ਅੱਜ ਦੇ ਸਮੇਂ ਵਿੱਚ ਲੋਨ ਲੈਣ ਦਾ ਰੁਝਾਨ ਬਹੁਤ ਵਧ ਗਿਆ ਹੈ। ਕੋਈ ਵੀ ਕਾਰੋਬਾਰ ਸ਼ੁਰੂ ਕਰਨ ਲਈ ਲੋਨ ਦੀ ਜ਼ਰੂਰਤ ਪੈਂਦੀ ਹੈ। ਕੀ ਤੁਸੀਂ ਜਾਣਦੇ ਹੋ ਕਿ ਲੋਨ ਵੀ ਕਈ ਤਰ੍ਹਾਂ ਦੇ ਹੁੰਦੇ ਹਨ। ਕੁਝ ਲੋਨ ਲੈਣ ਵਾਸਤੇ ਤੁਹਾਨੂੰ ਆਪਣੀ ਜਾਇਦਾਦ, ਗਹਿਣੇ ਜਾਂ ਕੋਈ ਚੀਜ਼ ਗਿਰਵੀ ਰੱਖਣੀ ਪੈਂਦੀ ਹੈ। ਇਸ ਤਰ੍ਹਾਂ ਦੇ ਕਰਜ਼ਿਆਂ ਨੂੰ ਸੁਰੱਖਿਅਤ ਲੋਨ ਕਿਹਾ ਜਾਂਦਾ ਹੈ।
ਇਸ ਤੋਂ ਇਲਾਵਾ ਕੁਝ ਲੋਨ ਤੁਹਾਨੂੰ ਬਿਨ੍ਹਾਂ ਕੋਈ ਚੀਜ਼ ਗਿਰਵੀ ਧਰੇ ਵੀ ਮਿਲ ਜਾਂਦੇ ਹਨ। ਇਸ ਤਰ੍ਹਾਂ ਦੇ ਲੋਨ ਪਰਸਨਲ ਲੋਨ ਦੇ ਅੰਦਰ ਆਉਂਦੇ ਹਨ। ਪਰਸਨਲ ਲੋਨ ਲਈ ਤੁਹਾਨੂੰ ਵਧੇਰੇ ਵਿਆਜ ਦਰ ਦੇਣੀ ਪੈਂਦੀ ਹੈ। ਜਦਕਿ ਸੁਰੱਖਿਅਤ ਕਰਜ਼ਿਆਂ ਵਿੱਚ ਵਿਆਜ ਦਰ ਘੱਟ ਹੁੰਦੀ ਹੈ। ਇਸ ਕਰਕੇ ਮਾਹਿਰ ਸੁਰੱਖਿਅਤ ਕਰਜ਼ਾ ਲੈਣ ਨੂੰ ਪਹਿਲ ਦਿੰਦੇ ਹਨ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਹ ਬਿਲਕੁਲ ਵੀ ਜ਼ਰੂਰੀ ਨਹੀਂ ਕਿ ਹਰ ਕਿਸੇ ਨੂੰ ਸੁਰੱਖਿਆਤ ਲੋਨ ਮਿਲ ਜਾਵੇ। ਇਸ ਸੰਬੰਧ ਵਿੱਚ ਨੌਕਰੀਪੇਸ਼ਾ ਵਿਅਕਤੀਆਂ ਦੀਆਂ ਅਰਜ਼ੀਆਂ ਨੂੰ ਪਹਿਲ ਦਿੱਤੀ ਜਾਂਦੀ ਹੈ। ਇਸਦੇ ਨਾਲ ਹੀ ਨੌਕਰੀਪੇਸ਼ਾ ਲੋਕਾਂ ਨੂੰ ਪਰਸਨਲ ਲੋਨ ਵੀ ਆਸਾਨੀ ਨਾਲ ਮਿਲ ਜਾਂਦਾ ਹੈ। ਕੋਈ ਵੀ ਲੋਨ ਦੇਣ ਲੱਗਿਆਂ ਕੰਪਨੀਆਂ ਕਈ ਪੱਖਾਂ ਉੱਤੇ ਵਿਚਾਰ ਕਰਦੀਆਂ ਹਨ। ਜਦੋਂ ਕੰਪਨੀ ਨੂੰ ਯਕੀਨ ਹੋ ਜਾਵੇ ਕਿ ਤੁਸੀਂ ਕਰਜ਼ਾ ਮੋੜਣ ਦੇ ਯੋਗ ਹੋ ਤਾਂ ਉਹ ਤੁਹਾਡੀ ਲੋਨ ਅਰਜ਼ੀ ਨੂੰ ਮਨਜ਼ੂਰ ਕਰਦੀਆਂ ਹਨ। ਆਓ ਜਾਣਦੇ ਹਾਂ ਕਿ ਪਰਸਨਲ ਲੋਨ ਦੇਣ ਤੋਂ ਪਹਿਲਾਂ ਕੰਪਨੀਆਂ ਕਿਹੜੇ ਪੱਖਾਂ ਦੀ ਪੜਚੋਲ ਕਰਦੀਆਂ ਹਨ-
ਨੌਕਰੀ ਕਿਹੜੀ ਹੈ ਤੇ ਕਿੰਨੀ ਹੈ ਤਨਖ਼ਾਹ
ਜਿਨਾਂ ਲੋਕਾਂ ਦੀ ਨਿਸ਼ਚਿਤ ਤਨਖਾਹ ਆਉਂਦੀ ਹੈ, ਉਨ੍ਹਾਂ ਵੱਲੋਂ ਕਰਜ਼ਾ ਮੁੜਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ। ਇਸ ਲਈ ਕੰਪਨੀਆਂ ਨੌਕਰੀਪੇਸ਼ਾ ਲੋਕਾਂ ਨੂੰ ਪਹਿਲ ਦੇ ਆਧਾਰ ਉੱਤ ਲੋਨ ਦਿੰਦੀਆਂ ਹਨ। ਇਸ ਦੌਰਾਨ ਇਹ ਵੀ ਦੇਖਿਆ ਜਾਂਦਾ ਹੈ ਕਿ ਤੁਹਾਡੀ ਤਨਖ਼ਾਹ ਕਿੰਨੀ ਆਉਂਦੀ ਹੈ। ਇਸ ਤੋਂ ਇਲਾਵਾ ਵਿਅਕਤੀ 'ਤੇ ਕਰਜ਼ਾ, CIBIL ਸਕੋਰ, ਅਤੇ ਸਾਲਾਨਾ ਆਮਦਨ ਆਦਿ ਨੂੰ ਵੀ ਧਿਆਨ ਵਿੱਚ ਰੱਖਿਆ ਜਾਂਦਾ ਹੈ।
ਇਸਦੇ ਨਾਲ ਹੀ ਕਰਜ਼ਾ ਦੇਣ ਵਾਲੀ ਸੰਸਥਾ ਵੱਲੋਂ ਇਹ ਵੀ ਦੇਖਿਆ ਜਾਂਦਾ ਹੈ ਕਿ ਵਿਅਕਤੀ ਕਿਸ ਕੰਪਨੀ ਵਿੱਚ ਕੰਮ ਕਰਦਾ ਹੈ। ਜੇਕਰ ਉਸਦੀ ਕੰਪਨੀ ਛੋਟੀ ਹੈ ਜਾਂ ਤਨਖ਼ਾਹ ਘੱਟ ਹੈ ਤਾਂ ਉਸਦੀ ਲੋਨ ਅਰਜ਼ੀ ਰੱਦ ਕਰਨ ਦੀ ਸੰਭਾਵਨਾ ਵਧ ਜਾਂਦੀ ਹੈ।
ਪਹਿਲਾਂ ਕਿੰਨਾਂ ਕਰਜ਼ਾ ਦੇਣਾ ਹੈ
ਲੋਨ ਦੇਣ ਤੋਂ ਪਹਿਲਾਂ ਕੰਪਨੀ ਦੁਆਰਾ ਇਹ ਦੇਖਿਆ ਜਾਂਦਾ ਹੈ ਕਿ ਵਿਅਕਤੀ ਨੇ ਪਹਿਲਾਂ ਕਿੰਨਾਂ ਕਰਜ਼ਾ ਦੇਣਾ ਹੈ। ਜੇਕਰ ਤੁਸੀਂ ਪਹਿਲਾਂ ਕਈ ਲੋਨਾਂ ਦੀਆਂ ਕਿਸ਼ਤਾਂ ਭਰ ਰਹੇ ਹੋ ਜਾਂ ਤੁਹਾਡੇ ਸਿਰ ਪਹਿਲਾਂ ਹੀ ਕਰਜ਼ਾ ਹੈ, ਤਾਂ ਤੁਹਾਡੀ ਲੋਨ ਦੀ ਅਰਜ਼ੀ ਰੱਦ ਹੋ ਸਕਦੀ ਹੈ। ਕਿਉਂਕਿ ਅਜਿਹੀ ਸਥਿਤੀ ਵਿੱਚ ਲੋਨ ਮੋੜਨ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ।
ਕਿੰਨੀ ਵਾਰ ਅਪਲਾਈ ਕੀਤਾ ਲੋਨ
ਲੋਨ ਲੈਣ ਸਮੇਂ ਇਹ ਗੱਲ ਵੀ ਮਹੱਤਵਪੂਰਨ ਹੈ ਕਿ ਤੁਸੀਂ ਲੋਨ ਲੈਣ ਲਈ ਕਿੰਨੀ ਵਾਰ ਅਪਲਾਈ ਕੀਤਾ ਹੈ। ਜੇਕਰ ਤੁਸੀਂ ਥੋੜੇ ਸਮੇਂ ਵਿੱਚ ਹੀ ਵਾਰ ਵਾਰ ਲੋਨ ਲਈ ਅਪਲਾਈ ਕੀਤਾ ਹੋਵੇ, ਤਾਂ ਇਹ ਇੱਕ ਨਕਾਰਾਤਮਕ ਪ੍ਰਭਾਵ ਉਜਾਗਰ ਕਰਦਾ ਹੈ। ਇਸ ਕਾਰਨ ਕਰਕੇ ਵੀ ਤੁਹਾਡੀ ਲੋਨ ਅਰਜ਼ੀ ਰੱਦ ਹੋ ਸਕਦੀ ਹੈ।
ਕ੍ਰੈਡਿਟ ਸਕੋਰ ਕੀ ਹੈ
ਕ੍ਰੈਡਿਟ ਇਨਫਰਮੇਸ਼ਨ ਬਿਊਰੋ ਇੰਡੀਆ ਲਿਮਿਟੇਡ (CIBIL) ਕ੍ਰੈਡਿਟ ਰੇਟਿੰਗ ਪ੍ਰਦਾਨ ਕਰਦੀ ਹੈ। ਕਰਜ਼ਾ ਦੇਣ ਤੋਂ ਪਹਿਲਾਂ ਕੰਪਨੀਆਂ ਜਾਂ ਬੈਂਕ ਤੁਹਾਡੇ ਕ੍ਰੈਡਿਟ ਸਕੋਰ ਦਾ ਵੀ ਜ਼ਾਇਜਾ ਲੈਂਦੇ ਹਨ। ਜੇਕਰ ਤੁਹਾਡਾ ਕ੍ਰੈਡਿਟ ਸਕੋਰ ਘੱਟ ਹੈ ਤਾਂ ਤੁਹਾਨੂੰ ਲੋਨ ਲੈਣ ਵਿੱਚ ਸਮੱਸਿਆ ਆ ਸਕਦੀ ਹੈ। ਇਸ ਲਈ ਤੁਹਾਨੂੰ ਲੋਨ ਅਰਜ਼ੀ ਦੇਣ ਤੋਂ ਪਹਿਲਾਂ ਕ੍ਰੈਡਿਟ ਸਕੋਰ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।
ਕਿੰਨੀ ਹੈ ਸਲਾਨਾ ਆਮਦਨ
ਕਰਜ਼ਾ ਦੇਣ ਸਮੇਂ ਲੋਨ ਕੰਪਨੀਆਂ ਵਿਅਕਤੀ ਦੀ ਸਾਲਾਨਾ ਆਮਦਨ ਨੂੰ ਵੀ ਧਿਆਨ ਵਿੱਚ ਰੱਖਦੀਆਂ ਹਨ। ਜੇਕਰ ਸਲਾਨਾ ਆਮਦਨ ਦੇਖ ਕੇ ਕੰਪਨੀਆਂ ਨੂੰ ਲੱਗਦਾ ਹੈ ਕਿ ਇਹ ਵਿਅਕਤੀ ਕਰਜ਼ਾ ਮੋੜ ਦੇਵੇਗਾ, ਤਾਂ ਹੀ ਉਸਦੀ ਲੋਨ ਅਰਜ਼ੀ ਨੂੰ ਮਨਜ਼ੂਰ ਕੀਤਾ ਜਾਂਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।