
AI ਟੂਲ ਨੂੰ ਪਹਿਲਾ ਹੀ ਮਿਲ ਜਾਵੇਗਾ ਹਾਰਟ ਅਟੈਕ ਦੇ ਖਤਰੇ ਦਾ Alert, ਜਾਣੋ ਕਿਵੇਂ
Artificial intelligence tool may help predict heart attacks : ਅੱਜ-ਕੱਲ੍ਹ ਲੋਕਾਂ ਵਿੱਚ ਹਾਰਟ ਅਟੈਕ ਦੀ ਸਮੱਸਿਆ ਵਧ ਗਈ ਹੈ। ਲੋਕ ਛੋਟੀ ਉਮਰ ਵਿੱਚ ਹੀ ਇਸ ਦਾ ਸ਼ਿਕਾਰ ਹੋ ਰਹੇ ਹਨ। ਦਿਲ ਦੇ ਦੌਰੇ ਦੇ ਖਤਰੇ ਨੂੰ ਮਾਪਣ ਲਈ ਕੋਈ ਸਹੀ ਟੈਸਟ ਉਪਲਬਧ ਨਹੀਂ ਹੈ। ਅਜਿਹੇ 'ਚ ਅਮਰੀਕਾ ਦੇ ਕੈਲੀਫੋਰਨੀਆ 'ਚ ਸੀਡਰਸ-ਸਿਨਾਈ ਮੈਡੀਕਲ ਸੈਂਟਰ ਦੇ ਅਧਿਐਨ 'ਚ ਖੋਜਕਾਰਾਂ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ 'ਤੇ ਆਧਾਰਿਤ ਇਕ ਅਜਿਹਾ ਟੂਲ ਬਣਾਇਆ ਹੈ, ਜੋ ਦਿਲ ਦੇ ਦੌਰੇ ਦੇ ਖਤਰੇ ਦਾ ਆਸਾਨੀ ਨਾਲ ਅੰਦਾਜ਼ਾ ਲਗਾ ਸਕਦਾ ਹੈ।
ਇਸ ਅਧਿਐਨ 'ਚ ਦੱਸਿਆ ਗਿਆ ਹੈ ਕਿ ਇਹ ਟੂਲ ਦਿਲ ਨੂੰ ਖੂਨ ਦੀ ਸਪਲਾਈ ਕਰਨ ਵਾਲੀ ਧਮਣੀ 'ਚ ਪਲੇਕ ਦੀ ਮਾਤਰਾ ਦੇ ਆਧਾਰ 'ਤੇ ਅਗਲੇ ਪੰਜ ਸਾਲਾਂ 'ਚ ਦਿਲ ਦੇ ਦੌਰੇ ਦੇ ਖ਼ਤਰੇ ਦੀ ਭਵਿੱਖਬਾਣੀ ਕਰ ਸਕੇਗਾ। ਅਸਲ 'ਚ ਪਲੇਕ ਬਣਨ ਨਾਲ ਧਮਨੀਆਂ ਤੰਗ ਹੋ ਜਾਂਦੀਆਂ ਹਨ, ਜਿਸ ਕਾਰਨ ਦਿਲ ਤੱਕ ਖੂਨ ਪਹੁੰਚਣ 'ਚ ਮੁਸ਼ਕਿਲ ਆਉਂਦੀ ਹੈ ਅਤੇ ਇਸ ਕਾਰਨ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਵੱਧ ਜਾਂਦਾ ਹੈ। ਕੋਰੋਨਰੀ ਕੰਪਿਊਟਿਡ ਟੋਮੋਗ੍ਰਾਫੀ ਐਂਜੀਓਗ੍ਰਾਫੀ (CCTA) ਇੱਕ ਮੈਡੀਕਲ ਟੈਸਟ ਹੈ ਜੋ ਦਿਲ ਅਤੇ ਧਮਨੀਆਂ ਦੀਆਂ 3D ਤਸਵੀਰਾਂ ਲੈਂਦਾ ਹੈ, ਅਤੇ ਉਸ ਦੇ ਆਧਾਰ 'ਤੇ, ਡਾਕਟਰ ਅੰਦਾਜ਼ਾ ਲਗਾਉਂਦੇ ਹਨ ਕਿ ਧਮਣੀ ਕਿੰਨੀ ਤੰਗ ਹੈ। ਪਰ CCTA ਚਿੱਤਰਾਂ ਵਿੱਚ ਦਿਖਾਈ ਦੇਣ ਵਾਲੀ ਪਲੇਕ ਨੂੰ ਮਾਪਣ ਲਈ ਅਜੇ ਵੀ ਕੋਈ ਸਧਾਰਨ, ਆਟੋਮੈਟਿਕ ਅਤੇ ਤੇਜ਼ ਪ੍ਰਣਾਲੀ ਨਹੀਂ ਹੈ।
ਕੀ ਕਹਿੰਦੇ ਹਨ ਮਾਹਿਰ
ਇਸ ਅਧਿਐਨ ਦੀ ਲੇਖਕ ਅਤੇ ਬਾਇਓਮੈਡੀਕਲ ਇਮੇਜਿੰਗ ਰਿਸਰਚ ਇੰਸਟੀਚਿਊਟ ਵਿੱਚ ਨਿਰਦੇਸ਼ਕ ਦਾਮਿਨੀ ਡੇ ਨੇ ਕਿਹਾ ਕਿ ਪੂਰੀ ਤਰ੍ਹਾਂ ਆਟੋਮੈਟਿਕ ਵਿਧੀ ਦੀ ਘਾਟ ਕਾਰਨ ਕੋਰੋਨਰੀ ਪਲੇਕ ਦੀ ਮਾਪ ਅਕਸਰ ਨਹੀਂ ਕੀਤੀ ਜਾਂਦੀ। ਇੱਥੋਂ ਤੱਕ ਕਿ ਜਦੋਂ ਮਾਹਿਰ ਇਸ ਨੂੰ ਮਾਪਣ ਦੀ ਕੋਸ਼ਿਸ਼ ਕਰਦੇ ਹਨ, ਤਾਂ ਇਸ ਵਿੱਚ 20 ਤੋਂ 30 ਮਿੰਟ ਲੱਗ ਜਾਂਦੇ ਹਨ। ਪਰ ਸਾਡੇ ਇਸ ਪ੍ਰੋਗਰਾਮ ਦੀ ਵਰਤੋਂ ਕਰਕੇ, ਅਸੀਂ 5 ਤੋਂ 6 ਸਕਿੰਟਾਂ ਵਿੱਚ ਸੀਸੀਟੀਏ ਚਿੱਤਰ ਤੋਂ ਪਲੇਕ ਦੀ ਮਾਤਰਾ ਦਾ ਪਤਾ ਲਗਾ ਸਕਦੇ ਹਾਂ।
ਕਿਸ ਤਰ੍ਹਾਂ ਹੋਇਆ ਅਧਿਐਨ : ਖੋਜਕਰਤਾਵਾਂ ਨੇ ਆਸਟ੍ਰੇਲੀਆ, ਜਰਮਨੀ, ਜਾਪਾਨ, ਸਕਾਟਲੈਂਡ ਅਤੇ ਅਮਰੀਕਾ ਵਿੱਚ 11 ਸਥਾਨਾਂ 'ਤੇ ਕੋਰੋਨਰੀ ਸੀਸੀਟੀਏ ਟੈਸਟ ਕਰਵਾਉਣ ਵਾਲੇ 1196 ਲੋਕਾਂ ਦੇ ਸੀਸੀਟੀਏ ਚਿੱਤਰਾਂ ਦਾ ਵਿਸ਼ਲੇਸ਼ਣ ਕੀਤਾ, ਜਿਸ ਵਿੱਚ ਏਆਈ ਐਲਗੋਰਿਦਮ ਦੀ ਵਰਤੋਂ ਵੀ ਕੀਤੀ ਗਈ ਸੀ। ਇਨ੍ਹਾਂ ਵਿੱਚ ਡਾਕਟਰਾਂ ਨੇ 921 ਲੋਕਾਂ ਦੀਆਂ ਰਿਪੋਰਟਾਂ ਦਾ ਵਿਸ਼ਲੇਸ਼ਣ ਵੀ ਕੀਤਾ ਸੀ। ਐਲਗੋਰਿਦਮ ਸਭ ਤੋਂ ਪਹਿਲਾਂ 3ਡੀ ਇਮੇਜ ਵਿੱਚ ਕੋਰੋਨਰੀ ਆਰਟਰੀ ਦੀ ਰੂਪਰੇਖਾ ਤਿਆਰ ਕਰਦਾ ਹੈ। ਇਸ ਤੋਂ ਬਾਅਦ ਇਸ ਵਿਚ ਮੌਜੂਦ ਖੂਨ ਅਤੇ ਪਲੇਕ ਦੀ ਪਛਾਣ ਕਰਦਾ ਹੈ। ਖੋਜਕਰਤਾਵਾਂ ਨੇ ਪਾਇਆ ਕਿ ਇਸ ਟੂਲ ਨਾਲ ਕੀਤੇ ਗਏ ਮਾਪ ਕੋਰੋਨਰੀ ਸੀਸੀਟੀਏ ਵਿੱਚ ਦੇਖੇ ਗਏ ਪਲੇਕ ਦੀ ਮਾਤਰਾ ਨਾਲ ਮੇਲ ਖਾਂਦੇ ਹਨ। ਇੰਟਰਾਵੈਸਕੁਲਰ ਅਲਟਰਾਸਾਊਂਡ ਅਤੇ ਕੈਥੀਟਰ ਅਧਾਰਤ ਕੋਰੋਨਰੀ ਐਂਜੀਓਗ੍ਰਾਫੀ ਵਰਗੇ ਟੈਸਟਾਂ ਦੇ ਨਤੀਜਿਆਂ ਨਾਲ ਵੀ ਇਸਦੀ ਪੁਸ਼ਟੀ ਕੀਤੀ ਗਈ।
ਕੀ ਨਿੱਕਲਿਆ ਨਤੀਜ਼ਾ : ਖੋਜਕਰਤਾਵਾਂ ਨੇ ਨਤੀਜ਼ਾ ਕੱਢਿਆ ਕਿ AA ਐਲਗੋਰਿਦਮ ਦੀ ਵਰਤੋਂ ਕਰਦੇ ਹੋਏ CCTA ਚਿੱਤਰ ਮੁਲਾਂਕਣ ਨੇ ਪੰਜ ਸਾਲਾਂ ਵਿੱਚ 1,611 ਲੋਕਾਂ ਵਿੱਚ ਦਿਲ ਦੇ ਦੌਰੇ ਦੇ ਜੋਖਮ ਦੀ ਸਹੀ ਭਵਿੱਖਬਾਣੀ ਕੀਤੀ ਹੈ। ਇਹ ਸਾਰੇ ਲੋਕ ਸਕਾਟ-ਹਾਰਟ ਟ੍ਰਾਇਲ ਦਾ ਹਿੱਸਾ ਸਨ। ਦਾਮਿਨੀ ਡੇ ਦਾ ਕਹਿਣਾ ਹੈ ਕਿ ਇਸ ਦਿਸ਼ਾ ਵਿੱਚ ਹੋਰ ਅਧਿਐਨ ਦੀ ਲੋੜ ਹੈ। ਪਰ ਇਹ ਬਹੁਤ ਸੰਭਾਵਨਾ ਹੈ ਕਿ ਅਸੀਂ ਪਲੇਕ ਦੀ ਮਾਤਰਾ ਅਤੇ ਇਸਦੀ ਰਚਨਾ ਦੇ ਆਧਾਰ 'ਤੇ ਜਲਦੀ ਹੀ ਇਹ ਭਵਿੱਖਬਾਣੀ ਕਰਨ ਦੇ ਯੋਗ ਹੋ ਜਾਵਾਂਗੇ ਕਿ ਕਿਸੇ ਵਿਅਕਤੀ ਨੂੰ ਦਿਲ ਦਾ ਦੌਰਾ ਕਿੰਨਾਂ ਜਲਦੀ ਪੈ ਸਕਦਾ ਹੈ ਅਤੇ ਇਸ ਦਾ ਕਿਨਾਂ ਖ਼ਤਰਾ ਹੈ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।