
ਤੇਲ ਕੀਮਤਾਂ ਵਿਚ ਮੁੜ ਵਾਧਾ; ਡੇਢ ਸਾਲ ’ਚ ਪੈਟਰੋਲ 36 ਤੇ ਡੀਜ਼ਲ 27 ਰੁਪਏ ਮਹਿੰਗਾ ਹੋਇਆ (ਸੰਕੇਤਕ ਫੋਟੋ)
Petrol-Diesel Price Today: ਤੇਲ ਕੀਮਤਾਂ ਵਿਚ ਵਾਧਾ ਜਾਰੀ ਹੈ। ਅੱਜ ਲਗਾਤਾਰ ਪੰਜਵੇਂ ਦਿਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 35-35 ਪੈਸੇ ਪ੍ਰਤੀ ਲਿਟਰ ਹੋਰ ਵਧ ਗਈਆਂ। ਇਸ ਵਾਧੇ ਨਾਲ ਪੱਛਮੀ ਬੰਗਾਲ ਵਿੱਚ ਵੀ ਡੀਜ਼ਲ ਨੇ ਸੈਂਕੜਾ ਮਾਰ ਦਿੱਤਾ ਹੈ। ਦਿੱਲੀ ਵਿੱਚ ਹੁਣ ਪੈਟਰੋਲ ਦੀ ਕੀਮਤ 107.59 ਰੁਪਏ ਪ੍ਰਤੀ ਲਿਟਰ ਤੇ ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ਵਿੱਚ 113.46 ਰੁਪਏ ਪ੍ਰਤੀ ਲਿਟਰ ਨੂੰ ਜਾ ਪੁੱਜੀ ਹੈ।
ਦਿੱਲੀ ਤੇ ਮੁੰਬਈ ਵਿੱਚ ਡੀਜ਼ਲ ਦਾ ਭਾਅ ਕ੍ਰਮਵਾਰ 104.38 ਰੁਪਏ ਤੇ 96.32 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ। 18 ਤੇ 19 ਅਕਤੂਬਰ ਨੂੰ ਤੇਲ ਕੀਮਤਾਂ ਵਿੱਚ ਕੋਈ ਫੇਰਬਦਲ ਨਾ ਹੋਣ ਮਗਰੋਂ ਪਿਛਲੇ ਪੰਜ ਦਿਨਾਂ ਤੋਂ ਤੇਲ ਕੀਮਤਾਂ ਵਿੱਚ 35-35 ਪੈਸੇ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ ਹੈ।
ਮਈ 2020 ਤੋਂ ਭਾਵ ਪਿਛਲੇ ਕਰੀਬ ਡੇਢ ਸਾਲਾਂ ਵਿਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਕ੍ਰਮਵਾਰ 36 ਰੁਪਏ ਤੇ 26.58 ਰੁਪਏ ਪ੍ਰਤੀ ਲਿਟਰ ਤੱਕ ਵਧ ਗਈਆਂ ਹਨ। ਇਨ੍ਹਾਂ ਦੋਵਾਂ ਈਂਧਣਾਂ ’ਤੇ ਲੱਗਣ ਵਾਲੇ ਟੈਕਸ ਆਪਣੇ ਸਿਖਰਲੇ ਪੱਧਰ ’ਤੇ ਹਨ।
ਦੇਸ਼ ਦੇ ਸਾਰੇ ਪ੍ਰਮੁੱਖ ਸ਼ਹਿਰਾਂ ਵਿੱਚ ਪੈਟਰੋਲ ਕੀਮਤਾਂ 100 ਰੁਪਏ ਪ੍ਰਤੀ ਲਿਟਰ ਦੇ ਅੰਕੜੇ ਨੂੰ ਟੱਪ ਚੁੱਕੀਆਂ ਹਨ ਜਦੋਂਕਿ ਦਰਜਨ ਤੋਂ ਵੱਧ ਰਾਜਾਂ ਵਿੱਚ ਡੀਜ਼ਲ ਵੀ ਸੈਂਕੜਾ ਮਾਰ ਚੁੱਕਾ ਹੈ। ਸਰਕਾਰ ਵੱਲੋਂ 5 ਮਈ 2020 ਨੂੰ ਐਕਸਾਈਜ਼ ਡਿਊਟੀ ਵਧਾਉਣ ਦੇ ਕੀਤੇ ਫੈਸਲੇ ਮਗਰੋਂ ਪੈਟਰੋਲ ਦੀ ਕੀਮਤ ਪ੍ਰਤੀ ਲਿਟਰ 35.98 ਰੁਪਏ ਪ੍ਰਤੀ ਲਿਟਰ ਤੱਕ ਵਧ ਚੁੱਕੀ ਹੈ ਜਦੋਂਕਿ ਇਸੇ ਅਰਸੇ ਦੌਰਾਨ ਡੀਜ਼ਲ ਦੇ ਭਾਅ ਵਿੱਚ 26.58 ਰੁਪਏ ਪ੍ਰਤੀ ਲਿਟਰ ਦਾ ਇਜ਼ਾਫ਼ਾ ਹੋਇਆ ਹੈ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।