Flex-fuel: ਹਰ ਰੋਜ਼ ਤੇਜ਼ੀ ਨਾਲ ਵਧ ਰਹੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਕਾਰਨ ਆਮ ਲੋਕ ਕਾਫੀ ਪਰੇਸ਼ਾਨ ਹਨ। ਪੈਟਰੋਲ ਦੀ ਕੀਮਤ 100 ਰੁਪਏ ਨੂੰ ਪਾਰ ਕਰ ਗਈ ਹੈ, ਜਿਸ ਤੋਂ ਬਾਅਦ ਸਰਕਾਰ ਦੇਸ਼ 'ਚ ਪੈਟਰੋਲ ਅਤੇ ਡੀਜ਼ਲ 'ਤੇ ਨਿਰਭਰਤਾ ਘੱਟ ਕਰਨ ਦੀ ਯੋਜਨਾ ਬਣਾ ਰਹੀ ਹੈ। ਕੇਂਦਰ ਸਰਕਾਰ ਜਲਦ ਹੀ ਦੇਸ਼ 'ਚ ਫਲੈਕਸ-ਫਿਊਲ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਜਾਣਕਾਰੀ ਹੈ ਕਿ ਸਰਕਾਰ ਦੇਸ਼ 'ਚ ਅਗਲੇ 6-8 ਮਹੀਨਿਆਂ 'ਚ ਫਲੈਕਸ ਇੰਜਣ ਨੂੰ ਲਾਜ਼ਮੀ ਕਰ ਸਕਦੀ ਹੈ। ਹਾਲ ਹੀ 'ਚ ਨਿਤਿਨ ਗਡਕਰੀ ਨੇ ਜਨਤਕ ਤੌਰ 'ਤੇ ਇਹ ਗੱਲ ਕਹੀ ਸੀ। ਉਨ੍ਹਾਂ ਨੇ ਕਿਹਾ ਸੀ ਕਿ 'ਅਸੀਂ ਅਗਲੇ ਛੇ-ਅੱਠ ਮਹੀਨਿਆਂ ਵਿਚ ਫਲੈਕਸ ਫਿਊਲ ਇੰਜਣ ਲਾਗੂ ਕਰ ਸਕਦੇ ਹਾਂ।' ਇਸ ਦਾ ਮਤਲਬ ਹੈ ਕਿ ਸਰਕਾਰ ਸਾਰੇ ਵਾਹਨ ਨਿਰਮਾਤਾਵਾਂ ਨੂੰ ਯੂਰੋ-ਸਿਕਸ ਐਮੀਸ਼ਨ ਨਿਯਮਾਂ ਦੇ ਤਹਿਤ ਫਲੈਕਸ-ਫਿਊਲ ਇੰਜਣ ਬਣਾਉਣ ਲਈ ਕਹੇਗੀ। ਪਰ ਕੀ ਤੁਸੀਂ ਜਾਣਦੇ ਹੋ ਕਿ ਫਲੈਕਸ-ਫਿਊਲ ਕੀ ਹੈ?
ਤੁਹਾਨੂੰ ਦੱਸ ਦੇਈਏ ਕਿ ਫਲੈਕਸ ਇੰਜਣ ਵਾਹਨਾਂ ਵਿੱਚ ਲਗਾਇਆ ਜਾਣ ਵਾਲਾ ਅਜਿਹਾ ਇੰਜਣ ਹੈ, ਜੋ 'ਫਲੈਕਸ ਫਿਊਲ' ਜਾਂ ਫਲੈਕਸੀਬਲ ਫਿਊਲ 'ਤੇ ਕੰਮ ਕਰਦਾ ਹੈ। ਫਲੈਕਸ ਫਿਊਲ ਗੈਸੋਲੀਨ ਅਤੇ ਮੀਥੇਨੌਲ ਜਾਂ ਈਥਾਨੌਲ ਦੇ ਸੁਮੇਲ ਤੋਂ ਬਣਿਆ ਇੱਕ ਵਿਕਲਪਿਕ ਫਿਊਲ ਹੈ। ਈਥਾਨੌਲ ਇੱਕ ਕਿਸਮ ਦਾ ਜੈਵਿਕ ਬਾਲਣ ਹੈ, ਜੋ ਕਿ ਗੰਨੇ, ਮੱਕੀ ਅਤੇ ਹੋਰ ਫਾਲਤੂ ਭੋਜਨ ਪਦਾਰਥਾਂ ਤੋਂ ਤਿਆਰ ਕੀਤਾ ਜਾਂਦਾ ਹੈ, ਜਿਸ ਕਾਰਨ ਪ੍ਰਦੂਸ਼ਣ ਘੱਟ ਫੈਲਦਾ ਹੈ। ਫਲੈਕਸ ਫਿਊਲ ਇੰਜਣ 2 ਇਨ 1 ਟੈਕਨਾਲੋਜੀ ਦੇ ਤਰੀਕੇ ਨਾਲ ਕੰਮ ਕਰਦਾ ਹੈ ਕਿਉਂਕਿ ਅਜਿਹੇ ਇੰਜਣ ਵਿਚ ਤੁਸੀਂ ਜਾਂ ਤਾਂ ਪੈਟਰੋਲ ਪਾ ਸਕਦੇ ਹੋ ਜਾਂ ਸਿਰਫ ਈਥਾਨੌਲ ਪਾ ਕੇ ਚਲਾ ਸਕਦੇ ਹੋ। ਫਲੈਕਸ ਫਿਊਲ ਇੰਜਣ 'ਚ ਲੋਕ ਮਿਕਸਡ ਈਥਾਨੌਲ ਜਾਂ ਸ਼ੁੱਧ ਈਥਾਨੌਲ 'ਤੇ ਵੀ ਗੱਡੀ ਚਲਾ ਸਕਦੇ ਹਨ। ਇਹ ਈਥਾਨੌਲ ਦੀ ਓਕਟੇਨ ਰੇਟਿੰਗ 'ਤੇ ਨਿਰਭਰ ਕਰਦਾ ਹੈ ਕਿਉਂਕਿ ਜਿਵੇਂ-ਜਿਵੇਂ ਈਥਾਨੋਲ ਦੀ ਸ਼ੁੱਧਤਾ ਵਧਦੀ ਹੈ, ਉਸੇ ਤਰ੍ਹਾਂ ਇਸਦੀ ਰੇਟਿੰਗ ਵੀ ਵਧਦੀ ਹੈ।
ਪੀਟੀਆਈ ਦੀ ਖ਼ਬਰ ਮੁਤਾਬਕ ਨਿਤਿਨ ਗਡਕਰੀ ਨੇ ਹਾਲ ਹੀ ਵਿੱਚ ਇੱਕ ਪ੍ਰੋਗਰਾਮ ਵਿੱਚ ਕਿਹਾ ਕਿ ਸਰਕਾਰ ਫਲੈਕਸ ਫਿਊਲ ਇੰਜਣ ਦੀ ਵਰਤੋਂ ਕਰੇਗੀ। ਇਸ ਕਰਕੇ ਇਸ ਨੂੰ ਅਗਲੇ 6 ਮਹੀਨਿਆਂ ਵਿੱਚ ਲਾਜ਼ਮੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਨਿਯਮ ਹਰ ਤਰ੍ਹਾਂ ਦੇ ਵਾਹਨਾਂ ਲਈ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਸਾਰੀਆਂ ਆਟੋ ਕੰਪਨੀਆਂ ਨੂੰ ਆਪਣੇ ਵਾਹਨਾਂ 'ਚ ਫਲੈਕਸ ਫਿਊਲ ਇੰਜਣ ਲਗਾਉਣ ਦੇ ਆਦੇਸ਼ ਦਿੱਤੇ ਜਾਣਗੇ। ਦੱਸ ਦੇਈਏ ਕਿ ਸਰਕਾਰ ਜਲਦ ਹੀ ਦਿਸ਼ਾ-ਨਿਰਦੇਸ਼ਾਂ ਦਾ ਐਲਾਨ ਕਰ ਸਕਦੀ ਹੈ ਅਤੇ ਭਵਿੱਖ ਵਿੱਚ ਕਾਰ ਨਿਰਮਾਤਾਵਾਂ ਨੂੰ ਫਲੈਕਸ ਫਿਊਲ ਇੰਜਣ ਪੇਸ਼ ਕਰਨ ਲਈ ਮਜਬੂਰ ਕਰੇਗੀ। ਜੇਕਰ ਫਲੈਕਸ ਫਿਊਲ ਇੰਜਣ ਲਾਜ਼ਮੀ ਹੋ ਜਾਂਦਾ ਹੈ ਤਾਂ ਲੋਕ ਆਪਣੇ ਵਾਹਨਾਂ ਨੂੰ ਈਥਾਨੌਲ 'ਤੇ ਵੀ ਚਲਾ ਸਕਣਗੇ। ਈਥਾਨੌਲ ਦੀ ਕੀਮਤ 65-70 ਰੁਪਏ ਪ੍ਰਤੀ ਲੀਟਰ ਹੈ, ਜਦੋਂ ਕਿ ਪੈਟਰੋਲ ਇਸ ਸਮੇਂ 100 ਰੁਪਏ ਪ੍ਰਤੀ ਲੀਟਰ ਤੋਂ ਉੱਪਰ ਹੈ। ਹਾਲਾਂਕਿ, ਗਡਕਰੀ ਨੇ ਦਾਅਵਾ ਕੀਤਾ ਹੈ ਕਿ ਸਾਰੇ ਵਾਹਨ ਨਿਰਮਾਤਾਵਾਂ ਲਈ ਫਲੈਕਸ-ਫਿਊਲ ਇੰਜਣ ਬਣਾਉਣਾ ਲਾਜ਼ਮੀ ਕਰਨ ਤੋਂ ਬਾਅਦ ਵਾਹਨਾਂ ਦੀ ਕੀਮਤ ਨਹੀਂ ਵਧੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: India, Petrol and diesel, Price hike