ਬ੍ਰੇਕਫਾਸਟ ਯਾਨੀ ਸਵੇਰ ਦਾ ਭੋਜਨ ਸਾਨੂੰ ਦਿਨ ਭਰ ਲਈ ਊਰਜਿਤ ਕਰਨ ਵਿਚ ਅਹਿਮ ਭੂਮਿਕਾ ਅਦਾ ਕਰਦਾ ਹੈ। ਸਾਡਾ ਸਵੇਰ ਦਾ ਭੋਜਨ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੋਣਾ ਚਾਹੀਦਾ ਹੈ। ਇਸਦੇ ਨਾਲ ਹੀ ਸਾਡਾ ਭੋਜਨ ਸੁਵਾਦ ਭਰਪੂਰ ਵੀ ਹੋਣਾ ਚਾਹੀਦਾ ਹੈ। ਸਿਰਫ਼ ਪੇਟ ਭਰਨਾ ਹੀ ਰੱਜ ਜਾਣਾ ਨਹੀਂ ਹੁੰਦਾ ਬਲਕਿ ਭੋਜਨ ਨਾਲ ਸਾਡੀ ਰੂਹ ਵੀ ਰੱਜਣੀ ਚਾਹੀਦੀ ਹੈ। ਇਸ ਲਈ ਜਦ ਅਸੀਂ ਹਰ ਰੋਜ਼ ਹੀ ਬ੍ਰੇਕਫਾਸਟ ਵਿਚ ਇਕੋ ਤਰ੍ਹਾਂ ਦਾ ਖਾਣਾ ਖਾਂਧੇ ਰਹੀਏ ਤਾਂ ਪੇਟ ਚਾਹੇ ਭਰਦਾ ਰਹੇ ਪਰ ਰੂਹ ਦੀ ਭੁੱਖ ਬਾਕੀ ਰਹਿ ਜਾਂਦੀ ਹੈ। ਅਜਿਹੇ ਵਿਚ ਬ੍ਰੇਕਫਾਸਟ ਵਿਚ ਵੰਨ ਸੁਵੰਨਤਾ ਹੋਣੀ ਲਾਜ਼ਮੀ ਹੈ। ਜੇਕਰ ਤੁਸੀਂ ਵੀ ਆਪਣੇ ਬ੍ਰੇਕਫਾਸਟ ਵਿਚ ਕੁਝ ਨਵਾਂ ਅਜ਼ਮਾਉਣਾ ਚਾਹੁੰਦੇ ਹੋ ਤਾਂ ਆਓ ਤੁਹਾਡੇ ਸਾਂਝੀ ਕਰਦੇ ਹਾਂ ਕਾਠੀ ਰੋਲ ਦੀ ਰੈਸਿਪੀ। ਕਾਠੀ ਰੋਲ ਇਕ ਸੁਆਦ ਭਰਪੂਰ ਡਿਸ਼ ਹੈ ਜਿਸਨੂੰ ਬੱਚੇ ਬੁੱਢੇ ਸਾਰੇ ਹੀ ਚਾਅ ਨਾਲ ਖਾਣਗੇ। ਇਸਨੂੰ ਬਣਾਉਣਾ ਬੇਹੱਦ ਆਸਾਨ ਹੈ। ਇਸਦੀ ਰੈਸਿਪੀ ਇਸ ਤਰ੍ਹਾਂ ਹੈ –
ਸਮੱਗਰੀ
ਇਕ ਕੱਪ ਮੈਦਾ, ਅੱਧਾ ਕੱਪ ਕਾਰਚ ਫਲੇਕਸ, ਸਲਾਈਸ ਕੀਤਾ ਇਕ ਪਿਆਜ਼, ਇਕ ਸ਼ਿਮਲਾ ਮਿਰਚ, 2 ਛੋਟੇ ਚਮਚ ਸੋਇਆ ਸਾੱਸ, ਅੱਧਾ ਛੋਟਾ ਚਮਚ ਕੱਦੂਕਸ਼ ਕੀਤਾ ਹੋਇਆ ਅਦਰਕ, ਇਕ ਛੋਟਾ ਚਮਚ ਟਮਾਟਰ ਸਾੱਸ, ਤਿੰਨ ਚਮਚ ਹਰਾ ਧਨੀਆ, ਇਕ ਚਮਚ ਮਿਊਨੀਜ, ਚਾਰ ਚਮਚ ਤੇਲ ਅਤੇ ਸੁਆਦ ਅਨੁਸਾਰ ਨਮਕ।
ਰੈਸਿਪੀ
ਰੋਲ ਦੇ ਨਾਮ ਤੋਂ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਇਸ ਲਈ ਇਕ ਰੋਟੀ ਦੇ ਆਕਾਰ ਦਾ ਰੋਲ ਰੈਪਰ ਚਾਹੀਦਾ ਹੋਵੇਗਾ ਜਿਸ ਵਿਚ ਬਾਕੀ ਦੀ ਫਿਲਿੰਗ ਪਾ ਕੇ ਰੋਲ ਬਣ ਸਕੇ। ਰੋਲ ਰੈਪਰ ਬਣਾਉਣ ਲਈ ਮੈਦੇ ਤੇ ਕੌਰਨ ਫਲੈਕਸ ਦੀ ਵਰਤੋਂ ਹੋਵੇਗੀ। ਇਸ ਲਈ ਸਭ ਤੋਂ ਪਹਿਲਾਂ ਮੈਦੇ ਤੇ ਕੌਰਨ ਫਲੈਕਸ ਵਿਚ ਦੋ ਚਮਚ ਤੇਲ ਤੇ ਚੁਟਕੀ ਭਰ ਨਮਕ ਸ਼ਾਮਿਲ ਕਰਕੇ ਚੰਗੀ ਤਰ੍ਹਾਂ ਮਿਲਾਓ ਕਿ ਇਕ ਵੀ ਗੰਢ ਨਾ ਰਹੇ। ਇਸ ਵਿਚ ਥੋੜਾ ਥੋੜਾ ਪਾਣੀ ਮਿਲਾਕੇ ਨਰਮ ਆਟਾ ਗੁੰਨ ਲਵੋ। ਇਸ ਆਟੇ ਨੂੰ ਸੈਟ ਹੋਣ ਲਈ ਪੰਦਰਾਂ ਮਿੰਟ ਵਾਸਤੇ ਰੱਖ ਦਿਉ।
ਇਸ ਤੋਂ ਬਾਦ ਨਾਨਸਟਿਕ ਪੈਨ ਜਾਂ ਤਲਾ ਗੈਸ ਉੱਪਰ ਰੱਖਕੇ ਗਰਮ ਕਰੋ। ਇਸ ਉੱਪਰ ਤੇਲ ਫੈਲਾ ਦਿਉ ਤੇ ਫਿਰ ਨਰਮ ਆਟਾ ਪਾ ਕੇ ਗੋਲ ਆਕਾਰ ਦੀਆਂ ਪਤਲੀਆਂ ਪਤਲੀਆਂ ਰੋਟੀਆਂ ਬਣਾ ਲਵੋ। ਹੁਣ ਅਗਲਾ ਕੰਮ ਫਿਲਿੰਗ ਦਾ ਹੈ। ਇਸ ਲਈ ਇਕ ਕੜਾਹੀ ਲਵੋ ਤੇ ਇਸ ਵਿਚ ਦੋ ਚਮਚ ਤੇਲ ਦੇ ਪਾ ਕੇ ਮੱਧਮ ਆਂਚ ਤੇ ਗਰਮ ਕਰੋ। ਕੜਾਹੀ ਵਿਚ ਪਿਆਜ਼, ਸ਼ਿਮਲਾ ਮਿਰਚ, ਅਦਰਕ ਨੂੰ ਨਮਕ ਸਮੇਤ ਚੰਗੀ ਤਰ੍ਹਾਂ ਪਕਾਓ। ਫੇਰ ਇਸ ਵਿਚ ਸੋਇਆ ਸਾਸ, ਕਾਲੀ ਮਿਰਚ ਪਾ ਕੇ ਥੋੜਾ ਪੱਕਣ ਦਿਉ। ਗੈਸ ਬੰਦ ਕਰਕੇ ਫਿਲਿੰਗ ਨੂੰ ਕਿਸੇ ਬਾਉਲ ਵਿਚ ਕੱਢ ਲਵੋ।
ਇਕ ਖਾਲੀ ਪਲੇਟ ਵਿਚ ਰੋਟੀ ਵਿਛਾ ਲਵੋ। ਇਸ ਰੋਟੀ ਦੇ ਉੱਪਰ ਮਿਊਨੀਜ਼ ਤੇ ਟਮਾਟਰ ਸਾੱਸ ਲਗਾ ਕੇ ਇਸ ਵਿਚ ਫਿਲਿੰਗ ਰੱਖੋ ਤੇ ਰੋਟੀ ਦਾ ਰੋਲ ਬਣਾ ਲਵੋ। ਇਸੇ ਤਰ੍ਹਾਂ ਸਾਰੀਆਂ ਰੋਟੀਆਂ ਵਿਚ ਫਿੰਲਿੰਗ ਭਰ ਲਵੋ। ਤੁਹਾਡਾ ਬ੍ਰੇਕਫਾਸਟ ਤਿਆਰ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Fast food, Food, Healthy Food