Good Life Partner Tips: ਸਾਡਾ ਸਾਥ ਸਾਡੇ ਜੀਵਨ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ। ਚੰਗੇ ਦੋਸਤਾਂ ਮਿੱਤਰਾਂ, ਰਿਸ਼ਤੇਦਾਰਾਂ ਤੇ ਜੀਵਨ ਸਾਥੀ ਦਾ ਹੋਣਾ ਸਾਡੇ ਵਿਚ ਚੰਗੇ ਗੁਣਾਂ ਦਾ ਵਿਕਾਸ ਕਰਦਾ ਹੈ ਅਤੇ ਮਾੜੇ ਸਾਥ ਨਾਲ ਜ਼ਿੰਦਗੀ ਤਬਾਹ ਵੀ ਹੋ ਜਾਂਦੀ ਹੈ। ਇਸ ਲਈ ਇਹ ਜਾਣਨਾ ਬੜਾ ਜ਼ਰੂਰੀ ਹੈ ਕਿ ਅਸੀਂ ਜਿਸ ਇਨਸਾਨ ਦੇ ਸਾਥ ਵਿਚ ਜਿਉਂ ਰਹੇ ਹਾਂ ਉਹ ਚੰਗਾ ਹੈ ਜਾਂ ਮਾੜਾ। ਆਓ ਅਸੀਂ ਤੁਹਾਨੂੰ ਕੁਝ ਗੱਲਾਂ ਦੱਸਦੇ ਹਾਂ ਜਿਨ੍ਹਾਂ ਨੂੰ ਧਿਆਨ ਵਿਚ ਰੱਖਕੇ ਤੁਸੀਂ ਜਾਣ ਸਕਦੇ ਹੋ ਕਿ ਤੁਹਾਡਾ ਸਾਥੀ ਚੰਗਾ ਤੇ ਜੀਵਨ ਵਿਚ ਮੱਦਦਗਾਰ ਸਾਬਿਤ ਹੋਣ ਵਾਲਾ ਹੈ ਜਾਂ ਨਹੀਂ।
ਸਮੇਂ ਦੀ ਬਰਬਾਦੀ ਨਹੀਂ ਕਰੇਗਾ
ਸਾਨੂੰ ਸਭ ਇਨਸਾਨਾਂ ਨੂੰ ਹਰ ਦਿਨ ਇਕੋ ਜਿਹਾ ਸਮਾਂ ਮਿਲਦਾ ਹੈ, ਇਹ ਸਾਡਾ ਜੀਵਨ ਢੰਗ ਤੇ ਸਾਥ ਤਹਿ ਕਰਦਾ ਹੈ ਕਿ ਅਸੀਂ ਸਮੇਂ ਦੀ ਕਿੰਨੀ ਚੰਗੀ ਵਰਤੋਂ ਕਰਦੇ ਹਾਂ। ਇਕ ਚੰਗਾ ਸਾਥੀ ਤੁਹਾਡੇ ਅਤੇ ਆਪਣੇ ਸਮੇਂ ਦੀ ਕਦੇ ਵੀ ਬਰਬਾਦੀ ਨਹੀਂ ਕਰੇਗਾ। ਉਹ ਤੁਹਾਨੂੰ ਹਰ ਮਿਲਣੀ ਤੇ ਸਮੇਂ ਸਿਰ ਮਿਲੇਗਾ ਤੇ ਕੋਈ ਫਾਲਤੂ ਬਹਾਨੇ ਬਾਜੀਆਂ ਚ ਸਮਾਂ ਖਰਾਬ ਨਹੀਂ ਕਰੇਗਾ। ਤੁਹਾਡੇ ਹਰ ਸੁਨੇਹਾ ਦਾ ਸਮੇਂ ਸਿਰ ਜਵਾਬ ਦੇਵੇਗਾ।
ਸਾਥ ਟੁੱਟਣ ਦਾ ਡਰ ਨਹੀਂ ਹੋਵੇਗਾ
ਇਕ ਚੰਗੇ ਸਾਥ ਦੀ ਇਕ ਪੱਕੀ ਨਿਸ਼ਾਨੀ ਹੈ ਕਿ ਤੁਹਾਨੂੰ ਕਦੇ ਵੀ ਦੋਸਤੀ ਟੁੱਟ ਜਾਣ ਦਾ ਡਰ ਨਹੀਂ ਸਤਾਵੇਗਾ। ਜੇਕਰ ਤੁਸੀਂ ਮਾੜੇ ਸਾਥ ਵਿਚ ਹੋਵੋਂ ਤਾਂ ਤੁਹਾਨੂੰ ਇਹ ਡਰ ਰਹਿੰਦਾ ਹੈ ਕਿ ਕਿਸੇ ਕਾਰਨ ਕਰਕੇ ਦੋਸਤੀ ਟੁੱਟ ਜਾਵੇਗੀ। ਇਸ ਕਾਰਨ ਤੁਸੀਂ ਆਪਣੇ ਆਪ ਨੂੰ ਸੀਮਤ ਕਰਨ ਲੱਗ ਜਾਂਦੇ ਹੋ, ਆਪਣੀਆਂ ਸੰਭਾਵਨਾਵਾਂ ਤੋਂ ਮੂੰਹ ਫੇਰ ਕੇ ਦੋਸਤੀ ਨੂੰ ਬਚਾਉਣ ਦੇ ਬੇਕਾਰ ਆਹਰ ਵਿਚ ਲੱਗ ਜਾਂਦੇ ਹੋ। ਇਹ ਤੁਹਾਡੀ ਜ਼ਿੰਦਗੀ ਨੂੰ ਕੁਰਾਹੇ ਪਾਉਣ ਵਾਂਗ ਹੈ। ਪਰ ਇਕ ਚੰਗੇ ਸਾਥ ਵਿਚ ਅਜਿਹਾ ਕਦੇ ਨਹੀਂ ਹੁੰਦਾ। ਚੰਗਾ ਸਾਥ ਤੁਹਾਨੂੰ ਹਰ ਸਥਿਤੀ ਵਿਚ ਸਮਝਦਾ ਹੈ ਜਿਸ ਕਾਰਨ ਅਜਿਹੀ ਅਸੁਰੱਖਿਆ ਨਹੀਂ ਰਹਿੰਦੀ ਕਿ ਕਦੇ ਤੁਸੀਂ ਵਿੱਛੜ ਜਾਵੋਗੇ।
ਤੁਹਾਡੀ ਕਦਰ ਪਾਵੇਗਾ
ਇਕ ਚੰਗਾ ਜੀਵਨ ਸਾਥੀ ਹਮੇਸ਼ਾਂ ਤੁਹਾਡੀ ਕਦਰ ਕਰੇਗਾ ਅਤੇ ਤੁਹਾਨੂੰ ਤੁਹਾਡੀ ਜ਼ਿੰਦਗੀ ਦੀ ਅਹਿਮੀਅਤ ਬਾਰੇ ਜਾਣੂ ਕਰਵਾਵੇਗਾ। ਤੁਹਾਡੇ ਅਤੀਤ ਵਿਚ ਚਾਹੇ ਕਿੰਨਾ ਵੀ ਕੁਝ ਬੁਰਾ ਵਾਪਰਿਆ ਹੋਵੇ ਪਰ ਉਹ ਤੁਹਾਨੂੰ ਅਹਿਸਾਸ ਕਰਾਏਗਾ ਕਿ ਹੁਣ ਇਕ ਚੰਗੇ ਸਾਥ ਦੇ ਹੁੰਦਿਆਂ ਤੁਹਾਡੀ ਜ਼ਿੰਦਗੀ ਵਿਚ ਚੰਗਾ ਸਮਾਂ ਆਵੇਗਾ।
ਸਿਰਫ਼ ਗੱਲਾਂ ਨਹੀਂ ਬਲਕਿ ਅਸਲ ਮੱਦਦ ਕਰੇਗਾ
ਇਕ ਚੰਗਾ ਸਾਥੀ ਤੁਹਾਡੀਆਂ ਮੁਸ਼ਕਿਲਾਂ ਦਾ ਹੱਲ ਸਿਰਫ਼ ਗੱਲਾਂ ਕਰਕੇ ਨਹੀਂ ਕੱਢਦਾ ਬਲਕਿ ਆਪਣੀ ਕਿਰਿਆਵਾਂ ਰਾਹੀਂ ਤੁਹਾਡੀ ਮੱਦਦ ਕਰਦਾ ਹੈ। ਜੇਕਰ ਤੁਹਾਨੂੰ ਆਪਣੇ ਸਾਥੀ ਉੱਤੇ ਜਰਾ ਜਿੰਨਾ ਵੀ ਕੋਈ ਸ਼ੱਕ ਹੋਵੇ ਤਾਂ ਇਕ ਚੰਗਾ ਸਾਥੀ ਸਿਰਫ਼ ਗੱਲਬਾਤੀਂ ਤੁਹਾਡੀ ਤਸੱਲੀ ਨਹੀਂ ਕਰਵਾਏਗਾ ਬਲਕਿ ਆਪਣੀ ਰੋਜ਼ਾਨਾਂ ਜ਼ਿੰਦਗੀ ਦੇ ਕੰਮਾਂ ਰਾਹੀਂ ਤੁਹਾਨੂੰ ਅਹਿਸਾਸ ਕਰਵਾ ਦੇਵੇਗਾ ਕਿ ਤੁਹਾਡਾ ਸ਼ੱਕ ਗਲਤ ਹੈ।
ਸਹਿਣਸ਼ੀਲ ਹੋਵੇਗਾ
ਸਹਿਣਸ਼ੀਲ ਹੋਣਾ ਇਕ ਚੰਗੇ ਇਨਸਾਨ ਦਾ ਗੁਣ ਹੈ ਅਤੇ ਇਕ ਸਹਿਣਸ਼ੀਲ ਵਿਅਕਤੀ ਹਮੇਸ਼ਾ ਚੰਗਾ ਜੀਵਨ ਸਾਥੀ ਬਣਦਾ ਹੈ। ਅਜਿਹਾ ਇਨਸਾਨ ਤੁਹਾਡੀ ਮਨੋ ਸਥਿਤੀ ਨੂੰ ਸਮਝਦਾ ਹੈ ਅਤੇ ਕਿਸੇ ਵੀ ਕੰਮ ਲਈ ਤੁਹਾਨੂੰ ਫੋਰਸ ਨਹੀਂ ਕਰਦਾ, ਬਲਕਿ ਉਹ ਸਹੀ ਸਮੇਂ ਦਾ ਇੰਤਜ਼ਾਰ ਕਰਦਾ ਹੈ ਤੇ ਤੁਹਾਨੂੰ ਰਜ਼ਾਮੰਦੀ ਦੀ ਉਡੀਕ ਕਰਦਿਆਂ ਆਪਣੀ ਸਹਿਣਸ਼ੀਲਤਾ ਦਾ ਸਬੂਤ ਦਿੰਦਾ ਹੈ। ਇਹੀ ਇਕ ਰਿਸ਼ਤੇ ਨੂੰ ਮਜ਼ਬੂਤ ਕਰਦਾ ਹੈ।
ਇਮਾਨਦਾਰ
ਝੂਠ ਤੇ ਬੇਇਮਾਨੀ ਰਿਸ਼ਤਿਆਂ ਨੂੰ ਖਰਾਬ ਕਰਨ ਵਿਚ ਭੂਮਿਕਾ ਨਿਭਾਉਂਦੇ ਹਨ ਜਦਕਿ ਇਮਾਨਦਾਰੀ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਵਿਚ ਸਹਾਇਤਾ ਕਰਦੀ ਹੈ। ਇਨਸਾਨ ਦਾ ਗਰੀਬ ਹੋਣਾ ਮਾੜਾ ਨਹੀਂ ਹੈ ਬਲਕਿ ਇਮਾਨਦਾਰ ਨਾ ਹੋਣਾ ਮਾੜਾ ਹੈ। ਇਮਾਨਦਾਰ ਸਾਥੀ ਦੇ ਹੁੰਦਿਆਂ ਤੁਸੀਂ ਕਦੇ ਵੀ ਡਰ ਵਿਚ ਨਹੀਂ ਜਿਊਂਦੇ ਕਿ ਉਹ ਤੁਹਾਨੂੰ ਧੋਖਾ ਦੇਵੇਗਾ।
ਹਮੇਸ਼ਾ ਗਲਤ ਸਾਬਿਤ ਨਹੀਂ ਕਰੇਗਾ
ਇਕ ਚੰਗਾ ਸਾਥੀ ਤੁਹਾਡੀ ਗਲਤੀ ਨੂੰ ਸਥਿਤੀ ਦੇ ਅਨੁਸਾਰ ਸਮਝੇਗਾ। ਜਿੱਥੇ ਉਸਦੀ ਗਲਤੀ ਹੋਵੇਗੀ ਤਾਂ ਉਹ ਆਪਣੀ ਗਲਤੀ ਵੀ ਸਵੀਕਾਰੇਗਾ। ਇਹ ਨਹੀਂ ਕਿ ਹਰ ਝਗੜੇ ਦਾ ਇਕ ਮਾਤਰ ਕਾਰਨ ਤੁਹਾਨੂੰ ਹੀ ਸਾਬਤ ਕਰੇਗਾ ਤੇ ਖ਼ੁਦ ਨੂੰ ਸਹੀ ਸਾਬਤ ਕਰਦਾ ਰਹੇਗਾ। ਤੁਹਾਨੂੰ ਸਮਝਦਿਆਂ ਉਹ ਤੁਹਾਨੂੰ ਬਿਨਾਂ ਮੰਗਿਆਂ ਮਾਫੀ ਦੇਵੇਗਾ ਤੇ ਭਵਿੱਖ ਵਿਚ ਅਜਿਹੀ ਗਲਤ ਤੋਂ ਬਚਣ ਲਈ ਪ੍ਰੇਰਣਾ ਦੇਵੇਗਾ।
ਆਪਸੀ ਝਗੜੇ ਸਾਥ ਟੁੱਟਣ ਦਾ ਕਾਰਨ ਨਹੀਂ ਬਣਦੇ
ਸਿਆਣਿਆਂ ਦਾ ਕਹਿਣਾ ਹੈ ਕਿ ਦੋ ਭਾਂਡੇ ਇਕੱਠੇ ਰਹਿੰਦੇ ਹਨ ਤਾਂ ਖੜਕਦੇ ਵੀ ਹਨ। ਇਸੇ ਤਰ੍ਹਾਂ ਜਦ ਦੋ ਇਨਸਾਨ ਇਕੱਠੇ ਰਹਿੰਦੇ ਹਨ ਤਾਂ ਉਹਨਾਂ ਵਿਚ ਝਗੜਾ ਹੋਣਾ ਸੁਭਾਵਿਕ ਹੈ। ਪਰ ਚੰਗੇ ਜੀਵਨ ਸਾਥੀ ਇਸ ਤਰ੍ਹਾਂ ਦੇ ਝਗੜਿਆਂ ਨੂੰ ਹਵਾ ਨਹੀਂ ਦਿੰਦੇ ਬਲਕਿ ਬੀਤੇ ਤੇ ਮਿੱਟੀ ਪਾ ਕੇ ਰਿਸ਼ਤੇ ਨੂੰ ਬਚਾਉਂਦੇ ਹਨ। ਪਰ ਮਾੜਾ ਸਾਥੀ ਛੋਟੇ ਝਗੜਿਆ ਨੂੰ ਵੱਡੇ ਬਣਾਉਂਦਾ ਹੈ ਤੇ ਆਖ਼ਰ ਰਿਸ਼ਤਾ ਤੋੜ ਲੈਂਦਾ ਹੈ।
ਮਾੜੇ ਸਮੇਂ ਸਾਥ ਨਹੀਂ ਛੱਡਦਾ
ਇਕ ਸਾਥੀ ਦੀ ਅਸਲ ਪਰਖ਼ ਸਦਾ ਮਾੜੇ ਸਮੇਂ ਵਿਚ ਹੁੰਦੀ ਹੈ। ਹਰ ਇਨਸਾਨ ਦੀ ਜ਼ਿੰਦਗੀ ਵਿਚ ਅਜਿਹਾ ਸਮਾਂ ਆਉਂਦਾ ਹੈ ਜਦ ਉਸਨੂੰ ਸਾਥ ਦੀ ਆਮ ਨਾਲੋਂ ਵੀ ਵਧੇਰੇ ਲੋੜ ਹੁੰਦੀ ਹੈ। ਕੋਈ ਸਰੀਰਕ ਸੱਟ ਲੱਗਣਾ, ਮਾਨਸਿਕ ਪਰੇਸ਼ਾਨੀ ਹੋਣਾ ਜਾਂ ਆਰਥਿਕ ਘਾਟਾ ਪੈਣਾ ਆਦਿ ਅਜਿਹੀਆਂ ਹੀ ਸਥਿਤੀਆਂ ਹਨ ਜਦ ਸਾਥ ਦੀ ਬਹੁਤ ਲੋੜ ਪੈਂਦੀ ਹੈ। ਚੰਗਾ ਸਾਥੀ ਅਜਿਹੀ ਸਥਿਤੀ ਵਿਚ ਬਿਨਾਂ ਕੁਝ ਜਤਾਇਆਂ ਤੁਹਾਡਾ ਸਾਥ ਦਿੰਦਾ ਹੈ।
ਪਿਆਰ
ਪਿਆਰ ਕਿਸੇ ਵੀ ਚੰਗੇ ਰਿਸ਼ਤੇ ਦਾ ਬੁਨਿਆਦੀ ਆਧਾਰ ਹੁੰਦਾ ਹੈ। ਜੇਕਰ ਰਿਸ਼ਤਾ ਲੋੜ ਜਾਂ ਪੈਸੇ ਦੇ ਕਾਰਨ ਹੋਵੇ ਤਾਂ ਲੋੜ ਪੂਰੀ ਹੋਣ ਤੇ ਜਾਂ ਪੈਸਾ ਨਾ ਹੋਣ ਤੇ ਰਿਸ਼ਤਾ ਟੁੱਟ ਜਾਂਦਾ ਹੈ। ਪਰ ਜਿਸ ਰਿਸ਼ਤੇ ਵਿਚ ਪਿਆਰ ਹੋਵੇ ਉਹ ਹਰ ਚੰਗੇ ਮਾੜੇ ਸਮੇਂ ਵਿਚ ਨਿਭਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: How to strengthen relationship, Live-in relationship, Relationship Tips