Pash Death Anniversary: ਜਦੋਂ ਵੀ ਇਨਕਲਾਬ ਦਾ ਜ਼ਿਕਰ ਆਉਂਦਾ ਹੈ ਤਾਂ ਕਈ ਅਜਿਹੀਆਂ ਸ਼ਖ਼ਸੀਅਤਾਂ ਦੇ ਨਾਂਅ ਵੀ ਜ਼ੁਬਾਨ 'ਤੇ ਆ ਜਾਂਦੇ ਹਨ, ਜਿਨ੍ਹਾਂ ਨੇ ਆਪਣੇ-ਆਪਣੇ ਤਰੀਕੇ ਨਾਲ ਬੁਰਾਈਆਂ ਵਿਰੁੱਧ ਆਵਾਜ਼ ਉਠਾਈ। ਇਨਕਲਾਬ ਦੇ ਆਪਣੇ ਆਪਣੇ ਹਥਿਆਰ ਹੁੰਦੇ ਹਨ ਜਿਹਨਾਂ ਵਿੱਚ ਇੱਕ ਹੈ ਕਲਮ। ਸਾਹਿਤ ਰਾਹੀਂ ਵੀ ਬਹੁਤ ਸਾਰੇ ਲੋਕਾਂ ਨੇ ਸਮਾਜ ਵਿੱਚ ਤਬਦੀਲੀ ਲਿਆਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਇਨਕਲਾਬੀ ਕਵੀਆਂ ਦੀ ਸੂਚੀ ਵਿੱਚ ‘ਪਾਸ਼’ ਦਾ ਨਾਂ ਜ਼ਰੂਰ ਲਿਆ ਜਾਂਦਾ ਹੈ।
ਕ੍ਰਾਂਤੀਕਾਰੀ ਪੰਜਾਬੀ ਕਵੀ ‘ਪਾਸ਼’ ਦਾ ਅਸਲ ਨਾਂ ਅਵਤਾਰ ਸਿੰਘ ਸੰਧੂ ਸੀ। ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਇਨਕਲਾਬ ਦਾ ਕਵੀ ਮੰਨਿਆ ਜਾਂਦਾ ਹੈ। ਉਸਨੇ 15 ਸਾਲ ਦੀ ਉਮਰ ਵਿੱਚ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ। ਉਸ ਦੀਆਂ ਕਵਿਤਾਵਾਂ ਪਹਿਲੀ ਵਾਰ 1967 ਵਿੱਚ ਪ੍ਰਕਾਸ਼ਿਤ ਹੋਈਆਂ ਸਨ।
ਮਾਹਿਰਾਂ ਅਨੁਸਾਰ ਉਸ ਦੀਆਂ ਕਵਿਤਾਵਾਂ ਵਿੱਚ ਪਿੰਡ ਦੀ ਮਿੱਟੀ ਦੀ ਮਹਿਕ, ਇਨਕਲਾਬ, ਵਿਦਰੋਹ ਅਤੇ ਮਨੁੱਖਤਾ ਨਾਲ ਸਬੰਧਤ ਭਾਵਨਾਵਾਂ ਮਿਲਦੀਆਂ ਹਨ। ਉਹਨਾਂ ਦੀ ਕਲਮ ਦੀ ਧਾਰ ਤੋਂ ਡਰਦਿਆਂ 23 ਮਾਰਚ 1988 ਨੂੰ ਅੱਤਵਾਦੀਆਂ ਨੇ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਅੱਜ ਉਸ ਇਨਕਲਾਬੀ ਕਵੀ 'ਪਾਸ਼' ਦੀ ਬਰਸੀ ਹੈ। ਇੱਥੇ ਅਸੀਂ ਉਹਨਾਂ ਦੀਆਂ ਰਚਨਾਵਾਂ ਦੇ ਰਹੇ ਹਾਂ-
ਅਸੀਂ ਲੜਾਂਗੇ ਸਾਥੀ
ਅਸੀਂ ਲੜਾਂਗੇ ਸਾਥੀ
ਅਸੀਂ ਲੜਾਂਗੇ ਸਾਥੀ, ਉਦਾਸ ਮੌਸਮ ਲਈ
ਅਸੀਂ ਲੜਾਂਗੇ ਸਾਥੀ, ਗ਼ੁਲਾਮ ਸੱਧਰਾਂ ਲਈ
ਅਸੀਂ ਚੁਣਾਂਗੇ ਸਾਥੀ, ਜ਼ਿੰਦਗੀ ਦੇ ਟੁਕੜੇ
ਹਥੌੜਾ ਹੁਣ ਵੀ ਚਲਦਾ ਹੇ,ਉਦਾਂਸ਼ ਅਹਿਰਨ 'ਤੇ
ਸਿਆੜ ਹੁਣ ਵੀ ਵਗਦੇ ਨੇ, ਚੀਕਦੀ ਧਰਤੀ 'ਤੇ
ਇਹ ਕੰਮ ਸਾਡਾ ਨਹੀਂ ਬਣਦਾ, ਸਵਾਲ ਨੱਚਦਾ ਹੈ
ਸਵਾਲ ਦੇ ਮੌਰਾਂ ਤੇ ਚੜ੍ਹ ਕੇ
ਅਸੀਂ ਲੜਾਂਗੇ ਸਾਥੀ
ਕਤਲ ਹੋਏ ਜਜ਼ਬਿਆਂ ਦੀ ਕਸਮ ਖਾ ਕੇ
ਬੁਝੀਆਂ ਹੋਈਆਂ ਨਜ਼ਰਾਂ ਦੀ ਕਸਮ ਖਾ ਕੇ
ਹੱਥਾਂ 'ਤੇ ਪਏ ਰੱਟਣਾਂ ਦੀ ਕਸਮ ਖਾ ਕੇ
ਅਸੀਂ ਲੜਾਂਗੇ ਸਾਥੀ
ਅਸੀਂ ਲੜਾਂਗੇ ਤਦ ਤੱਕ
ਕਿ ਵੀਰੂ ਬੱਕਰੀਆਂ ਵਾਲਾ ਜਦੋਂ ਤੱਕ
ਬੱਕਰੀਆਂ ਦਾ ਮੂਤ ਪੀਂਦਾ ਹੈ
ਖਿੜੇ ਹੋਏ ਸਰ੍ਹੋਂ ਦੇ ਫੁੱਲਾਂ ਨੂੰ
ਜਦੋਂ ਤੱਕ ਵਾਹੁਣ ਵਾਲੇ ਆਪ ਨਹੀਂ ਸੁੰਘਦੇ
ਕਿ ਸੁੱਜੀਆਂ ਅੱਖੀਆਂ ਵਾਲੀ
ਪਿੰਡ ਦੀ ਅਧਿਆਪਕਾ ਦਾ ਪਤੀ ਜਦੋਂ ਤੱਕ
ਜੰਗ ਤੋਂ ਪਰਤ ਨਹੀਂ ਆਉਂਦਾ
ਜਦੋਂ ਤੱਕ ਪੁਲਸ ਦੇ ਸਿਪਾਹੀ
ਆਪਣੇ ਹੀ ਭਰਾਵਾਂ ਦਾ ਗਲਾ ਘੁੱਟਣ ਤੇ ਬਾਧਕ ਹਨ
ਕਿ ਬਾਬੂ ਦਫਤਰਾਂ ਵਾਲੇ
ਜਦੋਂ ਤੱਕ ਲਹੂ ਦੇ ਨਾਲ ਹਰਫ ਪਾਉਂਦੇ ਹਨ…
ਅਸੀਂ ਲੜਾਂਗੇ ਜਦ ਤੱਕ
ਦੁਨੀਆ 'ਚ ਲੜਨ ਦੀ ਲੋੜ ਬਾਕੀ ਹੈ…
ਜਦੋਂ ਬੰਦੂਕ ਨਾ ਹੋਈ, ਓਦੋਂ ਤਲਵਾਰ ਹੋਵੇਗੀ
ਜਦੋਂ ਤਲਵਾਰ ਨਾ ਹੋਈ, ਲੜਨ ਦੀ ਲਗਨ ਹੋਵੇਗੀ
ਲੜਨ ਦੀ ਜਾਚ ਨਾ ਹੋਈ, ਲੜਨ ਦੀ ਲੋੜ ਹੋਵੇਗੀ
ਤੇ ਅਸੀਂ ਲੜਾਂਗੇ ਸਾਥੀ………….
ਅਸੀਂ ਲੜਾਂਗੇ
ਕਿ ਲੜਨ ਬਾਝੋਂ ਕੁਝ ਵੀ ਨਹੀਂ ਮਿਲਦਾ
ਅਸੀਂ ਲੜਾਂਗੇ
ਕਿ ਹਾਲੇ ਤੱਕ ਲੜੇ ਕਿਉਂ ਨਹੀਂ
ਅਸੀਂ ਲੜਾਂਗੇ
ਆਪਣੀ ਸਜ਼ਾ ਕਬੂਲਣ ਲਈ
ਲੜ ਕੇ ਮਰ ਚੁੱਕਿਆਂ ਦੀ ਯਾਦ ਜ਼ਿੰਦਾ ਰੱਖਣ ਲਈ
ਅਸੀਂ ਲੜਾਂਗੇ ਸਾਥੀ…
ਮੈਂ ਪੁੱਛਦਾ ਹਾਂ
ਮੈਂ ਪੁੱਛਦਾ ਹਾਂ ਅਸਮਾਨ 'ਚ ਉੜਦੇ ਸੂਰਜ ਨੂੰ
ਕੀ ਵਕਤ ਏਸੇ ਦਾ ਨਾਂ ਹੈ
ਕਿ ਘਟਨਾਵਾਂ ਕੁਚਲਦੀਆਂ ਤੁਰੀਆਂ ਜਾਣ
ਮਸਤ ਹਾਥੀ ਵਾਂਗ
ਇਕ ਸਮੁਚੇ ਮਨੁੱਖ ਦੀ ਚੇਤਨਾ ?
ਕਿ ਹਰ ਸਵਾਲ
ਕੇਵਲ ਕੰਮ 'ਚ ਰੁੱਝੇ ਜਿਸਮ ਦੀ ਗ਼ਲਤੀ ਹੀ ਹੋਵੇ ?
ਕਿਉਂ ਸੁਣਾ ਦਿੱਤਾ ਜਾਂਦਾ ਹੈ ਹਰ ਵਾਰੀ
ਪੁਰਾਣਾ ਚੁਟਕਲਾ
ਕਿਉਂ ਕਿਹਾ ਜਾਂਦਾ ਹੈ ਅਸੀਂ ਜਿਉਂਦੇ ਹਾਂ
ਜ਼ਰਾ ਸੋਚੋ-
ਕਿ ਸਾਡੇ 'ਚੋਂ ਕਿੰਨਿਆਂ ਕੁ ਦਾ ਨਾਤਾ ਹੈ
ਜ਼ਿੰਦਗੀ ਵਰਗੀ ਕਿਸੇ ਸ਼ੈਅ ਨਾਲ !
ਰੱਬ ਦੀ ਉਹ ਕਿਹੋ ਜੇਹੀ ਰਹਿਮਤ ਹੈ
ਜੋ ਕਣਕ ਗੁੱਡਦੇ ਪਾਟੇ ਹੋਏ ਹੱਥਾਂ-
ਤੇ ਮੰਡੀ ਵਿਚਲੇ ਤਖ਼ਤਪੋਸ਼ 'ਤੇ ਫੈਲੀ ਹੋਈ ਮਾਸ ਦੀ
ਉਸ ਪਿਲਪਲੀ ਢੇਰੀ ਉਤੇ,
ਇਕੋ ਸਮੇਂ ਹੁੰਦੀ ਹੈ ?
ਆਖ਼ਿਰ ਕਿਉਂ
ਬਲਦਾਂ ਦੀਆਂ ਟੱਲੀਆਂ
ਤੇ ਪਾਣੀ ਕੱਢਦੇ ਇੰਜਣਾਂ ਦੇ ਸ਼ੋਰ ਅੰਦਰ
ਘਿਰੇ ਹੋਏ ਚਿਹਰਿਆਂ 'ਤੇ ਜੰਮ ਗਈ ਹੈ
ਇਕ ਚੀਖਦੀ ਖ਼ਾਮੋਸ਼ੀ ?
ਕੌਣ ਖਾ ਜਾਂਦਾ ਹੈ ਤਲ ਕੇ
ਟੋਕੇ 'ਤੇ ਰੁੱਗ ਲਾ ਰਹੇ
ਕੁਤਰੇ ਹੋਏ ਅਰਮਾਨਾਂ ਵਾਲੇ ਡੌਲਿਆਂ ਦੀਆਂ ਮੱਛੀਆਂ ?
ਕਿਉਂ ਗਿੜਗਿੜਾਉਂਦਾ ਹੈ
ਮੇਰੇ ਪਿੰਡ ਦਾ ਕਿਰਸਾਨ
ਇਕ ਮਾਮੂਲੀ ਪੁਲਸੀਏ ਅੱਗੇ ?
ਕਿਉਂ ਕਿਸੇ ਦਰੜੇ ਜਾਂਦੇ ਬੰਦੇ ਦੇ ਚੀਕਣ ਨੂੰ
ਹਰ ਵਾਰ
ਕਵਿਤਾ ਕਹਿ ਦਿੱਤਾ ਜਾਂਦਾ ਹੈ ?
ਮੈਂ ਪੁੱਛਦਾ ਹਾਂ ਆਸਮਾਨ 'ਚ ਉੜਦੇ ਹੋਏ ਸੂਰਜ ਨੂੰ
ਮੇਰੇ ਕੋਲ
ਮੇਰੇ ਕੋਲ ਬੜਾ ਕੁਝ ਹੈ
ਸ਼ਾਮ ਹੈ-ਸ਼ਰ੍ਹਾਟਿਆਂ 'ਚ ਭਿੱਜੀ ਹੋਈ
ਜ਼ਿੰਦਗੀ ਹੈ-ਨੂਰ 'ਚ ਭੱਖਦੀ ਹੋਈ
ਅਤੇ ਮੈਂ ਹਾਂ-'ਅਸੀਂ' ਦੇ ਝੁਰਮਟ ਵਿਚ ਘਿਰਿਆ ਹੋਇਆ
ਮੈਥੋਂ ਹੋਰ ਕੀ ਖੋਹਵੋਗੇ
ਸ਼ਾਮ ਨੂੰ ਕਿਸੇ ਦੂਰ ਵਾਲੀ ਕੋਠੜੀ 'ਚ ਡੱਕ ਲਓਗੇ ?
ਜ਼ਿੰਦਗੀ 'ਚੋਂ ਜ਼ਿੰਦਗੀ ਨੂੰ ਕੁਚਲ ਦਿਓਗੇ ?
'ਅਸੀਂ' ਵਿਚੋਂ 'ਮੈਂ' ਨੂੰ ਨਿਤਾਰ ਲਓਗੇ ?
ਜਿਸ ਨੂੰ ਤੁਸੀਂ ਮੇਰਾ 'ਕੁਝ' ਨਹੀਂ ਕਹਿੰਦੇ ਹੋ
ਉਸ ਵਿਚ ਤੁਹਾਡੀ ਮੌਤ ਦਾ ਸਾਮਾਨ ਹੈ
ਮੇਰੇ ਕੋਲ ਬੜਾ ਕੁਝ ਹੈ
ਮੇਰੀ ਉਸ 'ਕੁਝ ਨਹੀਂ' ਵਿਚ ਬੜਾ ਕੁਝ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Anniversary, Death, India