬੱਚਿਆਂ ਦੀ ਸੰਗਤ ਦਾ ਪਤਾ ਲਗਾ ਸਕਦੇ ਹੋ, ਸਗੋਂ ਉਨ੍ਹਾਂ ਨੂੰ ਸਹੀ ਰਸਤੇ 'ਤੇ ਵੀ ਲਿਆ ਸਕਦੇ ਹੋ।
ਦੇਰ ਨਾਲ ਘਰ ਆਉਣਾ
ਸਕੂਲ ਜਾਂ ਕੋਚਿੰਗ ਤੋਂ ਕਦੇ ਕਦਾਈਂ ਲੇਟ ਹੋ ਜਾਣਾ ਆਮ ਗੱਲ ਹੈ। ਪਰ ਜੇਕਰ ਬੱਚਾ ਅਕਸਰ ਹੀ ਦੇਰੀ ਨਾਲ ਘਰ ਆਉਂਦਾ ਹੈ ਤਾਂ ਸਮਝੋ ਕਿ ਪੜ੍ਹਾਈ ਤੋਂ ਬਾਅਦ ਉਹ ਤੁਹਾਡੇ ਤੋਂ ਛੁਪ ਕੇ ਦੋਸਤਾਂ ਨਾਲ ਸਮਾਂ ਬਿਤਾ ਰਿਹਾ ਹੈ। ਅਜਿਹੇ 'ਚ ਜੇਕਰ ਬੱਚੇ ਮਾਤਾ-ਪਿਤਾ ਤੋਂ ਦੇਰ ਨਾਲ ਘਰ ਆਉਣ ਦਾ ਅਸਲੀ ਕਾਰਨ ਲੁਕਾਉਂਦੇ ਹਨ ਤਾਂ ਇਸ ਗੱਲ ਨੂੰ ਨਜ਼ਰਅੰਦਾਜ਼ ਨਾ ਕਰੋ। ਤੁਸੀਂ ਆਪ ਹੀ ਚਲਾਕੀ ਨਾਲ ਬੱਚਿਆਂ ਨੂੰ ਦੱਸੇ ਬਿਨਾਂ ਉਹਨਾਂ ਦੀ ਗਤੀਵਿਧੀ ਦੀ ਪੜਤਾਲ ਕਰੋ ਅਤੇ ਘਰ ਦੇਰੀ ਨਾਲ ਆਉਣ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕਰੋ।
ਬੋਲਣ ਦੀਆਂ ਆਦਤਾਂ
ਬੱਚਿਆਂ ਦੀ ਬੋਲੀ ਵਿਚ ਅਚਾਨਕ ਕੋਈ ਵੱਡਾ ਬਦਲਾਅ ਉਨ੍ਹਾਂ ਦੀ ਸੰਗਤ ਦਾ ਨਤੀਜਾ ਹੋ ਸਕਦਾ ਹੈ। ਜੇਕਰ ਤੁਹਾਡਾ ਬੱਚਾ ਅਰਥ ਜਾਣੇ ਬਿਨਾਂ ਹੀ ਕੋਈ ਗਲਤ ਸ਼ਬਦ ਵਾਰ-ਵਾਰ ਦੁਹਰਾ ਰਿਹਾ ਹੈ ਜਾਂ ਬੱਚਾ ਕਿਸੇ ਅਜੀਬੋ-ਗਰੀਬ ਸ਼ੈਲੀ ਵਿਚ ਬੋਲਣਾ ਸ਼ੁਰੂ ਕਰ ਰਿਹਾ ਹੈ, ਤਾਂ ਇਹ ਬੱਚਿਆਂ ਦੀ ਗਲਤ ਸੰਗਤ 'ਚ ਪੈਣ ਦੀ ਸ਼ੁਰੂਆਤ ਹੈ।
ਝੂਠ ਬੋਲਣ ਦੀ ਆਦਤ
ਝੂਠ ਬੋਲਣਾ ਅਤੇ ਮਾਪਿਆਂ ਤੋਂ ਗੱਲਾਂ ਛੁਪਾਉਣਾ ਵੀ ਬੱਚਿਆਂ ਦੀ ਗਲਤ ਸੰਗਤ ਦਾ ਨਤੀਜਾ ਹੈ। ਇਸ ਲਈ ਜੇਕਰ ਤੁਹਾਡਾ ਬੱਚਾ ਝੂਠ ਬੋਲਣਾ ਸ਼ੁਰੂ ਕਰ ਦਿੰਦਾ ਹੈ ਅਤੇ ਤੁਹਾਡੇ ਤੋਂ ਚੀਜ਼ਾਂ ਲੁਕਾਉਂਦਾ ਹੈ, ਤਾਂ ਸਮਝੋ ਕਿ ਬੱਚਾ ਕੁਝ ਗਲਤ ਕਰ ਰਿਹਾ ਹੈ। ਅਜਿਹੇ 'ਚ ਬੱਚਿਆਂ ਨੂੰ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕਰੋ ਅਤੇ ਉਨ੍ਹਾਂ ਦੀਆਂ ਹਰਕਤਾਂ 'ਤੇ ਵੀ ਨਜ਼ਰ ਰੱਖੋ।
ਨਵੇਂ ਦੋਸਤਾਂ ਤੋਂ ਸਾਵਧਾਨ ਰਹੋ
ਇਹ ਆਮ ਗੱਲ ਹੈ ਕਿ ਤੁਹਾਡਾ ਬੱਚਾ ਪੁਰਾਣੇ ਦੋਸਤਾਂ ਨੂੰ ਛੱਡ ਕੇ ਨਵੇਂ ਦੋਸਤਾਂ ਨਾਲ ਘੁੰਮਣਾ ਪਸੰਦ ਕਰੇ। ਅਸੀਂ ਇਕੋ ਤਰ੍ਹਾਂ ਦੇ ਲੋਕਾਂ ਤੋਂ ਬੋਰੀਅਤ ਮਹਿਸੂਸ ਕਰ ਸਕਦੇ ਹਾਂ। ਪਰ ਅਜਿਹੇ ਵਿਚ ਜ਼ਰੂਰੀ ਹੈ ਕਿ ਨਵੇਂ ਦੋਸਤ ਚੰਗੀ ਸੰਗਤ ਵਾਲੇ ਹੋਣ ਨਾ ਕਿ ਮਾੜੇ ਗੁਣਾ ਵਾਲੇ। ਅਜਿਹੇ 'ਦੋਸਤਾਂ ਦੀ ਦੇਖਾ ਦੇਖੀ ਬੱਚਾ ਬੁਰੀਆਂ ਆਦਤਾਂ ਅਪਣਾਉਣ ਤੋਂ ਨਹੀਂ ਝਿਜਕਦਾ। ਇਸ ਲਈ ਕਿਸੇ ਨਾ ਕਿਸੇ ਬਹਾਨੇ ਬੱਚਿਆਂ ਦੇ ਦੋਸਤਾਂ ਨੂੰ ਮਿਲਦੇ ਰਹੋ ਅਤੇ ਬੱਚਿਆਂ ਨੂੰ ਮਾੜੇ ਵਿਹਾਰ ਵਾਲੇ ਦੋਸਤਾਂ ਤੋਂ ਦੂਰ ਰਹਿਣ ਦੀ ਸਲਾਹ ਦਿਓ।
ਪੈਸੇ ਖਰਚ ਕਰਨਾ ਅਤੇ ਗੁੱਸੇ ਹੋਣਾ
ਬੱਚਿਆਂ ਦਾ ਨਿੱਕੀ ਨਿੱਕੀ ਗੱਲ 'ਤੇ ਗੁੱਸਾ ਕਰਨਾ, ਗਲਤ ਸ਼ਬਦਾਂ ਦੀ ਵਰਤੋਂ ਕਰਨਾ ਅਤੇ ਬਜ਼ੁਰਗਾਂ ਨਾਲ ਦੁਰਵਿਵਹਾਰ ਕਰਨਾ ਬੁਰੀ ਸੰਗਤ ਦਾ ਪ੍ਰਭਾਵ ਹੈ। ਅਜਿਹੇ 'ਚ ਬੱਚੇ ਨਾ ਸਿਰਫ਼ ਬਜ਼ੁਰਗਾਂ ਨੂੰ ਸਵਾਲ ਕਰਨ ਲੱਗਦੇ ਹਨ, ਸਗੋਂ ਉਹ ਪੈਸੇ ਵੀ ਜ਼ੋਰ-ਸ਼ੋਰ ਨਾਲ ਖਰਚ ਕਰਨ ਲੱਗ ਪੈਂਦੇ ਹਨ। ਇਸ ਸਥਿਤੀ ਨੂੰ ਗੰਭੀਰਤਾ ਨਾਲ ਲੈਂਦਿਆਂ ਹੋਇਆ, ਬੱਚੇ ਨੂੰ ਸਮਝਾਉਣਾ ਚਾਹੀਦਾ ਹੈ।
ਇਸ ਸਥਿਤੀ ਵਿਚ ਸਾਡੇ ਲਈ ਇਹ ਸਵਾਲ ਬਣ ਜਾਂਦਾ ਹੈ ਕਿ ਬੱਚਿਆਂ ਨੂੰ ਬੁਰੀ ਸੰਗਤ ਤੋਂ ਕਿਵੇਂ ਬਚਾਇਆ ਜਾਵੇ ਜਾਂ ਉਹਨਾਂ ਨੂੰ ਕਿਵੇਂ ਸੁਧਾਰਿਆ ਜਾਵੇ। ਇਸਦਾ ਪਹਿਲਾ ਹੱਲ ਤਾਂ ਇਹੀ ਹੈ ਕਿ ਹਰ ਸੰਭਵ ਕੋਸ਼ਿਸ਼ ਕਰਕੇ ਆਪਣੇ ਬੱਚਿਆਂ ਨਾਲ ਸਮਾਂ ਬਤਾਓ। ਬੱਚਿਆਂ ਨਾਲ ਉਹਨਾਂ ਦੀ ਦਿਨ ਚਰਿਆ, ਪੜ੍ਹਾਈ, ਦੋਸਤਾਂ ਮਿੱਤਰਾਂ, ਸਿਹਤ ਆਦਿ ਬਾਰੇ ਗੱਲਾਂ ਕਰੋ ਤੇ ਬੱਚੇ ਦੀ ਮਾਨਸਿਕ ਸਥਿਤੀ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਰਹੋ।
ਬੱਚਿਆਂ ਨੂੰ ਗਲਤ ਸੰਗਤ ਤੋਂ ਦੂਰ ਕਰਨ ਲਈ ਜੇਕਰ ਤੁਸੀਂ ਉਨ੍ਹਾਂ ਦੇ ਦੋਸਤ ਬਣਨ ਦੀ ਕੋਸ਼ਿਸ਼ ਕਰੋਗੇ ਤਾਂ ਇਹ ਹਾਲਤ ਵਿਚ ਬੱਚਾ ਹਰ ਛੋਟੀ-ਛੋਟੀ ਗੱਲ ਤੁਹਾਡੇ ਨਾਲ ਸ਼ੇਅਰ ਕਰਨਾ ਸ਼ੁਰੂ ਕਰ ਦੇਵੇਗਾ। ਇਸ ਗੱਲ ਦਾ ਵੀ ਧਿਆਨ ਰੱਖੋ ਕਿ ਬੱਚਿਆਂ ਨੂੰ ਕਿਸੇ ਵੀ ਕਾਰਵਾਈ ਲਈ ਸਿੱਧੇ ਤੌਰ 'ਤੇ ਨਾਂਹ ਨਾ ਕਰੋ, ਇਸ ਕਾਰਨ ਬੱਚੇ ਜ਼ਿੱਦੀ ਹੋ ਜਾਂਦੇ ਹਨ। ਇਸ ਲਈ ਬੱਚਿਆਂ ਨੂੰ ਗਲਤੀ ਕਰਨ 'ਤੇ ਝਿੜਕਣ ਦੀ ਬਜਾਏ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕਰੋ ਅਤੇ ਬੱਚਿਆਂ ਨੂੰ ਉਨ੍ਹਾਂ ਦੀ ਗਲਤੀ ਦੇ ਬੁਰੇ ਨਤੀਜਿਆਂ ਤੋਂ ਜਾਣੂ ਕਰਵਾਓ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Child, Children, Lifestyle, Parents