ਅਕਸਰ ਲੋਕ ਆਪਣਾ ਕਾਰੋਬਾਰ ਸ਼ੁਰੂ ਕਰਨ ਬਾਰੇ ਸੋਚਦੇ ਹਨ ਅਤੇ ਕੋਈ ਸਹੀ ਵਿਚਾਰ ਨਾ ਮਿਲਣ ਕਰਕੇ ਅਤੇ ਪੈਸੇ ਦੀ ਕਮੀ ਕਾਰਨ ਉਹ ਇਸ ਖਿਆਲ ਨੂੰ ਛੱਡ ਦਿੰਦੇ ਹਨ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਕਾਰੋਬਾਰ ਬਾਰੇ ਦੱਸਣਗੇ ਜਿਸ ਵਿੱਚ ਤੁਸੀਂ ਦੂਸਰਿਆਂ ਨੂੰ ਨੌਕਰੀ ਦੇ ਕੇ ਰੁਜ਼ਗਾਰ ਵੀ ਪੈਦਾ ਕਰੋਗੇ ਅਤੇ ਨਾਲ ਹੀ ਤੁਹਾਨੂੰ ਮੋਤੀ ਕਮਾਈ ਵੀ ਹੋਵੇਗੀ। ਇਹ ਕਾਰੋਬਾਰ ਹੈ ਸਕਿਉਰਿਟੀ ਏਜੰਸੀ ਖੋਲ੍ਹਣ ਦਾ। ਜੀ ਹਾਂ! ਤੁਸੀਂ ਅਕਸਰ ਬੈਂਕਾਂ, ਵੱਡੀਆਂ-ਵੱਡੀਆਂ ਦੁਕਾਨਾਂ ਅਤੇ ਲੋਕਾਂ ਦੇ ਘਰਾਂ ਦੇ ਬਾਹਰ ਸਕਿਉਰਿਟੀ ਗਾਰਡ ਦੇਖੇ ਹੋਣਗੇ।
ਇਹਨਾਂ ਦੀ ਮੰਗ ਹੁਣ ਵਧਦੀ ਜਾ ਰਹੀ ਹੈ ਕਿਉਂਕਿ ਸੁਰੱਖਿਆ ਨੂੰ ਲੈ ਕੇ ਕੋਈ ਵੀ ਸਮਝੌਤਾ ਨਹੀਂ ਕਰਨਾ ਚਾਹੁੰਦਾ। ਇਸ ਕੰਮ ਨੂੰ ਸ਼ੁਰੂ ਕਰਨ ਲਈ ਤੁਹਾਨੂੰ ਥੋੜ੍ਹੀ ਪੂੰਜੀ ਅਤੇ ਛੋਟੀ ਜਗ੍ਹਾ ਦੀ ਹੀ ਲੋੜ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਜਿਵੇਂ ਜਿਵੇਂ ਸ਼ਹਿਰਾਂ ਵਿੱਚ ਆਬਾਦੀ ਵੱਧ ਰਹੀ ਹੈ ਤੇ ਨਵੇਂ ਕਾਰੋਬਾਰ ਸ਼ੁਰੂ ਹੋ ਰਹੇ ਹਨ, ਸੁਰੱਖਿਆ ਗਾਰਡਾਂ ਦੀ ਮੰਗ ਵੀ ਵੱਧ ਰਹੀ ਹੈ।
ਆਓ ਜਾਣਦੇ ਹਾਂ ਕਿ ਕਿਵੇਂ ਸ਼ੁਰੂ ਕਰਨਾ ਹੈ ਇਹ ਕਾਰੋਬਾਰ: ਸਭ ਤੋਂ ਪਹਿਲਾਂ ਇਹ ਜਾਨਣਾ ਜ਼ਰੂਰੀ ਹੈ ਕਿ ਇਸ ਕੰਮ ਨੂੰ ਸ਼ੁਰੂ ਕਰਨ ਲਈ ਤੁਹਾਨੂੰ ਇੱਕ ਕੰਪਨੀ ਬਣਾਉਣੀ ਹੋਵੇਗੀ ਅਤੇ ਇਸਦੇ ਨਾਲ ਹੀ ਤੁਹਾਨੂੰ ESIC ਅਤੇ PF ਲਈ ਵੀ ਰਜਿਸਟ੍ਰੇਸ਼ਨ ਕਰਨੀ ਹੋਵੇਗੀ। ਤੁਹਾਡੇ ਕੋਲ GST ਨੰਬਰ ਵੀ ਹੋਣਾ ਚਾਹੀਦਾ ਹੈ। ਪਰ ਇੱਥੇ ਸਭ ਤੋਂ ਜ਼ਰੂਰੀ ਚੀਜ਼ ਹੈ ਸੁਰੱਖਿਆ ਏਜੰਸੀ ਲਈ ਤੁਹਾਨੂੰ ਇੱਕ ਲਾਇਸੈਂਸ ਲੈਣਾ ਪਵੇਗਾ, ਇਸ ਤੋਂ ਬਿਨ੍ਹਾਂ ਤੁਸੀਂ ਇਹ ਕੰਮ ਨਹੀਂ ਕਰ ਸਕਦੇ।
ਕਿਹੜੇ ਲਾਇਸੈਂਸ ਦੀ ਪਵੇਗੀ ਲੋੜ: ਸੁਰੱਖਿਆ ਏਜੰਸੀ ਲਈ ਤੁਹਾਨੂੰ ਪ੍ਰਾਈਵੇਟ ਸੁਰੱਖਿਆ ਏਜੰਸੀ ਰੈਗੂਲੇਸ਼ਨ ਐਕਟ 2005 ਦੇ ਤਹਿਤ ਇਕ ਲਾਇਸੈਂਸ ਲੈਣਾ ਹੋਵੇਗਾ। ਇਸ ਨੂੰ PSARA ਕਿਹਾ ਜਾਂਦਾ ਹੈ। ਇਸ ਲਾਇਸੈਂਸ ਤੋਂ ਬਿਨਾਂ ਪ੍ਰਾਈਵੇਟ ਸੁਰੱਖਿਆ ਏਜੰਸੀ ਨਹੀਂ ਚਲਾਈ ਜਾ ਸਕਦੀ। ਇਸ ਦੇ ਲਈ ਲਾਇਸੈਂਸ ਦੇਣ ਤੋਂ ਪਹਿਲਾਂ ਬਿਨੈਕਾਰ ਦੀ ਪੁਲਿਸ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਏਜੰਸੀ ਖੋਲ੍ਹਣ ਲਈ ਸੁਰੱਖਿਆ ਗਾਰਡਾਂ ਦੀ ਸਿਖਲਾਈ ਸਬੰਧੀ ਸਟੇਟ ਕੰਟਰੋਲਿੰਗ ਅਥਾਰਟੀ ਵੱਲੋਂ ਪ੍ਰਮਾਣਿਤ ਸੰਸਥਾ ਨਾਲ ਸਮਝੌਤਾ ਕਰਨਾ ਹੋਵੇਗਾ।
ਕਿੰਨਾ ਹੋਵੇਗਾ ਖਰਚ: ਜੇਕਰ ਤੁਸੀਂ ਸੁਰੱਖਿਆ ਏਜੰਸੀ ਲਈ ਲਾਇਸੈਂਸ ਲੈਣਾ ਹੈ ਤਾਂ ਇਸ ਲਈ ਤੁਹਾਨੂੰ ਫੀਸ ਦਾ ਭਗਤਾਂ ਕਰਨਾ ਹੋਵੇਗਾ। ਜੇਕਰ ਤੁਸੀਂ ਆਪਣੀਆਂ ਸੇਵਾਵਾਂ ਇੱਕ ਜ਼ਿਲੇ ਤੱਕ ਰੱਖਦੇ ਹੋ ਤਾਂ ਇਸ ਲਈ 5000 ਰੁਪਏ, 5 ਜ਼ਿਲਿਆਂ ਲਈ 10000 ਰੁਪਏ ਅਤੇ ਇਕ ਰਾਜ ਵਿੱਚ ਸੇਵਾਵਾਂ ਦੇਣ ਲਈ ਤੁਹਾਨੂੰ 25,000 ਰੁਪਏ ਤੱਕ ਦਾ ਖਰਚ ਕਰਨਾ ਪਵੇਗਾ। ਲਾਇਸੰਸ ਪ੍ਰਾਪਤ ਕਰਨ ਤੋਂ ਬਾਅਦ, ਤੁਹਾਡੀ ਏਜੰਸੀ ਨੂੰ PASARA ਐਕਟ ਦੇ ਸਾਰੇ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ।
ਇਸ ਤਰ੍ਹਾਂ ਹੋਵੇਗੀ ਕਮਾਈ: ਤੁਸੀਂ ਆਪਣੀਆਂ ਸੇਵਾਵਾਂ ਨੂੰ ਜਿੰਨੇ ਲੋਕਾਂ ਤੱਕ ਪਹੁੰਚਾਓਗੇ, ਤੁਹਾਡੀ ਕਮਾਈ ਵੀ ਉਸ ਦੇ ਹਿਸਾਬ ਨਾਲ ਵਧੇਗੀ। ਤੁਸੀਂ ਸਕਿਉਰਿਟੀ ਗਾਰਡ ਨੂੰ ਆਪਣੀ ਕੰਪਨੀ ਵਿੱਚ ਤਨਖਾਹ 'ਤੇ ਨੌਕਰੀ ਦੇ ਸਕਦੇ ਹੋ ਅਤੇ ਜੋ ਤੁਹਾਡੀਆਂ ਸੇਵਾਵਾਂ ਲੈਂਦਾ ਹੈ ਉਸ ਨਾਲ ਤੁਸੀਂ ਕਰਾਰ ਕਰ ਸਕਦੇ ਹੋ। ਇਸ ਤਰ੍ਹਾਂ ਤੁਹਾਨੂੰ ਹਰ ਗਾਰਡ ਨੂੰ ਨੌਕਰੀ 'ਤੇ ਰੱਖਣ ਨਾਲ ਇੱਕ ਨਿਸ਼ਚਿਤ ਰਕਮ ਮਿਲੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Business, Business idea, MONEY