Ganesha Jayanti 2021: ਗਣੇਸ਼ ਪੂਜਾ ਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ, ਇਸ ਤਰੀਕੇ ਨਾਲ ਕਰੋ ਗਣੇਸ਼ ਪੂਜਾ

 • Share this:
  ਭਗਵਾਨ ਸ਼੍ਰੀ ਗਣੇਸ਼ ਦੇ ਅਵਤਾਰ ਦਿਵਸ ਨੂੰ ਗਣੇਸ਼ ਜਯੰਤੀ (Ganesha Jayanti) ਵਜੋਂ ਮਨਾਇਆ ਜਾਂਦਾ ਹੈ। ਹਿੰਦੂ ਪੰਚਾਂਗ ਅਨੁਸਾਰ, ਗਣੇਸ਼ ਜਯੰਤੀ ਮਾਘ ਮਹੀਨੇ ਦੇ ਸ਼ੁਕਲ ਪੱਖ ਦੀ ਚਤੁਰਥੀ (ਚੌਥੀ ਤਿਥੀ) ਨੂੰ ਮਨਾਈ ਜਾਂਦੀ ਹੈ। ਅੱਜ ਗਣੇਸ਼ ਜਯੰਤੀ ਹੈ ਅਤੇ ਅੱਜ ਦੇ ਦਿਨ ਗਣਪਤੀ ਬੱਪਾ (Lord Ganesha) ਦੀ ਪੂਜਾ ਦਾ ਬਹੁਤ ਮਹੱਤਵ ਹੈ। ਅੱਜ ਦੇ ਦਿਨ ਗਣੇਸ਼ ਭਗਵਾਨ ਦੀ ਪੂਜਾ ਕਰਨ ਨਾਲ, ਸਾਰਾ ਸਾਲ ਉਨ੍ਹਾਂ ਦਾ ਆਸ਼ੀਰਵਾਦ ਸਾਡੇ 'ਤੇ ਬਣਿਆ ਰਹਿੰਦਾ ਹੈ। ਗਣੇਸ਼ ਜਯੰਤੀ ਨੂੰ ਮਾਘ ਸ਼ੁਕਲ ਚਤੁਰਥੀ, ਤਿਲਕੁੰਡ ਚਤੁਰਥੀ ਅਤੇ ਵਰਦ ਚਤੁਰਥੀ ਵੀ ਕਿਹਾ ਜਾਂਦਾ ਹੈ। ਇਸ ਵਰਤ (Fasting) ਦਾ ਹਿੰਦੂ ਧਰਮ ਵਿੱਚ ਬਹੁਤ ਮਹੱਤਵ ਹੈ। ਮਾਘ ਮਹੀਨੇ ਦੀ ਗਣੇਸ਼ ਜਯੰਤੀ ਦੇ ਦਿਨ ਵਰਤ ਕਰਨ ਨਾਲ, ਭਗਵਾਨ ਗਣੇਸ਼ ਸ਼ਰਧਾਲੂਆਂ ਦੀਆਂ ਸਾਰੀਆਂ ਮੁਸੀਬਤਾਂ ਨੂੰ ਦੂਰ ਕਰਦੇ ਹਨ ਅਤੇ ਉਨ੍ਹਾਂ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰਦੇ ਹਨ।

  ਦੱਖਣੀ ਭਾਰਤੀ (South India) ਮਾਨਤਾ ਅਨੁਸਾਰ ਇਹ ਦਿਨ ਸ਼੍ਰੀ ਗਣੇਸ਼ ਦਾ ਜਨਮਦਿਨ ਹੈ। ਇਸ ਤਾਰੀਖ ਨੂੰ ਕੀਤੀ ਗਣੇਸ਼ ਪੂਜਾ ਬਹੁਤ ਹੀ ਲਾਭਕਾਰੀ ਹੁੰਦੀ ਹੈ। ਅਗਨੀਪੁਰਾਣ ਵਿੱਚ ਵੀ ਚੰਗੀ ਕਿਸਮਤ ਅਤੇ ਮੁਕਤੀ ਦੀ ਪ੍ਰਾਪਤੀ ਲਈ ਤਿਲਕੁੰਡ ਚਤੁਰਥੀ ਦੇ ਵਰਤ ਦਾ ਵਿਧਾਨ ਦੱਸਿਆ ਗਿਆ ਹੈ। ਗਣਪਤੀ ਬੱਪਾ ਸਾਰੇ ਦੇਵਤਿਆਂ ਵਿੱਚੋਂ ਸਭ ਤੋਂ ਪਹਿਲਾਂ ਪੂਜੇ ਜਾਂਦੇ ਹਨ। ਹਰ ਪੂਜਾ ਤੋਂ ਪਹਿਲਾਂ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ, ਤਾਂ ਹੀ ਉਹ ਪੂਜਾ ਪੂਰੀ ਮੰਨੀ ਜਾਂਦੀ ਹੈ। ਪਰ ਗਣਪਤੀ ਬੱਪਾ ਦੀ ਪੂਜਾ ਵਿਚ ਕੁੱਝ ਚੀਜ਼ਾਂ 'ਤੇ ਖਾਸ ਧਿਆਨ ਦੇਣਾ ਜ਼ਰੂਰੀ ਹੈ। ਆਓ ਜਾਣਦੇ ਹਾਂ ਭਗਵਾਨ ਗਣੇਸ਼ ਜੀ ਦੀ ਪੂਜਾ ਵਿੱਚ ਕਿਹੜੀਆਂ ਚੀਜ਼ਾਂ/ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ..

  ਭਗਵਾਨ ਗਣੇਸ਼ ਨੂੰ ਜ਼ਰੂਰ ਅਰਪਿਤ ਕਰੋ ਦੁਰਵਾ/ਦੂਬ

  ਗਣਪਤੀ ਬੱਪਾ ਨੂੰ ਦੁਰਵਾ (ਦੂਬ ਘਾਹ) ਬਹੁਤ ਪਸੰਦ ਹੈ। ਇਸ ਲਈ ਗਣੇਸ਼ ਜੀ ਦੀ ਪੂਜਾ ਕਰਨ ਵੇਲੇ ਉਨ੍ਹਾਂ ਨੂੰ ਦੁਰਵਾ ਜ਼ਰੂਰ ਅਰਪਿਤ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਸ਼ਰਧਾਲੂਆਂ ਨੂੰ ਭਗਵਾਨ ਗਣੇਸ਼ ਦਾ ਅਸ਼ੀਰਵਾਦ ਪ੍ਰਾਪਤ ਹੁੰਦਾ ਹੈ।

  ਗਣੇਸ਼ ਜੀ ਨੂੰ ਪਸੰਦ ਹਨ ਮੋਦਕ

  ਗਣੇਸ਼ ਜੀ ਨੂੰ ਮੋਦਕ ਦਾ ਭੋਗ ਜ਼ਰੂਰ ਲਗਾਉਣਾ ਚਾਹੀਦਾ ਹੈ। ਮੋਦਕ ਗਣੇਸ਼ ਜੀ ਨੂੰ ਬਹੁਤ ਪਿਆਰੇ ਹਨ। ਇਸ ਲਈ ਗਣੇਸ਼ ਜਯੰਤੀ 'ਤੇ ਗਣਪਤੀ ਬੱਪਾ ਦੀ ਪੂਜਾ ਵਿੱਚ ਮੋਦਕ ਜ਼ਰੂਰ ਸ਼ਾਮਿਲ ਕਰੋ।

  ਬੱਪਾ ਨੂੰ ਲਾਲ ਫੁੱਲ ਭੇਂਟ ਕਰੋ

  ਭਗਵਾਨ ਗਣੇਸ਼ ਨੂੰ ਲਾਲ ਫੁੱਲ ਭੇਂਟ ਕਰਨੇ ਚਾਹੀਦੇ ਹਨ। ਜੇ ਲਾਲ ਫੁੱਲ ਚੜ੍ਹਾਉਣਾ ਸੰਭਵ ਨਹੀਂ ਹੈ, ਤਾਂ ਤੁਸੀਂ ਇਕ ਹੋਰ ਫੁੱਲ ਵੀ ਅਰਪਿਤ ਕਰ ਸਕਦੇ ਹੋ। ਬੱਸ ਇਹ ਯਾਦ ਰੱਖੋ ਕਿ ਭਗਵਾਨ ਗਣੇਸ਼ ਦੀ ਪੂਜਾ ਵਿੱਚ ਤੁਲਸੀ ਨਹੀਂ ਵਰਤੀ ਜਾਂਦੀ।

  ਗਣੇਸ਼ ਜੀ ਨੂੰ ਪਸੰਦ ਹੈ ਲਾਲ ਸਿੰਦੂਰ

  ਗਣਪਤੀ ਬੱਪਾ ਨੂੰ ਲਾਲ ਰੰਗ ਦਾ ਸਿੰਦੂਰ ਬਹੁਤ ਪਸੰਦ ਹੈ। ਭਗਵਾਨ ਗਣੇਸ਼ ਨੂੰ ਇਸ਼ਨਾਨ ਕਰਵਾਉਣ ਤੋਂ ਬਾਅਦ, ਉਨ੍ਹਾਂ ਨੂੰ ਲਾਲ ਸਿੰਦੂਰ ਲਗਾਉਣਾ ਚਾਹੀਦਾ ਹੈ। ਉਸਤੋਂ ਬਾਅਦ, ਆਪਣੇ ਮੱਥੇ 'ਤੇ ਵੀ ਲਾਲ ਸਿੰਦੂਰ ਨਾਲ ਤਿਲਕ ਲਗਾਓ। ਭਗਵਾਨ ਗਣੇਸ਼ ਦੇ ਆਸ਼ੀਰਵਾਦ ਨਾਲ ਤੁਹਾਨੂੰ ਹਰ ਖੇਤਰ ਵਿੱਚ ਸਫਲਤਾ ਮਿਲੇਗੀ।

  ਇਸ ਮੰਤਰ ਦਾ ਜਾਪ ਕਰੋ

  ਭਗਵਾਨ ਗਣੇਸ਼ ਆਰਥਿਕ ਖੇਤਰ ਵਿੱਚ ਆਉਣ ਵਾਲੀਆਂ ਮੁਸੀਬਤਾਂ ਅਤੇ ਪਰੇਸ਼ਾਨੀਆਂ ਤੋਂ ਬਚਾਉਂਦੇ ਹਨ। ਗਣੇਸ਼ ਜੀ ਨੂੰ ਸਿੰਦੂਰ ਚੜ੍ਹਾਉਂਦੇ ਸਮੇਂ ਇਸ ਮੰਤਰ ਦਾ ਜਾਪ ਕਰੋ- 'ਸਿੰਦੁਰਮ ਸ਼ੋਭਨਮ ਰਕਤਮ ਸੌਭਾਗਿਅਮ ਸੁਖਵਰਧਨਮ। ਸ਼ੁਭਦਮ ਕਾਮਦਮ ਚੈਵ ਸਿੰਦੂਰਮ ਪ੍ਰਤਿਗ੍ਰਹਿਯਤਮ। ਓਮ ਗਨ ਗਣਪਤਯੇ ਨਮ:। (सिन्दूरं शोभनं रक्तं सौभाग्यं सुखवर्धनम. शुभदं कामदं चैव सिन्दूरं प्रतिगृह्यताम॥ ऊँ गं गणपतये नम:.)

  (Disclaimer - ਇਸ ਲੇਖ ਵਿੱਚ ਦਿੱਤੀ ਗਈ ਜਾਣਕਾਰੀ ਅਤੇ ਸੂਚਨਾ, ਪ੍ਰਾਪਤ/ਆਮ ਜਾਣਕਾਰੀ 'ਤੇ ਆਧਾਰਿਤ ਹੈ। News18 Punjabi ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ 'ਤੇ ਅਮਲ ਕਰਨ ਤੋਂ ਪਹਿਲਾਂ ਸੰਬੰਧਿਤ ਮਾਹਿਰ ਨਾਲ ਸੰਪਰਕ ਕਰੋ।)
  Published by:Anuradha Shukla
  First published: