ਹੌਲੀ ਹੌਲੀ ਗਰਮੀਆਂ ਆ ਰਹੀਆਂ ਹਨ ਤੇ ਬਹੁਤ ਜਲਦ ਕੜਕਦੀ ਧੁੱਪ ਵਿੱਚ ਘਰੋਂ ਬਾਹਰ ਜਾਣ ਦਾ ਵੀ ਮਨ ਨਹੀਂ ਕਰੇਗਾ। ਇਸ ਦੌਰਾਨ ਜੇ ਤੁਸੀਂ ਕਿਤੇ ਬਾਹਰ ਜਾਓ ਤਾਂ ਪਸੀਨੇ ਤੇ ਗਰਮੀ ਕਾਰਨ ਤੁਹਾਡਾ ਬੁਰਾ ਹਾਲ ਹੋ ਸਕਦਾ ਹੈ, ਪਰ ਚਿੰਤਾ ਕਰਨ ਦੀ ਲੋੜ ਨਹੀਂ ਕਿਉਂਕਿ ਇਸ ਗਰਮੀ ਵਿੱਚ ਤੁਹਾਨੂੰ ਤਾਜ਼ਗੀ ਦੇਣ ਲਈ ਨਿੰਬੂ ਪਾਣੀ ਜੋ ਹੈ। ਨਿੰਬੂ ਪਾਣੀ ਵੈਸੇ ਤਾਂ ਗਰਮੀਆਂ ਵਿੱਚ ਰਵਾਇਤੀ ਤੌਰ ਉੱਤੇ ਬਣਾਇਆ ਜਾਂਦਾ ਹੈ। ਪਰ ਇਸ ਨੂੰ ਬਣਾਉਣ ਦੇ ਹੋਰ ਵੀ ਕਈ ਤਰੀਕੇ ਹਨ। ਇਨ੍ਹਾਂ ਵਿੱਚੋਂ ਮੁੱਖ ਤਿੰਨ ਤਰੀਕੇ ਹਨ ਜਿਨ੍ਹਾਂ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ...
ਪੁਦੀਨੇ ਵਾਲਾ ਨਿੰਬੂ ਪਾਣੀ :
ਆਮ ਤੌਰ ਉੱਤੇ ਘਰਾਂ ਵਿੱਚ ਬਣਾਏ ਜਾਣ ਵਾਲੇ ਨਿੰਬੂ ਪਾਣੀ ਵਿੱਚ ਦੇ ਪੁਦੀਨੇ ਨੂੰ ਐਡ ਕਰ ਦਿੱਤਾ ਜਾਵੇ ਤਾਂ ਸੁਆਦ ਹੀ ਵੱਖਰਾ ਬਣ ਜਾਂਦਾ ਹੈ। ਇਸ ਨੂੰ ਬਣਾਉਣ ਲਈ ਤੁਹਾਨੂੰ ¼ ਕੱਪ ਪੁਦੀਨੇ ਦੇ ਪੱਤੇ, 2 ਚਮਚੇ ਚੀਨੀ, ਅਤੇ 5 ਚਮਚ ਨਿੰਬੂ ਦੇ ਰਸ ਦੀ ਲੋੜ ਪਵੇਗੀ। ਪੁਦੀਨੇ ਦੀਆਂ ਪੱਤੀਆਂ ਅਤੇ ਚੀਨੀ ਨੂੰ ਮਿਲਾ ਕੇ ਪੀਸ ਕੇ ਪੇਸਟ ਬਣਾ ਲਓ। ਇੱਕ ਗਲਾਸ ਪਾਣੀ ਵਿੱਚ ਪੇਸਟ ਨੂੰ ਮਿਲਾਓ, ਫਿਰ ਨਿੰਬੂ ਦਾ ਰਸ ਪਾਓ ਅਤੇ ਚੰਗੀ ਤਰ੍ਹਾਂ ਹਿਲਾਓ। ਨਿੰਬੂ ਦੇ ਟੁਕੜਿਆਂ ਨਾਲ ਗਾਰਨਿਸ਼ ਕਰੋ ਅਤੇ ਆਪਣੇ ਪੁਦੀਨੇ ਦੇ ਨਿੰਬੂ ਪਾਣੀ ਦਾ ਅਨੰਦ ਲਓ। ਇਸ ਵਿੱਚ ਮਰਜ਼ੀ ਅਨੁਸਾਰ ਤੁਸੀਂ ਬਰਫ਼ ਵੀ ਐਡ ਕਰ ਸਕਦੇ ਹੋ।
ਨਾਰੀਅਲ ਨਿੰਬੂ ਦੀ ਸ਼ਿਕੰਜੀ
ਨਿੰਬੂ ਪਾਣੀ ਦੇ ਵਿਲੱਖਣ ਸੁਆਦ ਲਈ, ਨਾਰੀਅਲ ਨਿੰਬੂ ਸ਼ਿਕੰਜੀ ਵੀ ਬਣਾਈ ਜਾ ਸਕਦੀ ਹੈ। ਇਸ ਨੂੰ ਬਣਾਉਣ ਲਈ 1 ਕੱਪ ਨਾਰੀਅਲ ਪਾਣੀ 'ਚ 4 ਚਮਚ ਪਾਊਡਰ ਸ਼ੂਗਰ ਮਿਲਾ ਲਓ। 2 ਚਮਚ ਅਦਰਕ ਦਾ ਰਸ ਅਤੇ 5 ਚਮਚ ਨਿੰਬੂ ਦਾ ਰਸ ਪਾ ਕੇ ਚੰਗੀ ਤਰ੍ਹਾਂ ਮਿਲਾਓ। ਮਿਸ਼ਰਨ ਨੂੰ 2 ਘੰਟਿਆਂ ਲਈ ਫ਼ਰਿਜ ਵਿੱਚ ਠੰਢਾ ਕਰੋ, ਫਿਰ ਠੰਢਾ-ਠੰਢਾ ਇਸ ਨੂੰ ਸਰਵ ਕਰੋ।
ਨਿੰਬੂ ਮਸਾਲਾ ਸੋਢਾ :
ਨਿੰਬੂ ਪਾਣੀ ਵਿੱਚ ਮਸਾਲਾ ਤੇ ਸੋਢਾ ਨੂੰ ਐਡ ਕਰ ਲਿਆ ਜਾਵੇ ਤਾਂ ਸੁਆਦ ਲਾਜਵਾਬ ਹੋ ਜਾਂਦਾ ਹੈ। ਨਿੰਬੂ ਮਸਾਲਾ ਸੋਢਾ ਬਣਾਉਣ ਲਈ ਇੱਕ ਗਲਾਸ ਵਿਚ 1 ਚਮਚ ਧਨੀਆ ਪਾਊਡਰ, 1 ਚਮਚ ਕਾਲੀ ਮਿਰਚ ਪਾਊਡਰ, 1 ਚਮਚ ਚਾਟ ਮਸਾਲਾ, 1 ਚਮਚ ਜੀਰਾ ਪਾਊਡਰ, 1 ਚਮਚ ਕਾਲਾ ਨਮਕ, 1 ਚਮਚ ਪੀਸੀ ਹੋਈ ਖੰਡ ਅਤੇ 6 ਚਮਚ ਨਿੰਬੂ ਦਾ ਰਸ ਮਿਲਾ ਲਓ। 1 ਕੱਪ ਸੋਢਾ ਪਾਣੀ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ। ਬਰਫ਼ ਦੇ ਕਿਊਬ ਪਾਓ ਅਤੇ ਠੰਢਾ ਕਰਕੇ ਸਰਵ ਕਰੋ। ਹਰ ਕਿਸੇ ਨੂੰ ਨਿੰਬੂ ਮਸਾਲਾ ਸੋਢਾ ਦਾ ਸੁਆਦ ਬਹੁਤ ਪਸੰਦ ਆਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।