
ਭਾਰਤ 'ਚ ਖਾਣ ਵਾਲੇ ਤੇਲ ਦੀ 23% ਪੇਂਟ-ਵਾਰਨਿਸ਼ 'ਚ ਹੋ ਰਹੀ ਖਪਤ, ਜਾਣੋ ਇਸਨੂੰ ਰੋਕਣਾ ਕਿਉਂ ਜ਼ਰੂਰੀ
ਭਾਰਤੀ ਖੇਤੀ ਖੋਜ ਪ੍ਰੀਸ਼ਦ (ICAR) ਦੇ ਇਕ ਸੀਨੀਅਰ ਅਧਿਕਾਰੀ ਨੇ ਬੀਤੇ ਮੰਗਲਵਾਰ ਨੂੰ ਕਿਹਾ ਕਿ ਦੇਸ਼ ਦੇ ਖਾਣ ਵਾਲੇ ਤੇਲ ਦਾ 23% ਹਿੱਸਾ ਪੇਂਟ ਅਤੇ ਵਾਰਨਿਸ਼ ਵਰਗੇ ਉਤਪਾਦਾਂ ਲਈ ਫੈਕਟਰੀਆਂ ਨੂੰ ਜਾ ਰਿਹਾ ਹੈ। ਖਾਣ ਵਾਲੇ ਤੇਲ ਦੇ ਮਾਮਲੇ ਵਿੱਚ ਇਸ ਰੁਝਾਨ ਨੂੰ ਰੋਕਣਾ ਜ਼ਰੂਰੀ ਹੈ। ਦੱਸ ਦੇਈਏ ਕਿ ਦੇਸ਼ ਵਿੱਚ ਖਾਣ ਵਾਲੇ ਤੇਲ ਦੀ ਮਹਿੰਗਾਈ ਆਮ ਆਦਮੀ ਦੀ ਰਸੋਈ ਦਾ ਬਜਟ ਵਿਗਾੜ ਰਹੀ ਹੈ।
ICAR ਸਹਾਇਕ ਡਾਇਰੈਕਟਰ ਜਨਰਲ ਡਾ.ਸੰਜੀਵ ਗੁਪਤਾ ਨੇ ਕਿਹਾ ਕਿ ਇਹ ਇੱਕ ਮਹੱਤਵਪੂਰਨ ਵਿਸ਼ਾ ਹੈ ਕਿ ਦੇਸ਼ ਦੇ ਖਾਣ ਵਾਲੇ ਤੇਲ ਦਾ 23 ਪ੍ਰਤੀਸ਼ਤ ਹਿੱਸਾ ਪੇਂਟ, ਵਾਰਨਿਸ਼ ਅਤੇ ਹੋਰ ਉਤਪਾਦ ਬਣਾਉਣ ਵਾਲੀਆਂ ਫੈਕਟਰੀਆਂ ਵਿੱਚ ਜਾਂਦਾ ਹੈ। ਖਾਣ ਵਾਲੇ ਤੇਲ ਦੀ ਇਸ ਉਦਯੋਗਿਕ ਵਰਤੋਂ ਨੂੰ ਰੋਕਣਾ ਬਹੁਤ ਜ਼ਰੂਰੀ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਭਾਰਤ ਇਸ ਸਮੇਂ ਆਪਣੇ ਖਾਣ ਵਾਲੇ ਤੇਲ ਦਾ ਲਗਭਗ 60 ਫੀਸਦੀ ਆਯਾਤ ਕਰ ਰਿਹਾ ਹੈ, ਜਿਸ 'ਤੇ ਦੇਸ਼ ਨੂੰ 1.17 ਲੱਖ ਕਰੋੜ ਰੁਪਏ ਖਰਚ ਕਰਨੇ ਪੈਂਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਇਸ ਆਯਾਤ ਨੂੰ ਘਟਾ ਕੇ ਖਾਣ ਵਾਲੇ ਤੇਲ ਦੇ ਮਾਮਲੇ ਵਿੱਚ ਦੇਸ਼ ਨੂੰ ਆਤਮ ਨਿਰਭਰ ਬਣਾਉਣ ਲਈ ਲਗਾਤਾਰ ਕਦਮ ਚੁੱਕ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ICAR ਨੂੰ ਤੇਲ ਬੀਜਾਂ ਦਾ ਉਤਪਾਦਨ ਵਧਾਉਣ ਲਈ ਕਾਰਜ ਯੋਜਨਾ ਪੇਸ਼ ਕਰਨ ਲਈ ਕਿਹਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਦੇਸ਼ ਨੂੰ ਖਾਣ ਵਾਲੇ ਤੇਲ ਦੀ ਘਰੇਲੂ ਲੋੜ ਨੂੰ ਪੂਰਾ ਕਰਨ ਲਈ ਬਾਹਰੀ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਰੂਸ-ਯੂਕਰੇਨ ਯੁੱਧ ਕਾਰਨ ਦੋਵਾਂ ਦੇਸ਼ਾਂ ਤੋਂ ਸੂਰਜਮੁਖੀ ਤੇਲ ਦੀ ਸਪਲਾਈ ਵਿਚ ਵਿਘਨ ਪਿਆ ਹੈ। ਉਨ੍ਹਾਂ ਦੱਸਿਆ ਕਿ ਅਸੀਂ ਦੇਸ਼ 'ਚ ਸੂਰਜਮੁਖੀ ਦਾ ਉਤਪਾਦਨ ਵਧਾਉਣ ਦੀ ਯੋਜਨਾ 'ਤੇ ਕੰਮ ਕਰ ਰਹੇ ਹਾਂ। ਇਸਦੇ ਨਾਲ ਹੀ ਇੰਡੋਨੇਸ਼ੀਆ ਵੱਲੋਂ ਪਾਮ ਆਇਲ ਦੇ ਨਿਰਯਾਤ 'ਤੇ ਪਾਬੰਦੀ ਲਾਉਣ ਤੋਂ ਬਾਅਦ ਸਰਕਾਰ ਨੇ ਦੇਸ਼ 'ਚ ਪਾਮ ਦੇ ਦਰੱਖਤਾਂ ਹੇਠਲਾ ਰਕਬਾ 4 ਲੱਖ ਹੈਕਟੇਅਰ ਤੋਂ 10 ਗੁਣਾ ਵਧਾ ਕੇ 40 ਲੱਖ ਹੈਕਟੇਅਰ ਕਰਨ ਲਈ ਰੋਡਮੈਪ ਤਿਆਰ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਦੇਸ਼ ਨੇ 1990 ਦੇ ਦਹਾਕੇ ਦੌਰਾਨ ‘ਪੀਲੀ ਕ੍ਰਾਂਤੀ’ ਰਾਹੀਂ ਤੇਲ ਬੀਜ ਉਤਪਾਦਨ ਵਿੱਚ ਆਤਮ-ਨਿਰਭਰ ਬਣਨ ਦਾ ਬੀੜਾ ਚੁੱਕਿਆ ਸੀ ਪਰ ਅੱਜ ਦੇਸ਼ ਵਿੱਚ ਖਾਣ ਵਾਲੇ ਤੇਲ ਦੀ ਪ੍ਰਤੀ ਵਿਅਕਤੀ ਖਪਤ ਤਿੰਨ ਗੁਣਾ ਵਧ ਗਈ ਹੈ। ਇਸ ਤੋਂ ਇਲਾਵਾ ਦੇਸ਼ ਦੀ ਆਬਾਦੀ ਵੀ ਵਧੀ ਹੈ। ਉਨ੍ਹਾਂ ਕਿਹਾ ਕਿ ਵਿਗਿਆਨੀਆਂ ਨੂੰ ਮੌਸਮੀ ਸਥਿਤੀਆਂ ਦੇ ਅਨੁਸਾਰ ਖਾਸ ਕਰਕੇ ਕਰਨਾਟਕ, ਪੰਜਾਬ ਅਤੇ ਹਰਿਆਣਾ ਦੇ ਨਾਲ-ਨਾਲ ਉੱਤਰ-ਪੂਰਬੀ ਰਾਜਾਂ ਵਿੱਚ ਸੋਇਆਬੀਨ ਦੀਆਂ ਨਵੀਆਂ ਕਿਸਮਾਂ ਵਿਕਸਤ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਦੇਸ਼ ਵਿੱਚ ਇਸ ਤੇਲ ਬੀਜ ਫਸਲ ਦੀ ਕਾਸ਼ਤ ਦਾ ਵਿਸਥਾਰ ਕੀਤਾ ਜਾ ਸਕੇ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।