Khajla sweets: ਹਰ ਸ਼ਹਿਰ ਦੀ ਮਠਿਆਈ ਉਸ ਸ਼ਹਿਰ ਦੀ ਖਾਸ ਪਛਾਣ ਹੁੰਦੀ ਹੈ। ਪੰਜਾਬ ਵਿੱਚ ਵੈਸੇ ਤਾਂ ਹਰ ਕਿਸਮ ਦੀ ਮਠਿਆਈ ਮਿਲਦੀ ਹੈ ਪਰ ਇੱਥੇ ਖਾਸ ਤੌਰ ਉੱਤੇ ਪਿੰਡਾ ਦੇ ਮਿਲਿਆਂ ਵਿੱਚ ਵੱਡੇ-ਵੱਡੇ ਜਲੇਬ ਖਾਣ ਨੂੰ ਮਿਲਦੇ ਹਨ। ਇਹ ਜਲੇਬੀ ਦਾ ਹੀ ਵੱਡਾ ਰੂਪ ਹੁੰਦਾ ਹੈ, ਜਿਸ ਨੂੰ ਲੋਕ ਆਮ ਤੌਰ ਉੱਤੇ ਜਲੇਬ ਕਹਿ ਦਿੰਦੇ ਹਨ। ਖੈਰ ਇਹ ਤਾਂ ਹੋ ਗਈ ਪੰਜਾਬ ਦੀ ਗੱਲ ਪਰ ਅੱਜ ਜਿਸ ਮਠਿਆਈ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਉਹ ਮੱਧ ਪ੍ਰਦੇਸ਼ ਦੀਆਂ ਮਸ਼ਹੂਰ ਮਠਿਆਈਆਂ ਵਿੱਚੋਂ ਇੱਕ ਹੈ। ਅਸੀਂ ਗੱਲ ਕਰ ਰਹੇ ਹਾਂ ਖਜਲਾ ਦੀ। ਖਜਲਾ ਬਾਹਰੋਂ ਕੁਰਕੁਰੀ ਤੇ ਅੰਦਰੋਂ ਨਰਮ ਤੇ ਮਿੱਠੀ ਹੁੰਦੀ ਹੈ। ਮੱਧ ਪ੍ਰਦੇਸ਼ ਦੇ ਗਵਾਲੀਅਰ ਵਪਾਰ ਮੇਲੇ ਵਿੱਚ ਲੱਗਣ ਵਾਲੇ ਖਜਲਾ ਮਿਠਾਈ ਦੇ ਸਟਾਲ ਦਾ ਲੋਕ ਸਾਰਾ ਸਾਲ ਬੇਸਬਰੀ ਨਾਲ ਉਡੀਕ ਕਰਦੇ ਹਨ। ਇਸ ਮਿਠਾਈ ਦੇ ਸੁਆਦ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਲੋਕ ਮੇਲੇ 'ਚ ਲੱਗੀਆਂ ਦੁਕਾਨਾਂ 'ਤੇ ਬੈਠ ਕੇ ਨਾ ਸਿਰਫ਼ ਇਸ ਨੂੰ ਖਾਂਦੇ ਹਨ, ਸਗੋਂ ਇਸ ਨੂੰ ਪੈਕ ਕਰਵਾ ਕੇ ਆਪਣੇ ਨਾਲ ਵੀ ਲਿਜਾਂਦੇ ਹਨ।
25 ਸਾਲ ਤੋਂ ਮੇਲੇ 'ਚ ਸਟਾਲ ਲਗਾ ਰਹੇ ਹਨ ਰਾਕੇਸ਼ ਸੀਕਰਵਾਰ
ਇਸ ਵਪਾਰ ਮੇਲੇ ਵਿੱਚ ਖਜਲਾ ਮਿਠਾਈ ਦਾ ਸਟਾਲ ਲਗਾਉਣ ਵਾਲੇ ਸੰਚਾਲਕ ਰਾਕੇਸ਼ ਸੀਕਰਵਾਰ ਨੇ ਦੱਸਿਆ ਕਿ ਖਜਲਾ ਇਕ ਖਾਸ ਕਿਸਮ ਦੀ ਮਿਠਾਈ ਹੈ ਜੋ ਆਟੇ ਅਤੇ ਚੀਨੀ ਦੀ ਚਾਸ਼ਨੀ ਤੋਂ ਇਲਾਵਾ ਹੋਰ ਚੀਜ਼ਾਂ ਤੋਂ ਤਿਆਰ ਕੀਤੀ ਜਾਂਦੀ ਹੈ। ਲੋਕ ਇਸ ਨੂੰ ਬਹੁਤ ਪਸੰਦ ਕਰਦੇ ਹਨ। ਉਸ ਨੇ ਦੱਸਿਆ ਕਿ ਉਹ ਪਿਛਲੇ ਕਰੀਬ 25 ਸਾਲਾਂ ਤੋਂ ਗਵਾਲੀਅਰ ਦੇ ਵਪਾਰ ਮੇਲੇ ਵਿੱਚ ਖਜਲੇ ਦੀ ਦੁਕਾਨ ਲਗਾ ਰਿਹਾ ਹੈ। ਪਹਿਲਾਂ ਉਸ ਦੇ ਪਿਤਾ ਇੱਥੇ ਦੁਕਾਨ ਚਲਾਉਂਦੇ ਸਨ। ਰਾਕੇਸ਼ ਨੇ ਦੱਸਿਆ ਕਿ ਉਸ ਨੇ ਇਸ ਮਿਠਾਈ ਬਾਰੇ ਆਪਣੇ ਪੁਰਖਿਆਂ ਤੋਂ ਸੁਣਿਆ ਸੀ। ਇਸ ਨੂੰ ਮੇਰਠ, ਉੱਤਰ ਪ੍ਰਦੇਸ਼ ਦੇ ਕਾਰੀਗਰ ਕਰੀਬ 100 ਸਾਲ ਪਹਿਲਾਂ ਤੋਂ ਬਣਾਉਂਦੇ ਆ ਰਹੇ ਹਨ। ਵਰਤਮਾਨ ਵਿੱਚ ਇਹ ਮਿਠਾਈ ਆਗਰਾ, ਇਟਾਵਾ ਤੇ ਹੋਰ ਪੱਛਮੀ ਖੇਤਰਾਂ ਵਿੱਚ ਤਿਆਰ ਕੀਤੀ ਜਾਂਦੀ ਹੈ।
ਇਸ ਤਰ੍ਹਾਂ ਪਿਆ ਨਾਂਅ
ਇਸ ਮਿਠਾਈ ਦੇ ਨਾਂ ਨੂੰ ਲੈ ਕੇ ਇੱਕ ਮਾਨਤਾ ਇਹ ਵੀ ਹੈ ਕਿ ਇਸ ਮਠਿਆਈ ਨੂੰ ਪਹਿਲਾਂ ਖਾਜਾ ਕਿਹਾ ਜਾਂਦਾ ਸੀ। ਲੋਕ ਮਿਠਾਈ ਲੈ ਕੇ ਖਾਂਦੇ ਸਨ ਤੇ ਪੈਸੇ ਦੇਣ ਵੇਲੇ ਮਜ਼ਾਕ ਵਿੱਚ ਕਹਿੰਦੇ ਸਨ ਕਿ ਅਸੀਂ ਪੈਸੇ ਕਿਸ ਗੱਲ ਦੇ ਦਈਏ, ਤੁਸੀਂ ਕਿਹਾ ਸੀ ਕਿ ਲਓ ਖਾਜਾ, ਤੇ ਅਸੀਂ ਖਾ ਗਏ। ਖੈਰ ਫਿਰ ਇਸ ਦਾ ਨਾਂ ਬਦਲ ਤੇ ਖਜਲਾ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਅੱਜ ਵੀ ਪੇਂਡੂ ਖੇਤਰਾਂ ਵਿੱਚ ਇਸ ਨੂੰ ਖਾਜਾ ਕਿਹਾ ਜਾਂਦਾ ਹੈ।
ਕਿਵੇਂ ਹੁੰਦੀ ਹੈ ਤਿਆਰ ਮਠਿਆਈ
ਰਾਕੇਸ਼ ਸੀਕਰਵਾਰ ਨੇ ਦੱਸਿਆ ਕਿ ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਪੰਜ ਕਿਸਮ ਦੇ ਖਜਲੇ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਗਏ ਹਨ। ਲੋਕ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ। ਖਾਜਾ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਦੁੱਧ ਅਤੇ ਤੇਲ ਨਾਲ ਆਟਾ ਗੁੰਨ੍ਹਿਆ ਜਾਂਦਾ ਹੈ। ਇਸ ਤੋਂ ਬਾਅਦ ਇਸ ਦਾ ਆਟਾ ਤਿਆਰ ਕੀਤਾ ਜਾਂਦਾ ਹੈ, ਫਿਰ ਇਸਨੂੰ ਬਨਸਪਤੀ ਤੇਲ ਵਿੱਚ ਘੱਟ ਅੱਗ 'ਤੇ ਲੰਬੇ ਸਮੇਂ ਤੱਕ ਪਕਾਇਆ ਜਾਂਦਾ ਹੈ। ਇਸ ਦੇ ਫੁੱਲਣ ਤੋਂ ਬਾਅਦ, ਇਸ ਨੂੰ ਚਾਸ਼ਨੀ ਵਿੱਚ ਡੁਬੋਇਆ ਜਾਂਦਾ ਹੈ। ਇਸ ਵਿੱਚ ਖੋਆ ਅਤੇ ਕਰੀਮ ਵੀ ਮਿਲਾਈ ਜਾਂਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Madhya pardesh, Recipe, Sweets