• Home
 • »
 • News
 • »
 • lifestyle
 • »
 • LIFE STYLE DELHIS UNIQUE 6 YARD HOUSE 5 MEMBER FAMILY LIVING IN THE HOUSE KS

ਵੇਖੋ, ਦਿੱਲੀ ਦਾ ਅਨੋਖਾ 6 ਗ਼ਜ਼ ਜ਼ਮੀਨ ‘ਤੇ ਬਣਿਆ ਘਰ, ਮਕਾਨ ‘ਚ ਰਹਿੰਦੈ 5 ਮੈਂਬਰੀ ਪਰਿਵਾਰ

 • Share this:
  Ravishankar Singh

  ਨਵੀਂ ਦਿੱਲੀ: ਦਿੱਲੀ ਦਾ ਸਭ ਤੋਂ ਛੋਟਾ ਘਰ, ਜਿਸ ਨੂੰ ਇੱਕ ਅਜੂਬੇ ਦੇ ਰੂਪ ਵਿਚ ਵੀ ਜਾਣਿਆ ਜਾਂਦਾ ਹੈ। ਜੀ ਹਾਂ! ਬੁਰਾੜੀ ‘ਚ ਸਿਰਫ਼ 6 ਗ਼ਜ਼ ਜ਼ਮੀਨ ‘ਤੇ ਬਣਿਆ ਇਹ ਮਕਾਨ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਲੈਂਦਾ ਹੈ। ਇਹੀ ਨਹੀਂ ਝਰੋਦਾ ਵਾਰਡ ਦੇ ਗਲੀ ਨੰਬਰ 65 ਕੋਲ ਬਣੇ ਇਸ ਮਕਾਨ ਨੂੰ ਦੂਰ-ਦੂਰ ਤੋਂ ਲੋਕ ਦੇਖਣ ਆਉਂਦੇ ਹਨ। ਬੇਸ਼ੱਕ ਇਹ ਮਕਾਨ ਮਹਿਜ਼ 6 ਗ਼ਜ਼ ਜ਼ਮੀਨ ‘ਤੇ ਬਣਿਆ ਹੈ, ਪਰ ਇਸ ਨੂੰ ਦੇਖ ਕੇ ਵੱਡੇ-ਵੱਡੇ ਮਿਸਤਰੀ ਤੇ ਆਰਕੀਟੈਕਟ ਦੇ ਹੋਸ਼ ਉੱਡ ਜਾਂਦੇ ਹਨ। ਇਸ ਮਕਾਨ ਨੂੰ ਜੋ ਵੀ ਕੋਈ ਦੇਖਦਾ ਹੈ, ਬੱਸ ਹੈਰਾਨ ਪਰੇਸ਼ਾਨ ਹੋ ਕੇ ਇਹੀ ਸੋਚਦਾ ਹੈ ਕਿ ਆiਖ਼ਰ ਇੰਨੀ ਛੋਟੀ ਜਗ੍ਹਾ ‘ਚ ਤਿੰਨ ਮੰਜ਼ਿਲਾ ਮਕਾਨ ਬਣ ਕਿਵੇਂ ਗਿਆ। ਇੱਕ ਪਾਸੇ ਜਿੱਥੇ ਤੰਗ ਗਲੀਆਂ ਤੋਂ ਲੰਘਦੇ ਹੋਏ ਲੋਕ ਪਰੇਸ਼ਾਨ ਹੋ ਜਾਂਦੇ ਹਨ, ਉੱਥੇ ਇੰਨੀਂ ਤੰਗ ਜਗ੍ਹਾ ‘ਚ ਇੱਕ ਮਕਾਨ ਹੈ, ਜਿਸ ਵਿੱਚ ਪਿਛਲੇ ਕਾਫ਼ੀ ਸਾਲਾਂ ਤੋਂ ਇੱਕ ਪਰਿਵਾਰ ਖ਼ੁਸ਼ੀ ਖ਼ੁਸ਼ੀ ਆਪਣੀ ਜ਼ਿੰਦਗੀ ਜੀ ਰਿਹਾ ਹੈ।

  ਇਸ ਮਕਾਨ ਦੇ ਮਾਲਿਕ ਪਵਨ ਕੁਮਾਰ ਉਰਫ਼ ਸੋਨੂੰ ਨੇ ਨਿਊਜ਼18 ਨਾਲ ਗੱਲਬਾਤ ਦੌਰਾਨ ਦੱਸਿਆ ਕਿ, ਉਸ ਨੇ ਇਹ ਮਕਾਨ 4 ਸਾਲ ਪਹਿਲਾਂ ਅਰੁਨ ਕੁਮਾਰ ਨਾਂਅ ਦੇ ਇੱਕ ਸ਼ਖ਼ਸ ਤੋਂ ਖ਼ਰੀਦਿਆ ਸੀ। ਅਰੁਨ ਪੇਸ਼ੇ ਤੋਂ ਇੱਕ ਮਿਸਤਰੀ ਹੈ ਤੇ ਮੂਲ ਤੌਰ ‘ਤੇ ਬਿਹਾਰ ਦਾ ਰਹਿਣ ਵਾਲਾ ਹੈ। ਅਰੁਨ ਨੇ ਹੀ ਇਸ ਮਕਾਨ ਨੂੰ ਬਣਾਇਆ, ਪਰ 4 ਚਾਰ ਸਾਲ ਪਹਿਲਾਂ ਉਹ ਇਸ ਮਕਾਨ ਨੂੰ ਵੇਚ ਕੇ ਬਿਹਾਰ ਚਲਾ ਗਿਆ। ਇਸ ਦੇ ਨਾਲ ਹੀ ਸੋਨੂੰ ਨੇ ਦੱਸਿਆ ਕਿ ਫ਼ਿਲਹਾਲ ਇਹ ਮਕਾਨ ਉਨ੍ਹਾਂ ਨੇ ਯੂ.ਪੀ. ਦੇ ਇੱਕ ਪਰਿਵਾਰ ਨੂੰ ਕਿਰਾਏ ‘ਤੇ ਦਿੱਤਾ ਹੋਇਆ ਹੈ, ਤੇ ਬੀਤੇ 3 ਸਾਲਾਂ ਤੋਂ ਪੰਜ ਮੈਂਬਰਾਂ ਦਾ ਪਰਿਵਾਰ ਇਸ ਮਕਾਨ ‘ਚ ਰਹਿ ਰਿਹਾ ਹੈ। ਕੋਰੋਨਾ ਮਹਾਮਾਰੀ ਦੇ ਕਾਲ ਵਿੱਚ ਵੀ ਇਹ ਪਰਿਵਾਰ ਇਸੇ ਮਕਾਨ ‘ਚ ਰਿਹਾ ਤੇ ਨਾਲ ਹੀ ਸਮਾਜਿਕ ਦੂਰੀ ਦੇ ਨਿਯਮ ਦੀ ਪੂਰੀ ਤਰ੍ਹਾਂ ਪਾਲਣਾ ਵੀ ਕੀਤੀ। ਦਿੱਲੀ ਨਗਰ ਨਿਗਮ ਵੱਲੋਂ ਇਸ ਮਕਾਨ ਨੂੰ ਢਾਹੇ ਜਾਣ ਦੇ ਸਵਾਲ ‘ਤੇ ਸੋਨੂੰ ਨੇ ਕਿਹਾ ਕਿ, ਮਕਾਨ ਢਾਹੁਣ ਦੀ ਖ਼ਬਰ ਸੱਚੀ ਨਹੀਂ ਹੈ, ਮਕਾਨ ਅੱਜ ਵੀ ਸੁਰੱਖਿਅਤ ਆਪਣੀ ਜਗ੍ਹਾ ‘ਤੇ ਖੜਾ ਹੈ।

  ਇਸ ਅਨੋਖੇ ਮਕਾਨ ਦੀ ਬਣਤਰ ਬਾਰੇ ਗੱਲ ਕਰੀਏ ਤਾਂ ਇਹ ਤਿੰਨ ਮੰਜ਼ਿਲਾ ਮਕਾਨ ਹੈ, ਜਿਸ ਦੇ ਜ਼ਮੀਨੀ ਮੰਜ਼ਿਲ (ਗਰਾਊਂਡ ਫ਼ਲੋਰ) ‘ਤੇ ਪਹਿਲੀ ਮੰਜ਼ਿਲ ‘ਤੇ ਜਾਣ ਦਾ ਰਸਤਾ ਹੈ ਤੇ ਨਾਲ ਹੀ ਇਕ ਬਾਥਰੂਮ ਹੈ। ਜੇ ਤੁਸੀਂ ਪਹਿਲੀ ਮੰਜ਼ਿਲ ‘ਤੇ ਜਾਂਦੇ ਹੋ ਤਾਂ ਇੱਥੇ ਇੱਕ ਕਮਰਾ ਤੇ ਕਮਰੇ ਦੇ ਨਾਲ ਇੱਕ ਬਾਥਰੂਮ ਵੀ ਨਜ਼ਰ ਆਵੇਗਾ। ਕਮਰੇ ਤੋਂ ਹੀ ਦੂਜੀ ਮੰਜ਼ਿਲ 'ਤੇ ਜਾਣ ਦਾ ਰਸਤਾ ਬਣਾਇਆ ਗਿਆ ਹੈ। ਪਹਿਲੀ ਮੰਜ਼ਿਲ 'ਤੇ ਪੁੱਜਦੇ ਹੀ ਤੁਹਾਨੂੰ ਇੱਕ ਬੈੱਡ ਦਿਖਾਈ ਦਿੰਦਾ ਹੈ, ਜਿਸ ਨੂੰ ਮਕਾਨ ਮਾਲਕ ਨੇ ਕਮਰੇ ਦੇ ਅੰਦਰ ਹੀ ਬਣਵਾਇਆ ਸੀ। ਇਸ ਤੋਂ ਬਾਅਦ ਜਦੋਂ ਤੁਸੀਂ ਦੂਜੀ ਮੰਜ਼ਿਲ ‘ਤੇ ਪੁੱਜਦੇ ਹੋ ਤਾਂ ਤੁਹਾਨੂੰ ਪੂਜਾ ਘਰ ਤੇ ਰਸੋਈ ਘਰ ਸਾਹਮਣੇ ਨਜ਼ਰ ਆਉਣਗੇ।

  ਇਸ ਮਕਾਨ ‘ਚ ਰਹਿਣ ਵਾਲੇ ਕਿਰਾਏਦਾਰਾਂ ਨੇ ਨਿਊਜ਼18 ਨਾਲ ਗੱਲਬਾਤ ਦੌਰਾਨ ਦੱਸਿਆ ਕਿ, ਕੋਰੋਨਾ ਕਾਲ ਦੌਰਾਨ ਉਨ੍ਹਾਂ ਨੇ ਸਰਕਾਰ ਵੱਲੋਂ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਪਾਲਣਾ ਕੀਤੀ। 6 ਗ਼ਜ਼ ਦੇ ਮਕਾਨ ‘ਚ ਰਹਿ ਕੇ ਵੀ ਇਹ ਪਰਿਵਾਰ ਕੋਰੋਨਾ ਵਾਇਰਸ ਦੀਆਂ ਦੋਵੇਂ ਲਹਿਰਾਂ ਤੋਂ ਬਚਣ ਵਿੱਚ ਕਾਮਯਾਬ ਰਿਹਾ। ਦੱਸ ਦਈਏ ਕਿ ਇਸ ਮਕਾਨ ‘ਚ ਪਿਛਲੇ 4 ਸਾਲਾਂ ਤੋਂ ਪਿੰਕੀ ਤੇ ਉਸ ਦਾ ਪਤੀ ਆਪਣੇ ਬੱਚਿਆਂ ਨਾਲ ਰਹਿ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਸਾਲ ਕੋਰੋਨਾ ਦੇ ਦੌਰ ‘ਚ ਸੰਜੇ ਦੀ ਨੌਕਰੀ ਚਲੀ ਗਈ ਸੀ, ਫ਼ਿਰ ਵੀ ਉਹ ਇਸ ਮਕਾਨ ਨੂੰ ਛੱਡ ਕੇ ਵਾਪਿਸ ਨਹੀਂ ਗਏ।

  ਇਸ ਦੇ ਨਾਲ ਹੀ ਪਿੰਕੀ ਨੇ ਦੱਸਿਆ ਕਿ ਕੋਰੋਨਾ ਕਾਲ ਦੇ ਦੌਰਾਨ ਉਨ੍ਹਾਂ ਨੇ ਆਪਣੇ ਬੱਚਿਆਂ ਦਾ ਬਾਹਰ ਨਿਕਲਣਾ ਬਿਲਕੁਲ ਬੰਦ ਕਰ ਦਿੱਤਾ ਸੀ, ਇਹੀ ਕਾਰਨ ਹੈ ਕਿ ਉਨ੍ਹਾਂ ਦਾ ਪਰਿਵਾਰ ਇਸ ਮਹਾਂਮਾਰੀ ਤੋਂ ਸੁਰੱਖਿਅਤ ਰਿਹਾ। ਪਿੰਕੀ ਨੇ ਦੱਸਿਆ ਕਿ ਘਰ ਵਿੱਚ ਇੱਕੋ ਕਮਰਾ ਹੈ, ਤੇ ਉਨ੍ਹਾਂ ਦੇ ਪਰਿਵਾਰ ਨੇ ਪੂਰਾ ਲੌਕਡਾਊਨ ਉਸੇ ਇੱਕ ਕਮਰੇ ‘ਚ ਬਿਤਾਇਆ, ਇਹੀ ਨਹੀਂ ਉਸੇ ਕਮਰੇ ‘ਚ ਬੈਠ ਕੇ ਬੱਚਿਆਂ ਦੀ ਆਨਲਾਈਨ ਕਲਾਸ ਵੀ ਲਈ। ਜਦੋਂ ਕਲਾਸ ਖ਼ਤਮ ਹੁੰਦੀ ਸੀ ਤਾਂ ਪੂਰਾ ਪਰਿਵਾਰ ਇਕੱਠੇ ਬੈਠ ਕੇ ਟੀਵੀ ਦੇਖਦਾ ਸੀ।

  ਜ਼ਿਕਰਯੋਗ ਹੈ ਕਿ 6 ਗ਼ਜ਼ ਦਾ ਇਹ ਮਕਾਨ ਪਿਛਲੇ ਕਈ ਸਾਲਾਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹਰ ਕੋਈ ਇਹੀ ਸੋਚਦਾ ਹੈ ਕਿ ਆiਖ਼ਰ ਇੰਨੇ ਛੋਟੇ ਮਕਾਨ ‘ਚ ਕੋਈ ਕਿਵੇਂ ਰਹਿ ਸਕਦਾ ਹੈ? ਪਰ ਇੱਥੇ ਰਹਿਣ ਵਾਲੇ ਲੋਕਾਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਮਕਾਨ ਇੱਟਾਂ ਪੱਥਰਾਂ ਨਾਲ ਘਰ ਨਹੀਂ ਬਣਦਾ, ਬਲਕਿ ਪਿਆਰ ਨਾਲ ਬਣਦਾ ਹੈ। ਸ਼ਾਇਦ ਇਸੇ ਕਰਕੇ ਇਸ ਛੋਟੇ ਜਿਹੇ ਮਕਾਨ ‘ਚ 5 ਮੈਂਬਰਾਂ ਦਾ ਪਰਿਵਾਰ 4 ਚਾਰ ਸਾਲਾਂ ਤੋਂ ਰਹਿ ਰਿਹਾ ਹੈ।
  Published by:Krishan Sharma
  First published: