DEMAT Fraud: ਭਾਰਤ ਦੀ ਸਭ ਤੋਂ ਵੱਡੀ ਬ੍ਰੋਕਿੰਗ ਫਰਮ ਜ਼ੀਰੋਧਾ (Zerodha) ਦੇ ਸਹਿ-ਸੰਸਥਾਪਕ ਅਤੇ ਸੀਈਓ ਨਿਤਿਨ ਕਾਮਤ (Nitin Kamath) ਨੇ ਖੁਲਾਸਾ ਕੀਤਾ ਹੈ ਕਿ ਕੁਝ ਲੋਕ ਨਿਵੇਸ਼ਕਾਂ ਦੇ ਡੀਮੈਟ ਖਾਤੇ ਤੋਂ ਪੈਸੇ ਚੋਰੀ ਕਰ ਰਹੇ ਹਨ। ਠੱਗ ਇੰਨੇ ਚਲਾਕ ਹਨ ਕਿ ਖਾਤਾਧਾਰਕ ਨੂੰ ਵੀ ਇਸ ਬਾਰੇ ਬਹੁਤ ਦੇਰ ਨਾਲ ਪਤਾ ਲੱਗਦਾ ਹੈ। ਇਹ ਠੱਗ ਨਿਵੇਸ਼ਕਾਂ ਨੂੰ ਆਪਣੇ ਜਾਲ ਵਿੱਚ ਫਸਾਉਣ ਅਤੇ ਡੀਮੈਟ ਖਾਤੇ ਦੇ ਲੌਗਇਨ ਵੇਰਵੇ ਪ੍ਰਾਪਤ ਕਰਨ ਲਈ ਆਪਣੇ ਆਪ ਨੂੰ ਸਟਾਕ ਮਾਰਕੀਟ ਮਾਹਰ ਵਜੋਂ ਪੇਸ਼ ਕਰਦੇ ਹਨ।
ਨਿਤਿਨ ਕਾਮਤ ਨੇ ਕਿਹਾ ਹੈ ਕਿ ਨਿਵੇਸ਼ਕ ਦੇ ਡੀਮੈਟ ਵਿੱਚ ਪੈਨੀ ਸ਼ੇਅਰਾਂ ਜਾਂ ਅਲਿਕੁਇਡ ਵਿਕਲਪਾਂ ਦੀ ਵਰਤੋਂ ਕਰਕੇ ਧੋਖਾਧੜੀ ਦੇ ਬਹੁਤ ਮਾਮਲੇ ਸਾਹਮਣੇ ਆਏ ਹਨ। ਨਿਵੇਸ਼ਕ ਨੂੰ ਲੰਬੇ ਸਮੇਂ ਬਾਅਦ ਸਮਝ ਆਉਂਦਾ ਹੈ ਕਿ ਉਹ ਧੋਖਾਧੜੀ ਦਾ ਸ਼ਿਕਾਰ ਹੋ ਗਿਆ ਹੈ।
ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਦੋਂ ਸਾਨੂੰ ਨੁਕਸਾਨ ਹੁੰਦਾ ਹੈ, ਅਸੀਂ ਕਿਸੇ ਦੀ ਸਲਾਹ ਲੈਂਦੇ ਹਾਂ। ਮਾਰਕੀਟ ਵਿੱਚ ਬਹੁਤ ਸਾਰੇ ਸਲਾਹਕਾਰ ਹਨ ਜੋ ਨਿਵੇਸ਼ਕ ਦੀ ਮਦਦ ਕਰਦੇ ਹਨ। ਉਨ੍ਹਾਂ ਦੇ ਵਿਚਕਾਰ ਅਜਿਹੇ ਕਈ ਧੋਖੇਬਾਜ਼ ਹਨ ਜੋ ਸੋਸ਼ਲ ਮੀਡੀਆ 'ਤੇ ਮਾਰਕੀਟ ਮਾਹਰ ਹੋਣ ਦਾ ਦਾਅਵਾ ਕਰਦੇ ਹਨ। ਮਾਰਕਿਟ ਮਾਹਰਾਂ ਦਾ ਨਾਂ ਵਰਤ ਰਹੇ ਇਹ ਧੋਖੇਬਾਜ਼ ਤੁਹਾਡੀ ਮਦਦ ਦੇ ਨਾਂ 'ਤੇ ਤੁਹਾਡੇ ਡੀਮੈਟ ਖਾਤੇ ਦੇ ਲੌਗ-ਇਨ ਵੇਰਵੇ ਲੈ ਲੈਂਦੇ ਹਨ। ਫਿਰ ਉਹ ਤੁਹਾਡੇ ਪੈਸੇ ਨੂੰ ਕਿਸੇ ਹੋਰ ਵਪਾਰਕ ਖਾਤੇ ਵਿੱਚ ਟ੍ਰਾਂਸਫਰ ਕਰਦੇ ਹਨ। ਤੁਹਾਨੂੰ ਆਪਣੇ ਖਾਤੇ ਵਿੱਚ ਇਸ ਤਰ੍ਹਾਂ ਹੋਏ ਘਪਲੇ ਦਾ ਪਤਾ ਲਗਾਉਣਾ ਮੁਸ਼ਕਿਲ ਹੋ ਜਾਂਦਾ ਹੈ।
ਧੋਖਾਧੜੀ ਤੋਂ ਬਚਣ ਲਈ ਜ਼ਰੂਰੀ ਸੁਝਾਅ
ਨਿਤਿਨ ਕਾਮਥ ਨੇ ਦੱਸਿਆ ਕਿ ਧੋਖਾਧੜੀ ਤੋਂ ਬਚਣ ਲਈ ਅਸੀਂ ਆਪਣੇ ਬੈਂਕ ਖਾਤੇ ਨਾਲ ਜੁੜੇ ਲੌਗਇਨ ਵੇਰਵਿਆਂ ਨੂੰ ਕਿਸੇ ਨਾਲ ਸਾਂਝਾ ਨਹੀਂ ਕਰਦੇ। ਇਸ ਤਰ੍ਹਾਂ ਹੀ ਸਾਨੂੰ ਆਪਣੇ ਵਪਾਰ ਖਾਤੇ ਦਾ ਲੌਗਇਨ ਪਾਸਵਰਡ ਵੀ ਸਾਂਝਾ ਨਹੀਂ ਕਰਨਾ ਚਾਹੀਦਾ ਹੈ। ਉਨ੍ਹਾਂ ਅਨੁਸਾਰ ਡੀਮੈਟ ਖਾਤੇ ਨਾਲ ਛੇੜਛਾੜ ਦਾ ਇਕ ਹੋਰ ਤਰੀਕਾ ਫਿਸ਼ਿੰਗ ਧੋਖਾਧੜੀ ਹੈ। ਇਸ ਤੋਂ ਬਚਣ ਲਈ, ਇਹ ਜ਼ਰੂਰੀ ਹੈ ਕਿ ਤੁਸੀਂ ਅਧਿਕਾਰਤ ਬ੍ਰੋਕਰ ਵੈੱਬਸਾਈਟਾਂ ਅਤੇ ਐਪਾਂ ਤੋਂ ਇਲਾਵਾ ਹੋਰ ਕਿਤੇ ਵੀ ਲੌਗਇਨ ਵੇਰਵੇ ਦਰਜ ਨਾ ਕਰੋ।
ਇਸ ਤੋਂ ਇਲਾਵਾ ਜ਼ਿਕਰਯੋਗ ਹੈ ਕਿ ਜੇਕਰ ਤੁਸੀਂ ਆਪਸ਼ਨ ਟ੍ਰੇਡਿੰਗ ਨੂੰ ਨਹੀਂ ਸਮਝਦੇ ਹੋ, ਤਾਂ ਇਸ ਵਿੱਚ ਕਦੇ ਵੀ ਵਪਾਰ ਨਾ ਕਰੋ, ਭਾਵੇਂ ਕੋਈ ਤੁਹਾਨੂੰ ਕੁਝ ਵੀ ਕਹੇ। ਤੁਸੀਂ ਆਪਣੇ ਲੌਗਇਨ ਵੇਰਵਿਆਂ ਨੂੰ ਕਦੇ ਵੀ ਕਿਸੇ ਨਾਲ ਸਾਂਝਾ ਨਾ ਕਰੋ। ਜੇਕਰ ਤੁਸੀਂ ਆਪਣੇ ਖਾਤੇ ਦਾ ਵੇਰਵਾ ਕਿਸੇ ਅਜਿਹੇ ਵਿਅਕਤੀ ਨੂੰ ਦਿੱਤਾ ਹੈ, ਜਿਸ ਨੇ ਇਸ ਤਰ੍ਹਾਂ ਤੁਹਾਨੂੰ ਨੁਕਸਾਨ ਪਹੁੰਚਾਇਆ ਹੈ, ਤਾਂ ਤੁਸੀਂ ਪੁਲਿਸ ਨੂੰ ਸ਼ਿਕਾਇਤ ਕਰ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bank fraud, Business, Businessman, Fraud, Market, Stock market