ਮਾਰੂਤੀ ਸੁਜ਼ੂਕੀ ਨੇ ਵਿੱਤੀ ਸਾਲ 2022-23 ਵਿੱਚ ਇੱਕ ਵੱਡੀ ਉਪਲਬਧੀ ਹਾਸਲ ਕੀਤੀ ਹੈ। ਮਾਰੂਤੀ ਸੁਜ਼ੂਕੀ ਵਿਦੇਸ਼ਾਂ ਵਿੱਚ ਮੇਡ-ਇਨ-ਇੰਡੀਆ ਕਾਰਾਂ ਦੀ ਪ੍ਰਮੁੱਖ ਬਰਾਮਦਕਾਰ ਵਜੋਂ ਉਭਰੀ ਹੈ। ਭਾਰਤ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਨੇ ਲਗਾਤਾਰ ਦੂਜੇ ਸਾਲ ਦੇਸ਼ ਦੇ ਚੋਟੀ ਦੇ ਕਾਰ ਨਿਰਯਾਤਕ ਦਾ ਖਿਤਾਬ ਬਰਕਰਾਰ ਰੱਖਿਆ ਹੈ। ਮਾਰੂਤੀ ਨੇ ਪਿਛਲੇ ਸਾਲ ਅਪ੍ਰੈਲ 2022 ਤੋਂ ਇਸ ਸਾਲ ਫਰਵਰੀ 2023 ਦਰਮਿਆਨ 2.26 ਲੱਖ ਯੂਨਿਟਸ ਭੇਜੇ ਹਨ ਅਤੇ ਹੁਣ ਤੱਕ ਆਪਣੀ ਪ੍ਰਮੁੱਖ ਵਿਰੋਧੀ ਹੁੰਡਈ ਮੋਟਰ ਤੋਂ 83,991 ਯੂਨਿਟਸ ਅੱਗੇ ਹੈ। ਕਾਰ ਨਿਰਮਾਤਾ ਨੇ 36 ਸਾਲ ਪਹਿਲਾਂ ਵਿਸ਼ਵ ਪੱਧਰ 'ਤੇ ਕਾਰਾਂ ਦਾ ਨਿਰਯਾਤ ਕਰਨਾ ਸ਼ੁਰੂ ਕੀਤਾ ਸੀ, ਉਦੋਂ ਤੋਂ ਹੁਣ ਤੱਕ ਕੰਪਨੀ ਨੇ 25 ਲੱਖ ਤੋਂ ਵੱਧ ਯੂਨਿਟਾਂ ਦਾ ਨਿਰਯਾਤ ਕਰਕੇ ਇੱਕ ਵੱਡਾ ਮੀਲ ਪੱਥਰ ਹਾਸਲ ਕੀਤਾ ਹੈ।
ਤੁਹਾਨੂੰ ਦੱਸ ਦੇਈਏ ਕਿ ਮਾਰੂਤੀ ਸੁਜ਼ੂਕੀ ਆਪਣੇ 17 ਮਾਡਲਾਂ ਨੂੰ ਐਕਸਪੋਰਟ ਕਰਦੀ ਹੈ, ਜਿਸ ਵਿੱਚ ਨਵੀਂ ਗ੍ਰੈਂਡ ਵਿਟਾਰਾ SUV ਵੀ ਸ਼ਾਮਲ ਹੈ। ਕੰਪਨੀ ਦੁਨੀਆ ਭਰ ਦੇ ਲਗਭਗ 100 ਦੇਸ਼ਾਂ ਨੂੰ ਨਿਰਯਾਤ ਕਰਦੀ ਹੈ। ਮਾਰੂਤੀ ਸੁਜ਼ੂਕੀ ਨੇ ਵੀ ਇਸ ਸਾਲ ਜਨਵਰੀ ਤੋਂ ਗ੍ਰੈਂਡ ਵਿਟਾਰਾ SUV ਦਾ ਨਿਰਯਾਤ ਕਰਨਾ ਸ਼ੁਰੂ ਕਰ ਦਿੱਤਾ ਹੈ। ਕਾਰ ਨਿਰਮਾਤਾ ਨੇ ਗ੍ਰੈਂਡ ਵਿਟਾਰਾ ਨੂੰ ਲੈਟਿਨ ਅਮਰੀਕਾ, ਅਫਰੀਕਾ, ਮੱਧ ਪੂਰਬ ਖੇਤਰਾਂ ਵਿੱਚ ਦੁਨੀਆ ਭਰ ਦੇ 60 ਤੋਂ ਵੱਧ ਦੇਸ਼ਾਂ ਵਿੱਚ ਨਿਰਯਾਤ ਕਰਨ ਦਾ ਟੀਚਾ ਰੱਖਿਆ ਹੈ। ਪਿਛਲੇ ਸਾਲ ਮਾਰੂਤੀ ਸੁਜ਼ੂਕੀ ਨੇ ਵਿਦੇਸ਼ਾਂ ਵਿੱਚ ਭੇਜੇ ਗਏ 2.6 ਲੱਖ ਵਾਹਨਾਂ ਦੇ ਨਾਲ ਆਪਣਾ ਹੁਣ ਤੱਕ ਦਾ ਸਭ ਤੋਂ ਉੱਚਾ ਨਿਰਯਾਤ ਦਰਜ ਕੀਤਾ। ਕਾਰ ਨਿਰਮਾਤਾ ਦਾ ਉਦੇਸ਼ ਯਾਤਰੀ ਵਾਹਨ ਨਿਰਯਾਤ ਵਿੱਚ ਆਪਣੀ ਸਥਿਤੀ ਨੂੰ ਹੋਰ ਮਜ਼ਬੂਤ ਕਰਨਾ ਹੈ। ਇਸ ਦੇ ਮੁਕਾਬਲੇ ਮਾਰੂਤੀ ਦੀ ਮੁੱਖ ਮੁਕਾਬਲੇਬਾਜ਼ ਹੁੰਡਈ ਨੇ ਇਸੇ ਸਮੇਂ ਦੌਰਾਨ 1.48 ਲੱਖ ਯੂਨਿਟਾਂ ਦਾ ਨਿਰਯਾਤ ਕੀਤਾ।
ਇਸ ਉੱਤੇ ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ ਹਿਸਾਸ਼ੀ ਤਾਕੇਉਚੀ ਨੇ ਕਿਹਾ ਕਿ 25 ਲੱਖ ਵਾਹਨਾਂ ਦਾ ਇਤਿਹਾਸਕ ਨਿਰਯਾਤ ਭਾਰਤ ਦੀ ਨਿਰਮਾਣ ਸਮਰੱਥਾ ਦਾ ਪ੍ਰਮਾਣ ਹੈ। ਇਹ ਉਪਲਬਧੀ ਭਾਰਤ ਸਰਕਾਰ ਦੀ ਪ੍ਰਮੁੱਖ ਮੇਕ-ਇਨ-ਇੰਡੀਆ ਪਹਿਲਕਦਮੀ ਅਤੇ ਵਾਹਨ ਨਿਰਯਾਤ ਨੂੰ ਵਧਾਉਣ ਲਈ ਸਰਕਾਰ ਦੇ ਯਤਨਾਂ ਪ੍ਰਤੀ ਮਾਰੂਤੀ ਸੁਜ਼ੂਕੀ ਦੀ ਮਜ਼ਬੂਤ ਵਚਨਬੱਧਤਾ ਨੂੰ ਅੱਗੇ ਵਧਾਉਂਦੀ ਹੈ। ਮਾਰੂਤੀ ਸੁਜ਼ੂਕੀ ਨੇ 1986 ਤੋਂ ਵਿਸ਼ਵ ਪੱਧਰ 'ਤੇ ਕਾਰਾਂ ਦਾ ਨਿਰਯਾਤ ਕਰਨਾ ਸ਼ੁਰੂ ਕੀਤਾ, ਕੁਝ ਮਾਡਲਾਂ ਨੂੰ ਨੇਪਾਲ ਅਤੇ ਬੰਗਲਾਦੇਸ਼ ਵਰਗੇ ਗੁਆਂਢੀ ਦੇਸ਼ਾਂ ਨੂੰ ਭੇਜਿਆ ਗਿਆ। ਕਾਰ ਨਿਰਮਾਤਾ ਲਈ ਪਹਿਲੀ ਵੱਡੀ ਨਿਰਯਾਤ ਸ਼ਿਪਮੈਂਟ ਇੱਕ ਸਾਲ ਬਾਅਦ ਆਈ, ਜਦੋਂ ਇਸਨੇ ਹੰਗਰੀ ਨੂੰ 500 ਕਾਰਾਂ ਭੇਜੀਆਂ।
ਤਾਕੇਉਚੀ ਨੇ ਕਿਹਾ ਕਿ ਮਾਰੂਤੀ ਸੁਜ਼ੂਕੀ ਨੇ ਵਿੱਤੀ ਸਾਲ 1986-87 ਵਿੱਚ ਹੀ ਨਿਰਯਾਤ ਸ਼ੁਰੂ ਕੀਤਾ ਸੀ। ਉਦੋਂ ਤੋਂ, ਸਾਡੇ ਵਾਹਨਾਂ ਨੇ ਉੱਚ ਗੁਣਵੱਤਾ, ਉੱਤਮ ਤਕਨਾਲੋਜੀ, ਭਰੋਸੇਯੋਗਤਾ, ਪ੍ਰਦਰਸ਼ਨ ਲਈ ਵਿਸ਼ਵਵਿਆਪੀ ਗਾਹਕਾਂ ਦੀ ਸਵੀਕ੍ਰਿਤੀ ਅਤੇ ਪ੍ਰਸ਼ੰਸਾ ਪ੍ਰਾਪਤ ਕੀਤੀ ਹੈ। ਅੱਜ, ਮਾਰੂਤੀ ਸੁਜ਼ੂਕੀ ਭਾਰਤ ਤੋਂ ਯਾਤਰੀ ਵਾਹਨਾਂ ਦੇ ਨੰਬਰ ਇੱਕ ਨਿਰਯਾਤਕ ਵਜੋਂ ਹੈ। ਇਸ ਦੇ ਨਾਲ ਹੀ ਮਾਰੂਤੀ ਸੁਜ਼ੂਕੀ ਦਾ ਪੂਰਾ ਫੋਕਸ ਇਲੈਕਟ੍ਰਿਕ ਵਾਹਨ ਨਿਰਮਾਣ 'ਤੇ ਹੈ। ਜਲਦੀ ਹੀ ਕੰਪਨੀ ਦੀ ਨਵੀਂ EV ਲਾਈਨ ਅੱਪ ਦੇਖਣ ਨੂੰ ਮਿਲੇਗੀ। ਫਿਲਹਾਲ ਕੰਪਨੀ ਹਾਈਬ੍ਰਿਡ ਅਤੇ ਪੈਟਰੋਲ ਇੰਜਣ ਵਾਲੀਆਂ ਕਾਰਾਂ ਜਾ ਨਿਰਮਾਣ ਕਰ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Auto, Auto news, Automobile, Maruti, Maruti Suzuki